ਇਹ ਕਿਤਾਬ ਗੁਰਮੀਤ ਕੌਰ ਨਾਂ ਦੀ ਲੇਖਿਕਾ ਵਲੋਂ ਲਿਖੀ ਗਈ ਹੈ ਜੋ ਬੱਚਿਆਂ ਲਈ ਲਿਖਦੀ ਹੈ ਤੇ ਕਹਾਣੀਕਾਰ ਵੀ ਹੈ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਸੰਤਾਪ ਦੇ ਕਾਲੇ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਪੁਲਿਸ ਵਲੋਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸ਼ਮਸ਼ਾਨ ਘਾਟਾਂ ਵਿਚ ਸਾੜੇ ਲਾਪਤਾ ਧੀਆਂ ਪੁੱਤਾਂ ਦੀ ਭਾਲ ਕਰਦਿਆਂ ਪੁਲਿਸੀਆ ਜਬਰ ਦਾ ਖ਼ੁਦ ਸ਼ਿਕਾਰ ਹੋ ਕੇ ਸਰਕਾਰੀ ਅਤਿਵਾਦ ਕਾਰਨ ਮਾਰੇ ਗਏ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸਿੱਖ ਸੰਘਰਸ਼ ਨੂੰ ਦਰਸਾਉਂਦੀ ਕਿਤਾਬ ਜਾਰੀ ਕੀਤੀ ਗਈ।
ਖਾਲੜਾ ਬਾਰੇ ਇਸ ਤਰ੍ਹਾਂ ਦੀ ਇਹ ਪਹਿਲੀ ਕਿਤਾਬ ਹੈ, ਜੋ ਕਿ ਭਾਵੇਂ ਬੱਚਿਆਂ ਨੂੰ ਪੜ੍ਹਾਉਣ ਦੇ ਮਕਸਦ ਨਾਲ ਲਿਖੀ ਗਈ ਹੈ ਪਰ ਇਹ ਅਜਿਹੀ ਕਿਤਾਬ ਹੈ ਜਿਸ ਨੂੰ ਬੱਚੇ ਹੀ ਨਹੀਂ ਸਾਰੇ ਹੀ ਪੜ੍ਹ ਸਕਦੇ ਹਨ। ਇਹ ਕਿਤਾਬ ਗੁਰਮੀਤ ਕੌਰ ਨਾਂ ਦੀ ਲੇਖਿਕਾ ਵਲੋਂ ਲਿਖੀ ਗਈ ਹੈ ਜੋ ਬੱਚਿਆਂ ਲਈ ਲਿਖਦੀ ਹੈ ਤੇ ਕਹਾਣੀਕਾਰ ਵੀ ਹੈ। 'ਮਰਜੀਵੜਾ ਜਸਵੰਤ ਸਿੰਘ ਖਾਲੜਾ' ਨਾਂ ਦੇ ਟਾਈਟਲ ਹੇਠ ਛਪੀ ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਮਨੁੱਖੀ ਅਧਿਕਾਰ ਸੰਗਠਨ ਨਾਲ ਜੁੜੇ ਰਾਜਵਿੰਦਰ ਸਿੰਘ ਬੈਂਸ ਨੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਮੌਜੂਦਗੀ ਵਿਚ ਨਿਭਾਈ।
ਇਸ ਮੌਕੇ ਬੀਬੀ ਖਾਲੜਾ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਵਾਰ ਨੇ ਸੰਘਰਸ਼ ਦੇਖਿਆ ਹੈ ਅਤੇ ਉਹ ਕੁਰਬਾਨੀ ਦਾ ਕੋਈ ਮੁਆਵਜ਼ਾ ਨਹੀਂ ਚਾਹੁੰਦੇ ਪਰ ਅਜਿਹੀ ਕਿਤਾਬ ਛਪਣ ਨਾਲ ਉਨ੍ਹਾਂ ਨੂੰ ਨੈਤਿਕ ਹੌਂਸਲਾ ਜ਼ਰੂਰ ਮਿਲਦਾ ਹੈ ਕਿ ਕੌਮ ਉਨ੍ਹਾਂ ਨੂੰ ਯਾਦ ਰਖਦੀ ਹੈ। ਇਹ ਕਿਤਾਬ ਬੜੇ ਹੀ ਸਾਧਾਰਨ ਢੰਗ ਨਾਲ ਛੋਟੀਆਂ ਛੋਟੀਆਂ ਕਹਾਣੀਆਂ ਦੇ ਰੂਪ ਵਿਚ ਬੱਚਿਆਂ ਦੇ ਸਮਝਣ ਵਾਲੀ ਆਸਾਨ ਭਾਸ਼ਾ ਵਿਚ ਲਿਖੀ ਹੈ ਇਸ ਨੂੰ ਹਰ ਕੋਈ ਪੜ੍ਹ ਸਕਦਾ ਹੈ। ਇਹ ਕਿਤਾਬ 20ਵੀਂ ਸਦੀ ਦੇ ਸਿੱਖ ਸੰਘਰਸ਼ ਦਾ ਇਤਿਹਾਸ ਹੈ, ਜੋ ਪੰਥ ਦੀ ਅਗਾਂਹ ਉਸਾਰੀ ਲਈ ਲਾਹੇਵੰਦ ਹੋਵੇਗਾ।