
ਬਿਲਾਸਪੁਰ ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਸਮੇਤ ਦੋ ਸਕੱਤਰ ਇਕ ਮੈਨੇਜਰ ਅਤੇ ਡੇਰਾ ਸਮਰਥਕ ਗੰਭੀਰ ਜ਼ਖ਼ਮੀ
Panthak News: ਰਾੜਾ ਸਾਹਿਬ/ਪਾਇਲ (ਬਲਜੀਤ ਸਿੰਘ ਜੀਰਖ) : ਮਾਲਕਾਨਾ ਹੱਕ ਲੈਣ ਲਈ ਕਈ ਸਾਲ ਤੋਂ ਵਿਵਾਦਾਂ ਵਿਚ ਘਿਰੀ ਪਿੰਡ ਬਿਲਾਸਪੁਰ ਵਿਖੇ ਲੋਹ ਲੰਗਰ ਦੀ ਜ਼ਮੀਨ ਉਪਰ ਬਿਲਾਸਪੁਰ ਦੇ ਕਬਜ਼ਾਧਾਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਜ਼ਬਰਦਸਤ ਝੜਪ ਹੋਈ। ਥਾਣਾ ਦੋਰਾਹਾ ਅਧੀਨ ਆਉਂਦੇ ਪਿੰਡ ਬਿਲਾਸਪੁਰ ਵਿਖੇ ਮਹੰਤਾਂ ਦੇ ਡੇਰੇ ਦੀ 21 ਏਕੜ ਜ਼ਮੀਨ ’ਤੇ ਕਬਜ਼ਾ ਲੈਣ ਗਏ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਮਹੰਤਾਂ ਵਿਚਕਾਰ ਜ਼ਬਰਦਸਤ ਝੜਪ ਵਿਚ ਦੋਵੇ ਧਿਰਾਂ ਦੇ ਕਾਫ਼ੀ ਮੈਂਬਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਨੇ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਸੀ ਜਿਸ ਨੂੰ ਡੇਰੇ ਦੇ ਸਮਰਥਕਾਂ ਨੇ ਹਾਈ ਕੋਰਟ ਵਿਚ ਚੈਲੰਜ ਕੀਤਾ। ਪਰ ਹਾਈ ਕੋਰਟ ਵਲੋਂ ਜ਼ਮੀਨ ਉਪਰ ਸਟੇਅ ਆਰਡਰ ਪਾਸ ਨਹੀਂ ਕੀਤਾ ਜੋ ਕਿ ਵਿਚਾਰ ਅਧੀਨ ਹੈ ਜਿਸ ਕਰ ਕੇ ਸ਼੍ਰੋਮਣੀ ਕਮੇਟੀ ਨੇ ਇਸ ਵਿਵਾਦਤ ਜ਼ਮੀਨ ਉਪਰ ਕਬਜ਼ਾ ਕਰਨ ਲਈ ਅਮਲੇ ਸਮੇਤ ਦਸਤਕ ਦਿਤੀ। ਦੂਜੇ ਪਾਸੇ ਮਹੰਤ ਪ੍ਰਵਾਰ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਇਸ ਝੜਪ ਵਿਚ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਕੇਹਰ ਸਿੰਘ ਅਤੇ ਦੋ ਸਕੱਤਰਾਂ ਸਮੇਤ 15 ਮੈਂਬਰ ਅਤੇ ਦੂਜੇ ਪਾਸੇ ਮਹੰਤ ਪ੍ਰਵਾਰ ਦੇ 6 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਾਇਲ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਮੌਕੇ ਪਾਇਲ ਦੇ ਡੀ.ਐਸ.ਪੀ ਨਿਖਲ ਗਰਗ, ਦੋਰਾਹਾ ਦੇ ਐਸ ਐਚ ਓ ਗੁਰ ਪ੍ਰਤਾਪ ਸਿੰਘ ਦੇ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਕੇ ਤੇ ਪੁੱਜੇ।
ਇਸ ਸਬੰਧੀ ਜਦੋਂ ਕਬਜ਼ਾਧਾਰੀ ਪ੍ਰਵਾਰ ਨਾਲ ਗੱਲਬਾਤ ਕੀਤੀ ਤਾਂ ਕਰਮਜੀਤ ਉਦਾਸੀ ਨੇ ਦਸਿਆ ਕਿ ਅਸੀਂ ਉਦਾਸੀ ਸੰਪਰਦਾ ਨਾਲ ਸਬੰਧਤ ਹਾਂ ਅਤੇ ਅੱਜ ਤੋਂ ਲਗਭਗ 300 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਨੇ ਬਾਬਾ ਕੇਸਰ ਦਾਸ ਨੂੰ ਜ਼ਮੀਨ ਦਾਨ ਵਿਚ ਦਿਤੀ ਸੀ। ਉਸ ਤੋਂ ਬਾਅਦ ਹੁਣ ਤਕ ਸਾਡੇ ਪੁਰਖੇ ਇਹ 21 ਏਕੜ ਜ਼ਮੀਨ ਦੇ ਕਾਸ਼ਤਕਾਰ ਹਨ ਅਤੇ ਇਹ ਜ਼ਮੀਨ ਹੁਣ ਵੀ ਡੇਰਾ ਸਮਾਧ ਬਾਬਾ ਕੇਸਰ ਦਾਸ ਦੇ ਨਾਂ ਦਰਜ ਹੈ। ਇਸ ਦੀ ਸਾਲਾਨਾ ਆਮਦਨ ਵਿਚੋਂ ਉਨ੍ਹਾਂ ਦੀ ਯਾਦ ਵਿਚ ਸਾਲ ਵਿਚ ਦੋ ਸਮਾਗਮ ਕਰਵਾਏ ਜਾਂਦੇ ਹਨ ਪਰ ਸ਼੍ਰੋਮਣੀ ਕਮੇਟੀ ਬਿਨਾਂ ਵਜ੍ਹਾ ਇਸ ਉਤੇ ਹੱਕ ਜਤਾ ਰਹੀ ਹੈ ਜਦੋਂ ਕਿ 300 ਸਾਲ ਤੋਂ ਇਸ ਦਾ ਕਬਜ਼ਾ ਉਦਾਸੀ ਪ੍ਰਵਾਰ ਕੋਲ ਹੈ।
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਹਮਲਾ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਐਡਵੋਕੇਟ ਧਾਮੀ
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ (ਲੁਧਿਆਣਾ) ਨਾਲ ਸਬੰਧਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮਸ਼ਾਲਾ ਬਿਲਾਸਪੁਰ ਦੀ ਜ਼ਮੀਨ ਵਾਹੁਣ ਗਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ’ਤੇ ਕੁੱਝ ਲੋਕਾਂ ਵਲੋਂ ਜਾਨਲੇਵਾ ਹਮਲਾ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿੰਦਾ ਕਰਦਿਆਂ ਹਮਲੇ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਹੈ, ਜੋ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਗੁਰਦੁਆਰਾ ਪ੍ਰਬੰਧਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਜਾਇਦਾਦ ਦੀ ਸੰਭਾਲ ਕਰਦੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮਸ਼ਾਲਾ ਬਿਲਾਸਪੁਰ (ਲੁਧਿਆਣਾ) ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਐਡਵੋਕੇਟ ਧਾਮੀ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਘਰਾਂ ਦੇ ਪ੍ਰਬੰਧਾਂ ਵਿਚ ਦਖ਼ਲ ਦੇਣ ਵਾਲਿਆਂ ਵਿਰੁਧ ਸਖ਼ਤੀ ਵਰਤੇ। ਉਨ੍ਹਾਂ ਜ਼ਖ਼ਮੀ ਹੋਏ ਮੁਲਾਜ਼ਮਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਹਰ ਤਰ੍ਹਾਂ ਸਹਿਯੋਗ ਕਰੇਗੀ ਅਤੇ ਉਨ੍ਹਾਂ ਦੇ ਇਲਾਜ ਦਾ ਵੀ ਪ੍ਰਬੰਧ ਕੀਤਾ ਜਾਵੇਗਾ।