
ਅੰਤਿਮ ਸਸਕਾਰ ਐਤਵਾਰ ਸਵੇਰੇ 10 ਵਜੇ ਪਿੰਡ ਠਸਕਾ ਅਲੀ ਦੇ ਸਵਰਗ ਆਸ਼ਰਮ 'ਚ ਹੋਵੇਗਾ
6 ਦਿਨ ਦੀ ਜੱਦੋਜ਼ਹਿਦ ਤੋਂ ਬਾਦ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਐਤਵਾਰ ਸਵੇਰੇ 10 ਵਜੇ ਪਿੰਡ ਠਸਕਾ ਅਲੀ ਦੇ ਸਵਰਗ ਆਸ਼ਰਮ 'ਚ ਹੋਵੇਗਾ। ਇਹ ਐਲਾਨ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਕੀਤਾ। ਉਨ੍ਹਾਂ ਦਸਿਆ ਕਿ ਸ਼ਨਿਚਰਵਾਰ ਦੇਰ ਸ਼ਾਮ ਕੁਰੂਕਸ਼ੇਤਰ ਦੇ ਡੀ.ਸੀ. ਡਾ. ਐਸ.ਐਸ. ਫੁਲੀਆ ਨੇ ਇਸ ਮਾਮਲੇ 'ਚ ਦੋਵੇਂ ਥਾਣਾ ਮੁਖੀਆਂ ਨੂੰ ਫ਼ੌਰੀ ਪ੍ਰਭਾਓ ਤੋਂ ਸੱਸਪੈਂਡ ਕਰ ਦਿੱਤਾ ਹੈ। ਇਸ ਮਾਮਲੇ 'ਚ ਦਰਜ ਐਫ.ਆਈ.ਆਰ. ਦੀ ਧਾਰਾ 302 ਨੂੰ ਬਦਲ ਕੇ ਧਾਰਾ 306 ਕਰਨ ਅਤੇ ਇਸ ਦੀ ਮੈਜਿਸ਼ਟ੍ਰੇਟ ਜਾਂਚ ਕਰਵਾਉਣ ਦੇ ਨਾਲ–ਨਾਲ ਇਹ ਕੇਸ ਕ੍ਰਾਈਮ ਬਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਏਨਾ ਹੀ ਨਹੀਂ, ਕੁਰੂਕਸ਼ੇਤਰ ਦੇ ਐਸ.ਪੀ. ਅਤੇ ਪਿਹੋਵਾ ਦੇ ਡੀ.ਐਸ.ਪੀ. ਦਾ ਵੀ ਤਬਾਦਲਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅਸਲਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ 4 ਸਿੱਖਾਂ ਖ਼ਿਲਾਫ਼ ਦਰਜ ਮਾਮਲਾ ਵੀ ਰੱਦ ਕਰਕੇ ਰਿਹਾਅ ਕੀਤਾ ਜਾਵੇਗਾ।
Bhai gurbaksh singh khalsa
ਸੰਗਤ ਵਲੋਂ ਥਾਣਾ ਇਸਮਾਈਲਾਬਾਦ ਦੇ ਪ੍ਰਭਾਰੀ ਦਿਨੇਸ਼ ਚੌਹਾਨ ਅਤੇ ਝਾਂਸਾ ਥਾਣਾ ਪ੍ਰਭਾਰੀ ਦਲੀਪ ਚੰਦ ਨੂੰ ਸਸਪੈਂਡ ਕਰਨ, ਐਸ.ਪੀ. ਅਭਿਸ਼ੇਕ ਗਰਗ, ਡੀ.ਐਸ.ਪੀ. ਪਿਹੋਵਾ ਧੀਰਜ ਕੁਮਾਰ ਨੂੰ ਤਬਦੀਲ ਕਰਨ, ਐਫ.ਆਈ.ਆਰ. ਦੀ ਧਾਰਾ 302 ਦੀ ਬਜਾਏ 306 ਕਰਨ, ਮਾਮਲੇ ਦੀ ਮੈਜਿਸ਼ਟ੍ਰੇਟ ਜਾਂਚ, ਕੇਸ ਕਰਾਈਮ ਬਰਾਂਚ ਨੂੰ ਸੌਂਪਣ ਅਤੇ ਸ਼ੁੱਕਰਵਾਰ ਨੂੰ ਅਸਲਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਵਾਸੀ 4 ਸਿੱਖਾਂ ਖ਼ਿਲਾਫ਼ ਦਰਜ ਕੇਸ ਰੱਦ ਕਰਕੇ ਉਨ੍ਹਾਂ ਨੂੰ ਰਿਹਾ ਕਰਨ ਦੀ ਮੰਗ ਰੱਖੀ। ਇਸ ਤੋਂ ਬਾਅਦ ਡੀ.ਸੀ. ਡਾ. ਐਸ.ਐਸ. ਫੁਲੀਆ ਨੇ ਦੋਵੇਂ ਥਾਣਾ ਪ੍ਰਭਾਰੀਆਂ ਨੂੰ ਸੱਸਪੈਂਡ ਕਰਨ ਦੇ ਲਿਖ਼ਤੀ ਆਦੇਸ਼ ਦੇ ਨਾਲ–ਨਾਲ ਜ਼ਿਆਤਾਤਰ ਮੰਗਾਂ 'ਤੇ ਸਹਿਮਤੀ ਜਤਾ ਦਿੱਤੀ। ਇਸ 'ਤੇ ਸੰਗਤ ਨੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਅੰਤਿਮ ਸਸਕਾਰ ਐਤਵਾਰ ਨੂੰ ਸਵੇਰੇ 10 ਵਜੇ ਕਰਨ ਦਾ ਫੈਸਲਾ ਲਿਆ।ਜ਼ਿਕਰਯੋਗ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਮੰਗਲਵਾਰ 20 ਮਾਰਚ ਨੂੰ ਪਿੰਡ 'ਚ ਹੀ ਪਾਣੀ ਦੀ ਟੰਕੀ 'ਤੇ ਚੜ੍ਹ ਕੇ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਇਸ ਦੌਰਾਨ ਮੌਕੇ 'ਤੇ ਪੁੱਜੀ ਪੁਲਿਸ ਟੀਮ ਵਲੋਂ ਦੇਰ ਸ਼ਾਮ ਉਨ੍ਹਾਂ ਨੂੰ ਜਬਰਦਸਤੀ ਉਤਾਰਣ ਦਾ ਯਤਨ ਕੀਤਾ, ਤਾਂ ਭਾਈ ਖ਼ਾਲਸਾ ਟੰਕੀ ਤੋਂ ਛਾਲ ਮਾਰਨ ਮਜਬੂਰ ਹੋ ਗਏ। ਇਸ ਤੋਂ ਬਾਅਦ ਹਸਪਤਾਲ 'ਚ ਭਾਈ ਖ਼ਾਲਸਾ ਦੀ ਮੌਤ ਹੋ ਗਈ ਅਤ ਇਹ ਖ਼ਬਰ ਮਿਲਦੇ ਹੀ ਸਿੱਖ ਸੰਗਤ 'ਚ ਰੋਸ ਵੱਧ ਗਿਆ।