
Panthak News: ਵੋਟਰ ਸੂਚੀ ’ਚ ਹੇਰਾਫੇਰੀ ਅਤੇ ਮੈਂਬਰਾਂ ਦੇ ਨਾਂ ਹਟਾ ਕੇ 500 ਨਵੇਂ ਨਾਂ ਸ਼ਾਮਲ ਕਰਨ ਦੇ ਦੋਸ਼
Panthak News: ਇੰਦੌਰ ਵਿਚ ਗੁਰਦੁਆਰਾ ਚੋਣਾਂ ਨੂੰ ਲੈ ਕੇ ਵਿਵਾਦ ਇਕ ਵਾਰ ਫਿਰ ਡੂੰਘਾ ਹੋ ਗਿਆ ਹੈ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਵੋਟਰ ਸੂਚੀ ’ਚ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਨੇ ਜ਼ਿਲ੍ਹਾ ਕੁਲੈਕਟਰ ਸਾਹਮਣੇ ਵੋਟਰ ਸੂਚੀ ’ਚ ਹੇਰਾਫੇਰੀ ਕਰਨ ਅਤੇ ਮੈਂਬਰਾਂ ਦੇ ਨਾਮ ਹਟਾ ਕੇ 500 ਨਵੇਂ ਨਾਮ ਸ਼ਾਮਲ ਕਰਨ ਦਾ ਦੋਸ਼ ਲਗਾ ਕੇ ਚੋਣ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਗੁਰੂਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੀ ਇੰਦੌਰ ਬ੍ਰਾਂਚ ਦੀ ਚੋਣ 6 ਅਕਤੂਬਰ ਨੂੰ ਹੋਣੀ ਹੈ, ਜਿਸ ਲਈ ਚੋਣ ਅਧਿਕਾਰੀ ਦੀ ਨਿਯੁਕਤੀ ਦੇ ਨਾਲ-ਨਾਲ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੀ ਦਾਖਲ ਕੀਤੇ ਗਏ ਹਨ। ਇਸ ਦੇ ਨਾਲ ਹੀ ਵੋਟਰ ਸੂਚੀ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ।
ਸੰਸਥਾ ਦੇ ਲੰਮੇ ਸਮੇਂ ਤੋਂ ਪ੍ਰਧਾਨ ਰਹੇ ਮਨਜੀਤ ਰਿੰਕੂ ਭਾਟੀਆ ਇਸ ਵਾਰ ਵੀ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਹਨ, ਜਿਨ੍ਹਾਂ ਨੇ ਸੁਸਾਇਟੀ ਦੇ ਸੀਨੀਅਰ ਮੈਂਬਰਾਂ ਨਾਲ ਮੰਗਲਵਾਰ ਨੂੰ ਕੁਲੈਕਟਰ ਆਸ਼ੀਸ਼ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਮੇਟੀ ’ਤੇ ਚੋਣਾਂ ’ਚ ਵੋਟਰ ਸੂਚੀ ’ਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਉਨ੍ਹਾਂ ਨੇ ਸਾਰੇ ਸਾਢੇ ਅੱਠ ਹਜ਼ਾਰ ਵੋਟਰਾਂ ਦੀ ਸੂਚੀ ਵੀ ਕੁਲੈਕਟਰ ਨੂੰ ਸੌਂਪੀ।
ਉਨ੍ਹਾਂ ਦੋਸ਼ ਲਾਇਆ ਕਿ ਚੋਣ ਅਧਿਕਾਰੀਆਂ ਨੂੰ ਜਾਂਚ ਤੋਂ ਬਾਅਦ ਸੰਸਥਾ ਵਲੋਂ ਮੈਂਬਰਾਂ ਦੀ ਸੂਚੀ ਦਿਤੀ ਗਈ ਸੀ। ਪਰ ਦਾਅਵਿਆਂ ਤੋਂ ਬਾਅਦ ਪ੍ਰਕਾਸ਼ਿਤ ਸੂਚੀ ’ਚ ਬੁਰਹਾਨਪੁਰ, ਧਾਰ ਅਤੇ ਚੰਡੀਗੜ੍ਹ ਦੇ ਲੋਕਾਂ ਦੇ ਨਾਮ ਸ਼ਾਮਲ ਸਨ, ਜੋ ਸੰਗਠਨ ਦੇ ਮੈਂਬਰ ਵੀ ਨਹੀਂ ਹਨ, ਉਨ੍ਹਾਂ ਨੇ ਸੂਚੀ ਨੂੰ ਠੀਕ ਕਰਨ ਲਈ ਕੁਲੈਕਟਰ ਦੇ ਦਖ਼ਲ ਦੀ ਮੰਗ ਕੀਤੀ ਹੈ।