
Baba Sheikh Farid ji: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਬਾ ਫ਼ਰੀਦ ਜੀ ਦੇ 112 ਸਲੋਕ ਅਤੇ 4 ਸ਼ਬਦ ਦਰਜ ਹਨ
Baba Sheikh Farid ji: ਬਾਬਾ ਸ਼ੇਖ ਫ਼ਰੀਦ ਸ਼ੱਕਰਗੰਜ਼ ਜੀ ਸੂਫ਼ੀ ਕਾਵਿ ਦੇ ਪਹਿਲੇ ਮਹਾਨ ਕਵੀ ਹੋਏ, ਜਿਨ੍ਹਾਂ ਦੁਆਰਾ ਲਿਖੀ ਹੋਈ ਰੂਹਾਨੀਅਤ ਬਾਣੀ ਸੂਫ਼ੀ ਰੰਗ ਵਿਚ ਏਨੀ ਸਰਲ ਅਤੇ ਸੌਖੀ ਲਿਖੀ ਗਈ ਕਿ ਜਿਸ ਦੀ ਸਮਝ ਆਮ ਮਨੁੱਖ ਨੂੰ ਸਹਿਜੇ ਹੀ ਆ ਜਾਂਦੀ ਹੈ। ਇਸ ਕਰ ਕੇ ਉਨ੍ਹਾਂ ਦੀ ਰਚਿਤ ਗੁਰਬਾਣੀ ਹਰ ਇਕ ਪ੍ਰਾਣੀ ਦੀ ਜ਼ੁਬਾਨ ’ਤੇ ਚੜ੍ਹੀ ਹੋਈ ਹੈ। ਸੋ ਇਸੇ ਕਰ ਕੇ ਹੀ ਜਦੋਂ ਅੱਜ ਵੀ ਬਾਬਾ ਫ਼ਰੀਦ ਜੀ ਦੇ ਸਲੋਕ ਤੇ ਸ਼ਬਦਾਂ ਨੂੰ ਪੜ੍ਹਦੇ-ਸੁਣਦੇ ਹਾਂ ਤਾਂ ਇਨ੍ਹਾਂ ਨੂੰ ਪੜ੍ਹਨ ਤੇ ਸਮਝਣ ’ਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਤੇ ਉਨ੍ਹਾਂ ਦੇ ਲਿਖੇ ਸਲੋਕਾਂ ਦੇ ਅਰਥ ਅਪਣੇ ਆਪ ਹੀ ਮਨੁੱਖ ਨੂੰ ਸਮਝ ਆ ਜਾਂਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਬਾ ਫ਼ਰੀਦ ਜੀ ਦੇ 112 ਸਲੋਕ ਅਤੇ 4 ਸ਼ਬਦ ਦਰਜ ਹਨ। ਉਨ੍ਹਾਂ ਦੀ ਬਾਣੀ ਹਮੇਸ਼ਾ ਹੀ ਮਨੁੱਖ ਨੂੰ ਕਰਮ-ਕਾਂਡਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੀ ਹੈ। ਉਹ ਭਗਤਾਂ ਨੂੰ ਉਪਦੇਸ਼ ਕਰਦਿਆਂ ਕਹਿੰਦੇ ਸਨ ਕਿ ਪ੍ਰਮਾਤਮਾ ਨੂੰ ਭਾਲਣ ਲਈ ਘਰ ਬਾਰ ਛੱਡ ਕੇ ਜੰਗਲਾਂ, ਪਹਾੜਾਂ, ਉਜਾੜਾਂ ਵਿਚ ਭਟਕਣ ਦੀ ਲੋੜ ਨਹੀਂ ਬਲਕਿ ਪ੍ਰਮਾਤਮਾ ਤਾਂ ਤੁਹਾਡੇ ਹਿਰਦੇ ’ਚ ਵਸਦਾ ਹੈ, ਬਸ ਲੋੜ ਹੈ ਉਸ ਨੂੰ ਸਾਧਣ ਦੀ।
‘‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ
ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥”
ਉਨ੍ਹਾਂ ਨੇ ਇਹ ਉਪਦੇਸ਼ ਦੇਣ ਤੋਂ ਪਹਿਲਾਂ ਇਸ ਦਾ ਸਿੱਟਾ ਕਢਿਆ ਸੀ ਕਿ ਪ੍ਰਮਾਤਮਾ ਮਨੁੱਖ ਦੇ ਹਿਰਦੇ ’ਚ ਵਸਦਾ ਹੈ ਕਿਉਂਕਿ ਪਹਿਲਾਂ ਉਹ ਆਪ ਵੀ ਜੰਗਲਾਂ ’ਚ ਰਹਿ ਕੇ ਭਗਤੀ ਕਰਦੇ ਸਨ।
ਇਤਿਹਾਸਕਾਰ ਦਸਦੇ ਹਨ ਕਿ ਬਾਬਾ ਫ਼ਰੀਦ ਜੀ ਜਦੋਂ ਜੰਗਲਾਂ ਵਿਚ ਭਗਤੀ ਕਰ ਵਾਪਸ ਆ ਰਹੇ ਸਨ ਤਾਂ ਉਹ ਇਕ ਥਾਂ ਆਰਾਮ ਕਰਨ ਲਈ ਰੁਕੇ। ਉੱਥੇ ਚਿੜੀਆਂ ਰੌਲਾ ਪਾ ਰਹੀਆਂ ਸਨ ਤੇ ਬਾਬਾ ਫ਼ਰੀਦ ਜੀ ਦੀ ਨੀਂਦ ’ਚ ਵਿਘਨ ਪਾ ਰਹੀਆਂ ਸਨ। ਬਾਬਾ ਫ਼ਰੀਦ ਜੀ ਨੇ ਸੁੱਤੇ ਸਿੱਧ ਕਹਿ ਦਿਤਾ ਕਿ, ‘ਮਰ ਜਾਵੋ ਚਿੜੀਉ’ ਤਾਂ ਉਸੇ ਸਮੇਂ ਸਾਰੀਆਂ ਚਿੜੀਆਂ ਮਰ ਗਈਆਂ ਸਨ। ਬਾਬਾ ਜੀ ਨੂੰ ਬੜਾ ਅਫ਼ਸੋਸ ਹੋਇਆ ਤੇ ਕਿਹਾ ਕਿ, ‘ਜੀ ਪਵੋ ਚਿੜੀਉ’ ਤਾਂ ਚਿੜੀਆਂ ਇਕਦਮ ਉੱਠ ਕੇ ਚਹਿਕਣ ਲੱਗ ਪਈਆਂ। ਬਾਬਾ ਜੀ ਅਪਣੇ ਰਸਤੇ ਅੱਗੇ ਚੱਲ ਪਏ ਤਾਂ ਉਨ੍ਹਾਂ ਦਾ ਪਿਆਸ ਨਾਲ ਬੁਰਾ ਹਾਲ ਹੋਣ ਲੱਗਾ। ਉਨ੍ਹਾਂ ਨੂੰ ਇਕ ਖੂਹ ਨਜ਼ਰ ਆਇਆ ਤਾਂ ਬਾਬਾ ਜੀ ਉਸ ਖੂਹ ਕੋਲ ਚਲੇ ਗਏ ਜਿੱਥੇ ਕਿ ਇਕ ਔਰਤ ਖੂਹ ’ਚ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਡੋਲ੍ਹ ਰਹੀ ਸੀ। ਬਾਬਾ ਜੀ ਨੇ ਉਸ ਔਰਤ ਨੂੰ ਪਾਣੀ ਪਿਲਾਉਣ ਲਈ ਕਿਹਾ ਤਾਂ ਉਹ ਬਾਬਾ ਜੀ ਦੀ ਗੱਲ ਅਣਸੁਣੀ ਕਰ ਪਾਣੀ ਡੋਲ੍ਹਣ ਵਿਚ ਮਸਤ ਰਹੀ ਤਾਂ ਬਾਬਾ ਜੀ ਨੇ ਫਿਰ ਅਰਜ਼ ਕੀਤੀ ਤਾਂ ਉਸ ਨੇ ਬਾਬਾ ਜੀ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, ‘‘ਮੈਂ ਕੋਈ ਚਿੜੀ ਨਹੀਂ ਜਿਹੜੀ ਤੇਰੇ ਸਰਾਪ ਤੋਂ ਡਰ ਜਾਵਾਂਗੀ।
ਮੇਰੀ ਸਕੀ ਭੈਣ ਦੇ ਘਰ ਅੱਗ ਲੱਗੀ ਹੋਈ ਹੈ, ਪਹਿਲਾਂ ਮੈਂ ਉਸ ਨੂੰ ਬੁਝਾ ਲਵਾਂ ਫਿਰ ਮੈਂ ਤੇਰੀ ਪਿਆਸ ਬੁਝਾ ਦੇਵਾਂਗੀ।’’ ਤਾਂ ਬਾਬਾ ਜੀ ਮਨ ਵਿਚ ਬੜੇ ਹੀ ਹੈਰਾਨ ਹੋਏ ਕਿ ਇਸ ਨੂੰ ਕਿਵੇਂ ਪਤਾ ਚੱਲ ਗਿਆ। ਬੀਬੀ, ਫ਼ਰੀਦ ਜੀ ਨੂੰ ਵੇਖ ਕੇ ਬੋਲੀ ਕਿ ਜੰਗਲਾਂ ’ਚ ਰਹਿ ਕੇ ਭਗਤੀ ਨਹੀਂ ਹੁੰਦੀ, ਜੇ ਭਗਤੀ ਕਰਨੀ ਹੀ ਹੈ ਤਾਂ ਘਰ ਵਿਚ ਰਹਿ ਕੇ ਕਰ। ਬਾਬਾ ਜੀ ਨੇ ਪੁਛਿਆ ਕਿ ਤੁਹਾਡੇ ਰੂਹਾਨੀਅਤ ਦੇ ਗੁਰੂ ਕੌਣ ਹਨ ਤਾਂ ਬੀਬੀ ਬੋਲੀ ਕਿ ਮੇਰੇ ਪਤੀ ਹੀ ਮੇਰੇ ਰੂਹਾਨੀਅਤ ਦੇ ਗੁਰੂ ਹਨ। ਹਰ ਇਕ ਇਤਿਹਾਸਕਾਰ ਨੇ ਬਾਬਾ ਜੀ ਦੇ ਜੀਵਨ ਸਬੰਧੀ ਵੱਖ-ਵੱਖ ਲਿਖਿਆ ਹੈ। ਕੱੁਝ ਕਹਿੰਦੇ ਹਨ ਕਿ ਉਨ੍ਹਾਂ ਨੇ ਬਾਅਦ ਵਿਚ ਗੁਰੂ ਧਾਰਨ ਕੀਤਾ ਤੇ ਘਰ ਵਿਚ ਹੀ ਭਗਤੀ ਕੀਤੀ। ਕੱੁਝ ਕਹਿੰਦੇ ਹਨ ਕਿ ਇਨ੍ਹਾਂ ਨੇ ਪਹਿਲਾਂ ਹੀ ਅਪਣਾ ਗੁਰੂ ਹਜ਼ਰਤ ਕੁਤਬਦੀਨ ਬਖ਼ਤਿਆਰ ਕਾਕੀ ਜੀ ਨੂੰ ਧਾਰਨ ਕੀਤਾ ਹੋਇਆ ਸੀ। ਬਾਬਾ ਫ਼ਰੀਦ ਜੀ ਨੇ ਹਮੇਸ਼ਾ ਨਿਰਮਤਾ ਦਾ ਹੀ ਸੰਦੇਸ਼ ਜਿਵੇਂ :
‘‘ਫਰੀਦਾ ਜੋ ਤੈ ਮਾਰਨਿ ਮੁਕੀਆਂ,
ਤਿਨ੍ਰਾ ਨਾ ਮਾਰੇ ਘੁੰਮਿ
ਆਪਨੜੈ ਘਰਿ ਜਾਈਐ ਪੈਰ ਤਿਨ੍ਰਾ ਦੇ ਚੁੰਮਿ॥”
ਬਾਬਾ ਫ਼ਰੀਦ ਜੀ ਪ੍ਰਭੂ ਪ੍ਰਮਾਤਮਾ ਦੀ ਭਗਤੀ ਨੂੰ ਉਹ ਸਭ ਰਸਾਂ ਤੋਂ ਉਪਰਲੇ ਰਸਾਂ ਵਿਚੋਂ ਇਕ ਗਿਣਦੇ ਹੋਏ ਕਹਿੰਦੇ ਹਨ, ਸ਼ਹਿਦ, ਸ਼ੱਕਰ, ਖੰਡ ਬਹੁਤ ਜ਼ਿਆਦਾ ਮਿੱਠੇ ਹੁੰਦੇ ਹਨ ਪਰ ਪ੍ਰਮਾਤਮਾ ਦੇ ਨਾਮ ਦਾ ਰਸ ਇਸ ਦੁਨਿਆਵੀ ਪਦਾਰਥਾਂ ਤੋਂ ਕਿਤੇ ਜ਼ਿਆਦਾ ਮਿੱਠਾ ਹੈ।
‘‘ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ॥’’
ਉਨ੍ਹਾਂ ਨੇ ਦੁਨੀਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇ ਤੁਸੀਂ ਦੋਹਾਂ ਜਹਾਨਾਂ ਦੇ ਸੁੱਖ ਮਾਣਨਾ ਚਾਹੁੰਦੇ ਹੋ ਤਾਂ ਅੱਲ੍ਹਾ ਦੀ ਬੰਦਗੀ ਹਰ ਰੋਜ਼ ਕਰਿਆ ਕਰੋ। ਜਿਹੜੇ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੇ, ਉਹ ਮੁਰਦਿਆਂ ਸਮਾਨ ਹੁੰਦੇ ਹਨ ਤੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਮਾਲਕ ਦੇ ਪਿਆਰੇ ਹੁੰਦੇ ਹਨ। ਉਹ ਫ਼ੁਰਮਾਉਂਦੇ ਹਨ ਕਿ ਰਾਤ ਵੇਲਾ ਭਾਵ ਰਾਤ ਦਾ ਪਿਛਲਾ ਪਹਿਰ, ਅੰਮ੍ਰਿਤ ਵੇਲਾ ਪ੍ਰਮਾਤਮਾ ਦੀ ਭਗਤੀ ਕਰਨ ਲਈ ਸਭ ਤੋਂ ਵਧੀਆ ਵਕਤ ਹੈ। ਇਸ ਸਮੇਂ ਪ੍ਰਮਾਤਮਾ ਅਪਣੇ ਭਗਤਾਂ ਨੂੰ ਕਸਤੂਰੀ ਵੰਡ ਰਿਹਾ ਹੁੰਦਾ ਹੈ ਤੇ ਜਿਹੜੇ ਪ੍ਰਾਣੀ ਅੱਲਾ ਦੀ ਬੰਦਗੀ, ਇਬਾਦਤ ਨਹੀਂ ਕਰਦੇ, ਉਹ ਸੁੱਤੇ ਹੀ ਰਹਿ ਜਾਂਦੇ ਹਨ ਤੇ ਉਨ੍ਹਾਂ ਨੂੰ ਇਹ ਕਸਤੂਰੀ ਨਹੀਂ ਮਿਲਦੀ ਹੈ।
‘‘ਫਰੀਦਾ ਪਿਛਲ ਰਾਤਿ ਨ ਜਾਗਿਓਹਿ
ਜੀਵਦੜੋ ਮੁਇਓਹਿ॥
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥’’
ਬਾਬਾ ਫ਼ਰੀਦ ਜੀ ਨੇ ਅਪਣੀ ਬਾਣੀ ਵਿਚ ਹਮੇਸ਼ਾ ਨਿਮਰਤਾ ਨਾਲ ਰਹਿਣ ਦਾ ਢੰਗ ਦਸਿਆ ਹੈ ਕਿ ਰੱਬ ਨੂੰ ਪਾਉਣ ਲਈ ਕੋਈ ਹੁਸ਼ਿਆਰੀ, ਝੂਠ ਫਰੇਬ ਨਹੀਂ ਚਲਦਾ, ਇਥੇ ਤਾਂ ਅਪਣੀ ਸ਼ਾਨ ਨੂੰ ਮਿੱਟੀ ਵਿਚ ਮਿਲਾਉਣਾ ਪੈਂਦਾ ਹੈ। ਉਹ ਭਗਤਾਂ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਤੂੰ ਚਤਰ ਸਿਆਣਾ ਹੈ ਤਾਂ ਕਦੇ ਅਪਣੇ ਅੰਦਰ ਵੀ ਝਾਤੀ ਮਾਰ ਕੇ ਵੇਖ ਕਿ ਤੂੰ ਕੀ ਕਰ ਰਿਹਾ ਹੈਂ। ਦੁਨਿਆਵੀ ਪਦਾਰਥਾਂ ’ਚ ਲੁਪਤ ਹੋ ਕੇ ਤੇ ਪ੍ਰਮਾਤਮਾ ਨੂੰ ਵਿਸਾਰ ਕੇ ਕਿੰਨਾ ਨੁਕਸਾਨ ਕਰ ਰਿਹੈ:
‘‘ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ।
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥’’
ਉਨ੍ਹਾਂ ਨੇ ਅਪਣੇ ਭਗਤਾਂ ਨੂੰ ਹਮੇਸ਼ਾ ਅੱਲ੍ਹਾ ਦੀ ਬੰਦਗੀ ਕਰਦਿਆਂ, ਨੀਵਾਂ ਹੋ ਕੇ ਜਿਊਣ ਦਾ ਰਸਤਾ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਇਸ ਸੰਸਾਰ ’ਚ ਆਉਂਦੇ ਹਨ, ਉਹ ਜੇ ਨਿਮਰਤਾ ਨਾਲ ਰਹਿੰਦੇ ਹਨ ਤਾਂ ਕੱੁਝ ਖੱਟ ਕੇ ਚਲੇ ਜਾਂਦੇ ਹਨ ਤੇ ਜਿਹੜੇ ਮਨੁੱਖ ਆਕੜ ’ਚ ਰਹਿੰਦੇ ਹਨ, ਉਹ ਦੁਨੀਆਂ ਤੋਂ ਸਭ ਕੁੱਝ ਗਵਾ ਕੇ ਤੁਰ ਜਾਂਦੇ ਹਨ। ਉਨ੍ਹਾਂ ਨੂੰ ਇੱਥੇ ਵੀ ਧੱਕੇ ਪੈਂਦੇ ਨੇ ਅਤੇ ਅੱਗੇ ਦਰਗਾਹ ’ਚ ਵੀ ਧੱਕ ਹੀ ਪੈਂਦੇ ਹਨ। ਉਹ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਤੁਹਾਨੂੰ ਕੌੜੇ ਬੋਲ ਬੋਲਦਾ ਹੈ ਤਾਂ ਉਸ ਮਨੁੱਖ ਦਾ ਗੁੱਸਾ ਨਾ ਕਰੋ ਤੇ ਅੱਗਿਉਂ ਉਸ ਮਨੁੱਖ ਨਾਲ ਪ੍ਰੇਮ ਪਿਆਰ ਨਾਲ ਪੇਸ਼ ਆਉ :
‘‘ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।।
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥”
ਸੋ, ਬਾਬਾ ਜੀ ਨੇ ਅਪਣੀ ਬਾਣੀ ਵਿਚ ਹਮੇਸ਼ਾ ਹੀ ਅਪਣੇ ਸੇਵਕਾਂ ਦੇ ਨਿਮਰਤਾ, ਪ੍ਰਭੂ (ਅੱਲ੍ਹਾ) ਭਗਤੀ ਦੇ ਗਹਿਣੇ ਪਹਿਨਾਏ ਸਨ। ਉਨ੍ਹਾਂ ਨੇ ਦੁਨੀਆਂ ਨੂੰ ਸੱਚ ਦਾ ਰਾਹ ਦਿਖਾਉਣ ਲਈ ਚਾਰੇ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ ਸਨ। ਆਪ ਜੀ ਦਿੱਲੀ ਤੋਂ ਪਾਕਿ ਪਟਨ ਜਾਂਦਿਆਂ ਮੋਕੁਲਹਰ (ਫ਼ਰੀਦਕੋਟ) ਵਿਖੇ 23 ਸਤੰਬਰ 1215 ਨੂੰ ਪਹੁੰਚੇ ਸਨ ਤਾਂ ਉੱਥੋਂ ਮੋਕੁਲਹਰ ਦਾ ਰਾਜਾ ਮੋਕਲਸੀ ਕਿਲੇ੍ਹ ਦੀ ਉਸਾਰੀ ਕਰਵਾ ਰਿਹਾ ਸੀ। ਰਾਜੇ ਨੇ ਕਈਆਂ ਨੂੰ ਵੰਗਾਰ ਵਿਚ ਫੜ ਕੇ ਲਾਇਆ ਹੋਇਆ ਸੀ। ਉਨ੍ਹਾਂ ਨੇ ਬਾਬਾ ਫ਼ਰੀਦ ਜੀ ਨੂੰ ਵੀ ਇਕ ਆਮ ਇਨਸਾਨ ਸਮਝਦਿਆਂ, ਜ਼ਬਰਦਸਤੀ ਫੜ ਕੇ ਵੰਗਾਰ ਵਿਚ ਲਾ ਲਿਆ। ਉੱਥੇ ਮੌਜੂਦ ਲੋਕਾਂ ਨੇ ਜਦੋਂ ਵੇਖਿਆ ਕਿ ਬਾਬਾ ਜੀ ਦੇ ਸਿਰ ’ਤੇ ਟੋਕਰੀ ਨਹੀਂ ਟਿਕ ਰਹੀ। (ਇੱਥੇ ਇਤਿਹਾਸਕਾਰ ਦਸਦੇ ਹਨ ਕਿ ਉਹ ਗਾਰੇ ਵਾਲੀ ਟੋਕਰੀ ਬਾਬਾ ਜੀ ਦੇ ਸਿਰ ਤੋਂ ਸਵਾ ਹੱਥ ਉੱਚੀ ਹਵਾ ਵਿਚ ਤੈਰ ਰਹੀ ਸੀ। ਜਦੋਂ ਇਸ ਗੱਲ ਦਾ ਰਾਜਾ ਮੋਕਲਸੀ ਨੂੰ ਪਤਾ ਲੱਗਾ ਤਾਂ ਉਸ ਅਪਣੀ ਭੁੱਲ ਬਖ਼ਸ਼ਾਈ ਤਾਂ ਬਾਬਾ ਜੀ ਨੇ ਇਸ ਨੂੰ ਮੁਆਫ਼ ਕਰਦਿਆਂ ਕਿਹਾ ਕਿ ਜਬਰ ਜ਼ੁਲਮ ਨਾ ਕਰ, ਹਰ ਪ੍ਰਾਣੀ ’ਚ ਅੱਲ੍ਹਾ ਦਾ ਵਾਸਾ ਹੈ। ਇਨ੍ਹਾਂ ਮਜ਼ਦੂਰਾਂ ਨੂੰ ਮਜ਼ਦੂਰੀ ਬਦਲੇ ਮਿਹਨਤਾਨਾ ਦੇ। ਰਾਜਾ ਮੋਕਲਹਰ ਨੇ ਸਭ ਨੂੰ ਵੰਗਾਰ ਤੋਂ ਮੁਕਤ ਕਰ ਦਿਤਾ।
ਉਸ ਸਮੇਂ ਇਹ ਸ਼ਹਿਰ ਵਧਦਾ ਫੁਲਦਾ ਨਹੀਂ ਸੀ ਕਿਉਂਕਿ ਉਸ ਸਮੇਂ ਸਤਲੁਜ ਦਰਿਆ ਮੋਕਲਹਰ ਦੇ ਲਹਿੰਦੇ ਉੱਤਰ ਵਲ ਵਗਦਾ ਸੀ ਤੇ ਚੋਰ ਧਾੜਵੀ ਆ ਕੇ ਇਸ ਨੂੰ ਲੁੱਟ ਲੈਂਦੇ ਸਨ। ਬਾਬਾ ਜੀ ਨੇ ਕਿਹਾ ਕਿ ਤੁਸੀਂ ਸ਼ਹਿਰ ਦਾ ਨਾਮ ਬਦਲ ਦਿਉ ਤਾਂ ਰਾਜਾ ਮੋਕਲਸੀ ਨੇ ਝੱਟ ਮੋਕਲਹਰ ਤੋਂ ਸ਼ਹਿਰ ਦਾ ਨਾਮ ਬਦਲ ਕੇ ਸ਼ੇਖ ਫ਼ਰੀਦ ਜੀ ਦੇ ਨਾਮ ’ਤੇ ਫ਼ਰੀਦਕੋਟ ਰੱਖ ਦਿਤਾ। ਬਾਬਾ ਜੀ ਨੇ ਰਾਜੇ ਦੀ ਸੇਵਾ ਭਾਵਨਾ ਤੋਂ ਖ਼ੁਸ਼ ਹੁੰਦਿਆਂ ਸ਼ਹਿਰ ਨੂੰ ਅਨੇਕ ਵਰਦਾਨ ਦਿਤੇ। ਸੋ, ਅੱਜ ਬਾਬਾ ਫ਼ਰੀਦ ਜੀ ਦੀ ਵਰੋਸਾਈ ਹੋਈ ਨਗਰੀ ਫ਼ਰੀਦਕੋਟ ਦਾ ਨਾਮ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਜੇ ਵਿਸ਼ਵ ਵਿਚ ਕਿਤੇ ਕੋਈ ਗੱਲ ਹੁੰਦੀ ਹੈ ਤਾਂ ਬਾਬਾ ਫ਼ਰੀਦ ਜੀ ਦੀ ਨਗਰੀ ਫ਼ਰੀਦਕੋਟ ਦਾ ਜ਼ਿਕਰ ਜ਼ਰੂਰ ਹੁੰਦਾ ਹੈ।
ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਤੇ ਪੰਜਾਬ ਸਰਕਾਰ ਵਲੋਂ ਪੁਰਾਤੱਤਵ ਵਿਰਾਸਤ ਤੇ ਸਭਿਆਚਾਰਕ ਵਿਭਾਗ ਦੇ ਸਹਿਯੋਗ ਨਾਲ ਬੜਾ ਹੀ ਵੱਡਾ 5 ਦਿਨਾਂ ਤਕ ਚੱਲਣ ਵਾਲਾ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿਚ ਕਲਾ ਦੇ ਸਭ ਰੰਗ ਹੀ ਦੇਖਣ ਨੂੰ ਮਿਲਦੇ ਹਨ। ਇਸ ਮੇਲੇ ’ਚ ਸੂਫ਼ੀ ਕੱਵਾਲੀਆਂ, ਕਵੀ ਦਰਬਾਰ, ਪੇਂਡੂ ਖੇਡ ਮੇਲਾ, ਸਭਿਆਚਾਰਕ ਮੇਲਾ, ਕੁਸ਼ਤੀਆਂ, ਕਬੱਡੀ, ਬਾਸਕਿਟਬਾਲ, ਹਾਕੀ ਤੇ ਕਬੱਡੀ ਆਦਿ ਖੇਡਾਂ ਆਲ ਇੰਡੀਆ ਗੋਲਡ ਕੱਪ ਦੇ ਨਾਮ ’ਤੇ ਕਰਵਾਈਆਂ ਜਾਂਦੀਆਂ ਹਨ। ਬਾਬਾ ਫ਼ਰੀਦ ਵਿਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਮੇਲਾ ਵਿਸ਼ਵ ਵਿਚ ਅਪਣੀ ਇਕ ਅਲੱਗ ਪਹਿਚਾਣ ਬਣਾ ਚੁੱਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮੇਲਾ ਕੋਈ ਇਕ ਫ਼ਿਰਕੇ ਦਾ ਨਹੀਂ ਸਗੋਂ ਸਭ ਧਰਮਾਂ ਦਾ ਸਾਂਝਾ ਮੇਲਾ ਹੈ। ਵਿਦੇਸ਼ਾਂ ਵਿਚੋਂ ਵੀ ਸੰਗਤਾਂ ਇਥੇ ਹੰੁਮ-ਹੁੰਮਾ ਕੇ ਪਹੁੰਚਦੀਆਂ ਹਨ।