
ਦਸੰਬਰ 2012 ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਲੱਗੇ ਲੰਗਰ ਵਿਚ.............
ਦੁਨੀਆਂ ਦੇ ਇਤਿਹਾਸ ਵਿਚ ਇਕ ਵੀ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਦੇਸ਼ ਭਗਤ, ਸੂਰਬੀਰ-ਯੋਧੇ ਜਾਂ ਕਿਸੇ ਰਹਿਬਰ, ਗੁਰੂ-ਪੀਰ ਜੋ ਰੁਹਾਨੀਅਤ ਦਾ ਮੁਜੱਸਮਾ ਵੀ ਹੋਵੇ, ਦੇ ਪ੍ਰਵਾਰਕ ਪੰਜ ਮੈਂਬਰ ਇਕ ਹਫ਼ਤੇ ਦੇ ਅੰਦਰ-ਅੰਦਰ ਦੇਸ਼ ਕੌਮ ਲਈ ਸ਼ਹੀਦ ਹੋ ਗਏ ਹੋਣ। ਜੀ ਹਾਂ! ਅਜਿਹਾ ਸੱਚ-ਮੁੱਚ ਇਸ ਧਰਤੀ ’ਤੇ ਵਾਪਰਿਆ ਹੈ (ਇਹ ਪੁਰਾਣਕ ਕਥਾਵਾਂ ਦੇ ਗੱਪ-ਗਪੌੜੇ ਨਹੀਂ), ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਮੁਗ਼ਲ ਫ਼ੌਜ ਦੇ ਟਿੱਡੀ-ਦਲ (ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਸੀ) ਨਾਲ ਲੜਦੇ ਹੋਏ (ਗਿਣਤੀ ਦੇ ਸਿਰਫ਼ ਚਾਲੀ ਸਿੰਘਾਂ ਨਾਲ) ਸ਼ਹੀਦ ਹੋ ਜਾਂਦੇ ਹਨ।
ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸੂਬਾ ਸਰਹੰਦ ਨਵਾਬ ਵਜ਼ੀਰ ਖ਼ਾਨ ਵਲੋਂ ਦਿਤੇ ਲੋਭ-ਲਾਲਚ ਅਤੇ ਇਸਲਾਮ ਕਬੂਲ ਕਰ ਲੈਣ ਦੇ ਡਰਾਵਿਆਂ ਨੂੰ ਠੁਕਰਾ ਕੇ ਜਿਉਂਦੇ ਜੀ ਇੱਟਾਂ ਦੀ ਦੀਵਾਰ ਵਿਚ ਚਿਣੇ ਜਾਣ ਕਰ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਇਸ ਉਪਰੰਤ ਦਾਦੀ ਮਾਂ ਮਾਤਾ ਗੁਜਰੀ ਵੀ ਪ੍ਰਲੋਕ-ਗਮਨ ਕਰ ਜਾਂਦੇ ਹਨ।
ਇਹ ਇਕ ਅਜਿਹਾ ਕਹਿਰ ਸੀ ਜਿਹੜਾ ਸਰਹੰਦ ਵਿਚ ਦਸੰਬਰ 1704 ਈ: ਨੂੰ ਵਾਪਰਿਆ। ਉਸ ਵਕਤ ਇਸ ਕਹਿਰ ਨੂੰ ਅੱਖੀਂ ਵੇਖਣ ਅਤੇ ਸੁਣਨ ਵਾਲੇ ਕੁਰਲਾ ਉਠੇ ਹੋਣਗੇ। ਇਹ ਕਹਿਰ ਵਜ਼ੀਰ ਖ਼ਾਨ ਦੇ ਦੀਵਾਨ ਸੁੱਚਾ ਨੰਦ ਵਲੋਂ ਕਚਿਹਰੀ ਵਿਚ ਬੋਲੇ ਇਨ੍ਹਾਂ ਸ਼ਬਦਾਂ ਨਾਲ ਕਿ ‘ਸੱਪ ਦੇ ਬੱਚਿਆਂ ਨੂੰ ਮਸਲ ਹੀ ਦੇਣਾ ਬਣਦਾ ਹੈ ਨਹੀਂ ਤਾਂ ਇਹ ਵੱਡੇ ਹੋ ਕੇ ਤੁਹਾਡੇ ਖ਼ਿਲਾਫ਼ ਹੀ ਲੜਨਗੇ’ ਵਾਪਰਿਆ।
ਅਸੀਂ ਹਰ ਸਾਲ ਜਿਥੇ ਕਿਤੇ ਵੀ ਸਿੱਖ ਬੈਠਾ ਹੈ, ਉਹ ਇਹ ਕਰੁਣਾਮਈ ਦਿਹਾੜਾ ਮਨਾਉਂਦਾ ਹੈ। ਪੰਤੂ ਕਿਵੇਂ ਮਨਾਉਂਦਾ ਹੈ, ਇਹ ਅਹਿਸਾਸ ਕਰਦਿਆਂ ਸਾਡਾ ਤ੍ਰਾਹ ਨਿਕਲ ਜਾਂਦਾ ਹੈ। ਕੌਮ ਨੂੰ ਚਾਹੀਦਾ ਤਾਂ ਇਹ ਸੀ ਕਿ ਹੁਣ ਤਕ ਇਸ ਸ਼ਹੀਦੀ ਹਫ਼ਤੇ ਨੂੰ ‘ਸ਼ੋਕਮਈ ਹਫ਼ਤਾ’ ਐਲਾਨਿਆ ਹੁੰਦਾ। ਪੂਰੀ ਕੌਮ ਇਸ ਹਫ਼ਤੇ ਸ਼ੋਕ ਗ੍ਰਸਤ ਹੁੰਦੀ ਹੋਈ ਇਨ੍ਹਾਂ ਦਿਨਾਂ ਵਿਚੋਂ ਗੁਜ਼ਰਦੀ। ਰਾਤ ਨੂੰ ਸੌਣ ਸਮੇਂ ਭੁੰਜੇ ਸੌਣਾ ਬਣਦਾ ਸੀ। ਕੋਈ ਖ਼ੁਸ਼ੀ ਦਾ ਸਮਾਗਮ ਨਾ ਰਖਿਆ ਜਾਂਦਾ। ਕੌਮ ਵਲੋਂ ਭੰਗੜੇ ਪਾਉਣੇ, ਨੱਚਣ ਟੱਪਣ ’ਤੇ ਮੁਕੰਮਲ ਪਾਬੰਦੀ ਹੁੰਦੀ।
ਗੁਰਦੁਆਰੇ ਆਈ ਸੰਗਤ ਲਈ ਸਾਦੇ ਲੰਗਰ ਹੁੰਦੇ। ਪਰ ਹੋ ਕੀ ਰਿਹਾ ਹੈ? ਸਾਡੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣ ਵਿਚ ਕੋਈ ਅੰਤਰ ਨਹੀਂ। ਅਸੀਂ ਇਹਨਾਂ ਨੂੰ ਮੇਲਿਆਂ ਦਾ ਰੂਪ ਦੇ ਦਿਤਾ ਹੈ। ਲੰਗਰਾਂ ਵਿਚ ਜਲੇਬੀਆਂ ਦੇ ਲੰਗਰ ਵਰਤਾਏ ਜਾ ਰਹੇ ਹਨ ਜਿਸ ਨੂੰ ਵੇਖ-ਸੁਣ ਕੇ ਸਾਡਾ ਸ਼ਰਮ ਨਾਲ ਸਿਰ ਨੀਂਵਾਂ ਹੋ ਜਾਂਦਾ ਹੈ।
ਦਸੰਬਰ 2012 ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਲੱਗੇ ਲੰਗਰ ਵਿਚ ਜਲੇਬੀਆਂ ਦੇ ਲੰਗਰ ਦੀ ਅੱਖੀਂ ਡਿੱਠੀ ਘਟਨਾ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ। ਜਲੇਬੀਆਂ ਦਾ ਇਹ ਲੰਗਰ ਸਰਹੰਦ ਬਾਈਪਾਸ ਦੇ ਕਿਸੇ ਪਿੰਡ ਵਲੋਂ ਸੜਕ ਦੇ ਇਕ ਪਾਸੇ ਲਾਇਆ ਹੋਇਆ ਸੀ। ਗੁਰੂ ਦਾ ਇਹ ਦਾਸ ਕਾਰ ’ਤੇ ਚੰਡੀਗੜ੍ਹ ਜਾ ਰਿਹਾ ਸੀ। ਜਾਂਦੇ ਸਮੇਂ ਰੁਕ ਨਾ ਸਕੇ, ਵਾਪਸੀ ’ਤੇ ਰੁਕੇ। ਲੰਗਰ ਵਿਚ ਪੂਰੀ ਰੌਣਕ ਸੀ। ਲੰਗਰ ਵਰਤਾਉਣ ਵਾਲੇ ਇਉਂ ਭੱਜੇ ਫਿਰਦੇ ਸੀ ਜਿਵੇਂ ਵਿਆਹ ਵਿਚ ਨੈਣ ਭੱਜੀ ਫਿਰਦੀ ਹੁੰਦੀ ਹੈ।
ਮੈਂ ਚੁੱਪ-ਚਪੀਤੇ ਕਾਰ ਇਕ ਪਾਸੇ ਲਾ ਕੇ ਲੰਗਰ ਵਿਚ ਹਾਜ਼ਰ ਹੋ ਗਿਆ। ਹਾਜ਼ਰ ਸੰਗਤ ਨੂੰ ਹੱਥ ਬੰਨ੍ਹ ਕੇ ਇਕ ਬੇਨਤੀ ਕਰਨ ਦੀ ਆਗਿਆ ਲਈ। ਹਾਜ਼ਰ ਸੰਗਤ ਮੇਰੇ ਮੂੰਹ ਵਲ ਵੇਖਣ ਲੱਗ ਪਈ। ਮੈਂ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ’ਤੇ ਕੀ ਕਹਿਰ ਵਰਤਿਆ ਸੀ? ਇਤਨੇ ਕਹਿਰ ਦੀ ਯਾਦ ਵਿਚ ਮਨਾਏ ਦਿਹਾੜੇ ਸਮੇਂ ਵਰਤਾਏ ਲੰਗਰ ਵਿਚ ਜਲੇਬੀਆਂ ਦਾ ਲੰਗਰ? ਸਾਹਿਬਜ਼ਾਦਿਆਂ ਦਾ ਵਿਆਹ ਹੋਇਆ ਸੀ?
ਇਹ ਸੁਣ ਕੇ ਹਾਜ਼ਰ ਸੰਗਤ ਸੁੰਨ ਹੀ ਹੋ ਗਈ ਅਤੇ ਕੁੱਝ ਟੁਟਵੀਂ ਜਿਹੀ ਆਵਾਜ਼ ਵਿਚ ਬੋਲੋ, ‘‘ਜੀ! ਜਿਵੇਂ ਸਾਡੇ ਮਹਾਂਪੁਰਖ ਕਹਿੰਦੇ ਹਨ, ਅਸੀਂ ਉਵੇਂ ਹੀ ਕਰਦੇ ਹਾਂ।’’
ਜੇ ਮੈਂ ਇਹ ਕਹਿ ਦਿੰਦਾ ਕਿ ਤੁਹਾਡੇ ਮਹਾਂਪੁਰਖ, ਮਹਾਂਪੁਰਖ ਨਹੀਂ ਸਗੋਂ ਮਹਾਮੂਰਖ ਹਨ ਜਾਂ ਫਿਰ ਕਿਸੇ ਸਿੱਖ ਦੁਸ਼ਮਣ ਜਮਾਤ ਦੇ ਇਸ਼ਾਰੇ ’ਤੇ ਸ਼ਹੀਦੀਆਂ ਦੀ ਖਿੱਲੀ ਉਡਾਉਂਦੇ ਹਨ ਅਤੇ ਪੂਰੀ ਦੁਨੀਆਂ ਵਿਚ ਸਿੱਖ ਬੇਅਕਲ ਸਾਬਤ ਹੋ ਰਹੇ ਹਨ, ਪਰ ਮੈਂ ਇਹ ਸ਼ਬਦ ਮੂੰਹੋਂ ਨਹੀਂ ਕੱਢੇ, ਜੇਕਰ ਕੱਢ ਦਿੰਦਾ ਤਾਂ ਹੜਕੰਪ ਮੱਚ ਜਾਣਾ ਸੀ। ਮੈਂ ਇੰਨਾ ਹੀ ਕਿਹਾ, ‘‘ਇਹਨਾਂ ਦਿਨਾਂ ਵਿਚ ਲੰਗਰ ਸਾਦੇ ਹੀ ਹੋਣੇ ਚਾਹੀਦੇ ਹਨ।’’ ਬਹੁਤੀ ਸੰਗਤ ਨੇ ਹਾਂ ਪੱਖੀ ਹੁੰਗਾਰਾ ਭਰਿਆ। ਜੀ! ਬਿਲਕੁਲ ਠੀਕ ਹੈ। ਇੰਨਾ ਕਹਿੰਦਾ ਹੋਇਆ ਮੈਂ ਸੰਗਤ ਨੂੰ ਫ਼ਤਹਿ ਬੁਲਾ ਕੇ ਅਪਣੀ ਗੱਡੀ ਵਿਚ ਆ ਬੈਠਾ।
ਪੂਰੀ ਦੁਨੀਆ ਵਿਚ ਸਿੱਖ ਕੌਮ ਕੋਲ ਹੀ ਸਮੇਂ ਦੀ ਹਕੂਮਤ ਦੇ ਤਖ਼ਤ ਦੇ ਸਮਾਨ-ਅੰਤਰ ਇਕ ਤਖ਼ਤ ਹੈ, ਜੋ ਧਾਰਮਕ ਅਤੇ ਦੁਨਿਆਵੀ ਦਿਸ਼ਾ ਵਿਚ ਕੌਮ ਦੀ ਅਗਵਾਈ ਕਰਦਾ ਹੈ। ਪ੍ਰੰਤੂ ਅਫ਼ਸੋਸ ਹੈ ਕਿ ਪਿਛਲੇ ਕਈ ਦਹਾਕਿਆ ਤੋਂ ਇਸ ਸੰਸਥਾ ਨੂੰ ਵੀ ਅਪਣੀਆਂ ਸਿਆਸੀ ਲਾਲਸਾਵਾਂ ਦੀ ਪੂਰਤੀ ਲਈ ਇਕੋ ਪ੍ਰਵਾਰ ਵਰਤ ਰਿਹਾ ਹੈ। ਉਸ ਪ੍ਰਵਾਰ ਦੇ ਖ਼ਿਲਾਫ਼ ਜੇ ਕੋਈ ਛਿੱਕ ਵੀ ਮਾਰ ਦੇਵੇ ਤਾਂ ਸ੍ਰੀ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਸੋਸ਼ਲ ਮੀਡੀਆ ਦੇ ਕਿਸੇ ਚੈਨਲ ’ਤੇ ਲਾਈਵ ਹੋ ਕੇ ਅਪਣਾ ਸੰਦੇਸ਼ ਦੇਣਾ ਨਹੀਂ ਭੁੱਲਦਾ। ਬਹੁਤ ਸਾਰੇ ਸਿੱਖਾਂ ਦੇ ਮਸਲੇ ਹਨ, ਜਿਨ੍ਹਾਂ ਨੂੰ ਜਥੇਦਾਰ ਸੁਲਝਾ ਸਕਦਾ ਹੈ ਪ੍ਰੰਤੂ ਇਸ ਪਾਸੇ ਉਸ ਨੇ ਕਦੇ ਧਿਆਨ ਹੀ ਨਹੀਂ ਦਿਤਾ। ਕੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਨੂੰ ‘ਸ਼ੋਕਮਈ ਹਫ਼ਤਾ’ ਐਲਾਨ ਕਰਨਾ ਨਹੀਂ ਬਣਦਾ? ਇਸ ਦਿਹਾੜੇ ਨੂੰ ਅਤੇ ਹੋਰ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਲਈ ਕੌਮ ਲਈ ‘ਕੋਡ ਆਫ਼ ਕੰਡਕਟ’ ਲਾਗੂ ਕਰਨਾ ਨਹੀਂ ਬਣਦਾ? ਕੀ ਕੈਲੰਡਰ ਦਾ ਮੁੱਦਾ ਹੱਲ ਕਰਨਾ ਨਹੀਂ ਬਣਦਾ? ਸ਼੍ਰੋਮਣੀ ਕਮੇਟੀ ਕੋਈ ਗੁਰਪੁਰਬ ਜਾਂ ਸ਼ਹੀਦੀ ਦਿਹਾੜਾ ਕਦੇ ਕਿਸੇ ਕਲੰਡਰ ਮੁਤਾਬਕ ਅਤੇ ਕਦੇ ਕਿਸੇ ਕੈਲੰਡਰ ਮੁਤਾਬਕ ਮਨਾਉਂਦੀ ਹੈ। ਨਾਨਕਸ਼ਾਹੀ ਕੈਲੰਡਰ ਜਿਸ ਨੇ ਇਸ ਦੁਬਿਧਾ ਦਾ ਹੱਲ ਕਰ ਕੇ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਪੱਕੀਆਂ ਤਰੀਕਾਂ ਨੀਯਤ ਕਰ ਦਿਤੀਆਂ ਸਨ, ਨੂੰ ਤੁਰੰਤ ਲਾਗੂ ਕਰਨਾ ਨਹੀਂ ਬਣਦਾ? ਜਦੋਂ ਕਿ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਨੇ ਨਾਨਕਸ਼ਾਹੀ ਕੈਲੰਡਰ ਅਪਣੇ ਤੌਰ ’ਤੇ ਲਾਗੂ ਕਰਨ ਦਾ ਫ਼ੈਸਲਾ ਲੈ ਲਿਆ ਹੈ। ਕੀ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਚੁੱਪੀ ਕੌਮ ਨੂੰ ਦੋਫ਼ਾੜ ਕਰਨ ਦੀ ਕਿਸੇ ਸਿੱਖ ਦੁਸ਼ਮਣ ਜਮਾਤ ਦੇ ਗੁਪਤ ਏਜੰਡੇ ਵਲ ਸੰਕੇਤ ਤਾਂ ਨਹੀਂ ਕਰਦੀ? ਵਿਵਾਦਤ ਪੁਸਤਕਾਂ ਜਿਵੇਂ ਗੁਰਬਿਲਾਸ ਪਾਤਿਸ਼ਾਹੀ ਛੇਵੀਂ, ਬਚਿੱਤਰ ਨਾਟਕ, ਦਸਮ ਗ੍ਰੰਥ ਅਤੇ ਗੁਰ-ਨਿੰਦਿਆ ਨਾਲ ਭਰੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਸੋਧਣ ਦਾ ਫ਼ੈਸਲਾ ਕਰਨਾ ਨਹੀਂ ਬਣਦਾ? ਪੰਜਾਬ ਦੇ ਇਕ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ, ਦਲੇਰ ਮਰਦ ਨੇ, ਬਾਦਲੀ ਹਕੂਮਤ ਦਾ ਕਹਿਰ ਅਪਣੇ ਨੰਗੇ ਪਿੰਡੇ ’ਤੇ ਝਲਦੇ ਹੋਏ ਬਾਦਲਕਿਆਂ ਦੀਆਂ ਜੜ੍ਹਾਂ ਅਪਣੀਆਂ ਲਿਖਤਾਂ ਰਾਹੀਂ ਐਸੀਆਂ ਉਖੇੜੀਆ ਕਿ ਸੱਤਾ ਤੋਂ ਲਾਹ ਕੇ ਮੂਧੇ ਮੂੰਹ ਮਾਰੇ, ਹੁਣ ਉਹ ਸੱਤਾ ਦੇ ਸੁਪਨੇ ਹੀ ਵੇਖਣਯੋਗ ਰਹਿ ਗਏ ਹਨ।
ਗੁਰੂ ਪੰਥ ਨੂੰ ਪਰਨਾਈਆਂ ਅਤੇ ਤੱਤ ਗੁਰਮਤਿ ਦੀਆਂ ਪ੍ਰਚਾਰਕ ਸ਼ਖ਼ਸੀਅਤਾਂ ਨੂੰ ਪੰਥ ਵਿਚੋਂ ਛੇਕਣ ਦੇ ਹੁਕਮਨਾਮੇ ਤੁਰੰਤ ਰੱਦ ਕਰਨੇ ਹੀ ਨਹੀਂ ਬਣਦੇ ਸਗੋਂ ਜੀਵਤ ਸ਼ਖ਼ਸੀਅਤਾਂ ਤੋਂ ਤਖ਼ਤ ਵਲੋਂ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ। ਇਹ ਕੱੁਝ ਮੁੱਦੇ ਹਨ, ਜਿੰਨ੍ਹਾਂ ਦਾ ਸਬੰਧ ਕਿਸੇ ਹਕੂਮਤ ਨਾਲ ਨਹੀਂ, ਨਿਰੋਲ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨਾਲ ਹੈ। ਫਿਰ ਇਹ ਫ਼ੈਸਲੇ ਕਿਉਂ ਨਹੀਂ ਲਏ ਜਾਂਦੇ?