ਸਿੰਘ ਸਭਾ ਲਹਿਰ ਦੇ 150ਵੇਂ ਵਰ੍ਹੇ ਦੇ ਸਬੰਧ ਵਿਚ ਅਕਤੂਬਰ 2022 ਤੋਂ ਪੰਜਾਬ ਅਤੇ ਵੱਖ ਵੱਖ ਸੂਬਿਆਂ ਵਿਚ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ|
ਬੇਲਾ ਬਹਿਰਾਮਪੁਰ ਬੇਟ,: ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਯੋਗ ਅਗਵਾਈ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਪੰਥਕ ਤਾਲਮੇਲ ਦੇ ਸਹਿਯੋਗ ਨਾਲ ਸਿੰਘ ਸਭਾ ਲਹਿਰ ਦੇ 150ਵੇਂ ਵਰ੍ਹੇ ਦੇ ਸਬੰਧ ਵਿਚ ਅਕਤੂਬਰ 2022 ਤੋਂ ਪੰਜਾਬ ਅਤੇ ਵੱਖ ਵੱਖ ਸੂਬਿਆਂ ਵਿਚ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਾ. ਖ਼ੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਨੇ ਦਸਿਆ ਕਿ ਇਸੇ ਲੜੀ ਤਹਿਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵਿਖੇ ਧਰਮ-ਪ੍ਰਚਾਰ ਚੇਤਨਤਾ ਸਬੰਧੀ ਵਿਚਾਰ-ਗੋਸ਼ਟੀ ਕਰਵਾਈ ਗਈ ਜੋ ਕਿ ਵਿਸ਼ੇਸ਼ ਤੌਰ ’ਤੇ ਸਿੱਖ ਪ੍ਰਚਾਰਕਾਂ ਲਈ ਖ਼ਾਸ ਅਹਿਮੀਅਤ ਵਾਲੀ ਰਹੀ ਜਿਸ ਵਿਚ ਪ੍ਰਚਾਰਕਾਂ ਨੇ ਅਪਣੀਆਂ ਸਮੱਸਿਆਵਾਂ ਦਸਣ ਦੇ ਨਾਲ ਕਈ ਪ੍ਰਭਾਵਸ਼ਾਲੀ ਵੀਚਾਰ ਵੀ ਸਾਰਿਆਂ ਨਾਲ ਸਾਂਝੇ ਕੀਤੇ| ਸਮਾਗਮ ਦੀ ਅਰੰਭਤਾ ਢਾਡੀ ਜਥੇ ਭਾਈ ਬਲਬੀਰ ਸਿੰਘ ਭੱਠਲ ਭਾਈ ਕੇ ਨੇ ਸਿੰਘ ਸਭਾ ਲਹਿਰ ਬਾਰੇ ਪ੍ਰਸੰਗ ਦਰਸਾਇਆ ਤੇ ਬੀਬੀ ਜਤਿੰਦਰ ਕੌਰ ਅਤੇ ਸਿਮਰਜੀਤ ਕੌਰ ਨੇ ‘ਦਰਦੀ ਪੰਥ ਦਿਆਂ ਨੂੰ ਹੱਥ ਬੰਨ ਅਰਜ਼ ਗੁਜ਼ਾਰਾਂ ਮੈਂ’, ਵਾਰ ਰਾਹੀਂ ਪੰਥਕ ਧਿਰਾਂ ਨੂੰ ਹਲੂਣਾ ਦਿਤਾ| ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਸਿੰਘ ਸਭਾ ਲਹਿਰ ਦੇ 150ਵੇਂ ਵਰ੍ਹੇ ’ਤੇ ਕਰਵਾਏ ਜਾ ਰਹੇ ਚੇਤਨਤਾ ਸਮਾਗਮਾਂ ਸਬੰਧੀ ਜਾਣਕਾਰੀ ਦਿਤੀ ਤੇ ਕਿਹਾ ਪੁਰਖਿਆਂ ਵਲੋਂ ਮਿਲੇ ਵਿਰਸੇ ਨੂੰ ਬਚਾਉਣਾ ਤੇ ਚਿੰਤਨ ਕਰਨਾ ਹੀ ਸਾਡਾ ਮੁੱਖ ਫ਼ਰਜ਼ ਹੈ| ਸਿੰਘ ਸਭਾ ਲਹਿਰ ਦਾ 150ਵਾਂ ਵਰ੍ਹਾ ਮਨਾਏ ਜਾਣ ਦਾ ਅਸਲ ਮੰਤਵ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਸਮੇਤ ਬੱਚੇ ਬੱਚੀਆਂ ਅਤੇ ਨੌਜਵਾਨ ਧੀਆਂ-ਪੁੱਤਰਾਂ ਨੂੰ ਅਪਣੇ ਵਿਰਸੇ ਨਾਲ ਜੋੜਨਾ ਹੈ|
ਇਸ ਸਮਾਗਮ ਵਿਚ ਉਚੇਚੇ ਤੌਰ ’ਤੇ ਪਹੁੰਚੇ ਪ੍ਰੋ. ਮਨਜੀਤ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਸ¾ਭ ਤੋਂ ਪਹਿਲਾਂ ਸੁਣਤ, ਕਹਿਤ ਤੇ ਰਹਿਤ ਜ਼ਰੂਰੀ ਹੈ| ਗੁਰੂ ਸਾਹਿਬ ਨੇ ਅਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਇਆ ਪਰ ਅਸੀਂ ਕਿਧਰ ਨੂੰ ਜਾ ਰਹੇ ਹਾਂ| ਪ੍ਰਿੰ. ਹਰਭਜਨ ਸਿੰਘ ਸਾ: ਜੁ: ਸਿੰ: ਗੁਰਮਤਿ ਮਿਸ਼ਨਰੀ ਕਾਲਜ ਰੋਪੜ ਨੇ ਸਮੂਹ ਵਿਦਵਾਨਾਂ ਤੇ ਸੰਗਤਾਂ ਦਾ ਧਨਵਾਦ ਕੀਤਾ ਅਤੇ ਸ਼ਾਮਲ ਹੋਈਆਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ|