ਐਸਜੀਪੀਸੀ ਨੂੰ ਯੂਐਨਓ ਵਿਚ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ : ਕਰਨੈਲ ਸਿੰਘ ਪੰਜੋਲੀ
ਫ਼ਤਿਹਗੜ੍ਹ ਸਾਹਿਬ, 26 ਸਤੰਬਰ (ਰਾਜਿੰਦਰ ਸਿੰਘ ਭੱਟ): ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਹਾਲ ਅੰਦਰ ਪੰਥਕ ਮੀਟਿੰਗ ਕੀਤੀ ਗਈ ਜਿਸ ਵਿਚ ਕਈ ਧਾਰਮਕ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੀਟਿੰਗ ਦੀ ਪ੍ਰਧਾਨਗੀ ਸਰਬੱਤ ਖ਼ਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ | ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਤੋਂ ਮੁਕਤ ਕਰਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਬਾਦਲ ਪ੍ਰਵਾਰ ਦੇ ਵਿਰੋਧੀਆਂ ਨੂੰ ਇਕ ਮੰਚ 'ਤੇ ਆਉਣ ਦਾ ਸੱਦਾ ਦਿਤਾ ਗਿਆ |
ਧਿਆਨ ਸਿੰਘ ਮੰਡ ਨੇ ਕਿਹਾ ਕਿ ਆਉਣ ਵਾਲੇ ਹਾਲਾਤ ਸਿੱਖ ਪੰਥ ਦੇ ਉਲਟ ਹਨ ਅਤੇ ਭਾਰਤ ਤੋਂ ਬਾਅਦ ਹੁਣ ਵਿਦੇਸ਼ਾਂ ਵਿਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸਿੱਖਾਂ ਦਾ ਕਤਲ ਹੋ ਰਿਹਾ ਹੈ | ਪੰਜਾਬ ਵਿਚ ਸਿੱਖੀ ਦੀ ਤਾਕਤ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਪੰਥਕ ਦਲ ਕੇਸਰੀ ਨਿਸ਼ਾਨ ਹੇਠ ਇਕੱਠੇ ਹੋਣ ਅਤੇ ਪੰਥਕ ਏਕਤਾ ਦਿਖਾਉਣ | ਮੰਡ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਦੋ ਵਾਰ ਪੱਤਰ ਭੇਜ ਕੇ ਪੰਥਕ ਏਕਤਾ ਦੀ ਅਪੀਲ ਕੀਤੀ ਸੀ ਪਰ ਕਿਸੇ ਨੇ ਇਸ ਵਲ ਧਿਆਨ ਨਹੀਂ ਦਿਤਾ | ਹੁਣ ਉਹ ਅਪਣੇ ਪੱਧਰ 'ਤੇ ਥਾਂ-ਥਾਂ ਪੰਥਕ ਮੀਟਿੰਗਾਂ ਕਰ ਕੇ ਸਿੱਖ ਪੰਥ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਕਰ ਰਹੇ ਹਨ |
ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਤੋਂ ਆਜ਼ਾਦ ਕਰਵਾਉਣਾ ਸਮੇਂ ਦੀ ਮੰਗ ਹੈ | ਇਸ ਲਈ ਬਾਦਲ ਪ੍ਰਵਾਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇਕ ਮੰਚ 'ਤੇ ਆਉਣਾ ਚਾਹੀਦਾ ਹੈ | ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਇਕੱਠਾ ਹੋਣਾ ਜ਼ਰੂਰੀ ਹੈ | ਪੰਜੋਲੀ ਨੇ ਕੈਨੇਡਾ ਵਿਚ ਨਿੱਝਰ ਕਤਲ ਕੇਸ ਵਿਚ ਟਰੂਡੋ ਦਾ ਸਮਰਥਨ ਕੀਤਾ | ਪੰਜੋਲੀ ਨੇ ਕਿਹਾ ਕਿ ਕੈਨੇਡੀਅਨ ਨਾਗਰਿਕ ਦੀ ਹਤਿਆ 'ਤੇ ਉਥੋਂ ਦੇ ਪ੍ਰਧਾਨ ਮੰਤਰੀ ਦਾ ਸਪੱਸ਼ਟੀਕਰਨ ਮੰਗਣਾ ਬਿਲਕੁਲ ਸਹੀ ਹੈ | ਪਰ ਸ਼੍ਰੋਮਣੀ ਕਮੇਟੀ ਨੇ ਸਿੱਖ ਕਤਲ ਕਾਂਡ ਵਿਚ ਅਪਣਾ ਫ਼ਰਜ਼ ਨਹੀਂ ਨਿਭਾਇਆ | ਸ਼੍ਰੋਮਣੀ ਕਮੇਟੀ ਨੂੰ ਯੂਐਨਓ ਵਿਚ ਪਟੀਸ਼ਨ ਦਾਇਰ ਕਰਨੀ ਚਾਹੀਦੀ ਸੀ | ਇਸ ਮੌਕੇ ਕੌਮੀ ਇਨਸਾਫ਼ ਮੌਰਚੇ ਦੇ ਪਾਲ ਸਿੰਘ, ਗੁਰਿੰਦਰ ਸਿੰਘ ਬਾਜਵਾ, ਸੰਤ ਦਲਵਾਰਾ ਸਿੰਘ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਲਖਵੀਰ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਜਸਨਪ੍ਰੀਤ ਸਿੰਘ, ਭਾਈ ਜਗਜੀਤ ਸਿੰਘ ਆਦਿ ਮੌਜੂਦ ਸਨ |