
Panthak News: ਕਿਹਾ- ਮੁੜ ਸੇਵਾ ਸੰਭਾਲਣ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਜਲਦ ਕਰਾਂਗਾ ਮੁਲਾਕਾਤ
Panthak News: ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਉੱਤੇ ਪੰਜਾਬ ਦੇ ਇੱਕ ਸ਼ਰਧਾਲੂ ਵਲੋਂ ਪਿਛਲੇ ਸਮਿਆਂ ਵਿੱਚ ਤਖ਼ਤ ਸਾਹਿਬ ਵਿਖੇ ਸੋਨੇ ਦੀ ਕਲਗੀ, ਬੇਸ਼ਕੀਮਤੀ ਹਾਰ ਤੇ ਸੋਨੇ ਦੀ ਸਿਰੀ ਸਾਹਿਬ ਦੇ ਚੜਾਵੇ ਨੂੰ ਲੈ ਕੇ ਉਹਨਾਂ ਉੱਤੇ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ (ਹੁਣ ਸਵ) ਵਲੋਂ ਸੰਨ੍ਹ 2022 ਵਿੱਚ ਗਠਿਤ ਕੀਤੀ ਗਈ ਉੱਚ ਪੱਧਰੀ ਜਾਂਚ ਕਮੇਟੀ ਵਲੋਂ ਭਾਵੇ ਜਥੇਦਾਰ ਗੌਹਰ-ਏ-ਮਸਕੀਨ ਨੂੰ ਕਰੀਬ ਸਵਾ ਸਾਲ ਪਹਿਲਾਂ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਸੀ, ਪਰ ਉਨ੍ਹਾਂ ਦੇ ਪਹਿਲਾਂ ਵਾਂਗ ਮੁੜ ਜਥੇਦਾਰ ਵਜੋਂ ਸੇਵਾ ਸੰਭਾਲਣ ਦਾ ਮਾਮਲਾ ਰਅਰਜੇ ਤਕ ਠੰਡੇ ਬਸਤੇ ਵਿੱਚ ਹੀ ਪਿਆ ਹੈ।
ਗਿਆਨੀ ਗੌਹਰ-ਏ-ਮਸਕੀਨ ਨੇ ਫੋਨ ਉੱਤੇ ਸੰਪਰਕ ਕੀਤੇ ਜਾਣ ਉੱਤੇ ਉਕਤ ਜਾਂਚ ਰਿਪੋਰਟ ਵਿੱਚ ਉਹਨਾਂ ਨੂੰ ਨਿਰਦੇਸ਼ ਕਰਾਰ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਜਾਂਚ ਜੋ ਜਸਟਿਸ ਰਣਜੀਤ ਸਿੰਘ ਸੋਢੀ ਦੀ ਅਗਵਾਈ ਵਿਚ ਹੋਈ ਸੀ, ਉਸ ਦੀ ਰਿਪੋਰਟ ਵਿੱਚ ਉਹ ਪੂਰੀ ਤਰ੍ਹਾਂ ਬੇਕਸੂਰ ਸਿੱਧ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਇਸ ਜਾਂਚ ਰਿਪੋਰਟ ਨੂੰ ਪ੍ਰਬੰਧਕੀ ਕਮੇਟੀ ਨੇ ਕਰੀਬ ਸਵਾ ਸਾਲ ਜਨਤਕ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਕੁੱਝ ਦਿਨ ਪਹਿਲਾਂ ਹੀ ਇਹ ਜਾਂਚ ਰਿਪੋਰਟ ਪ੍ਰਾਪਤ ਹੋਈ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਜਾਂਚ ਰਿਪੋਰਟ ਵਿਚ ਬੇਕਸੂਰ ਸਾਬਿਤ ਹੋਣ ਬਾਅਦ ਇਹ ਜਾਂਚ ਰਿਪੋਰਟ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਜਲਦ ਮੁਲਾਕਾਤ ਕਰਕੇ ਇਹ ਮਾਮਲਾ ਉਠਾਉਣਗੇ ਕਿ ਬੇਕਸੂਰ ਸਾਬਤ ਹੋਣ ਬਾਅਦ ਉਨ੍ਹਾਂ ਦੀਆਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਥੇਦਾਰ ਵਜੋਂ ਸੇਵਾਵਾਂ ਮੁੜ ਬਹਾਲ ਕੀਤੀਆਂ ਜਾਣ।
ਇਸੇ ਦੌਰਾਨ ਜਦੋਂ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਜਾਂਚ ਰਿਪੋਰਟ ਮਿਲਣ ਜਾਂ ਨਾ ਮਿਲਣ ਸਬੰਧੀ ਕੱਲ੍ਹ ਨੂੰ ਹੀ ਕੁਝ ਦੱਸ ਸਕਣਗੇ।