ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ’ਤੇ ਹੋਇਆ।
Sri Guru Tegh Bahadur Ji: ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਨੌਵੇਂ ਗੁਰੂ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿਖਿਆਵਾਂ ਨਾਲ ਸਬੰਧਤ ਆਉ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਜਾਣਦੇ ਹਾਂ ਤੇ ਅੰਤ ਦੇ ਵਿਚ ਆਪ ਪਾਠਕਾਂ ਨਾਲ ਸਵਾਲ ਜਵਾਬ ਪੇਸ਼ ਕੀਤੇ ਜਾਣਗੇ।
ਜਨਮ ਤੇ ਬਚਪਨ :- ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ’ਤੇ ਹੋਇਆ। ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਦੀ ਮਾਤਾ ਨਾਨਕੀ ਜੀ ਸਨ।
ਆਪ ਜੀ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ। 1635 ਵਿਚ ਕਰਤਾਰਪੁਰ ਦੀ ਲੜਾਈ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦੀ ਬਹਾਦਰੀ ਨੂੰ ਵੇਖਦਿਆਂ ਆਪ ਜੀ ਦਾ ਨਾਮ ਤੇਗ ਬਹਾਦਰ ਰੱਖ ਦਿਤਾ, ਜਿਸ ਦਾ ਅਰਥ ਤਲਵਾਰ ਦਾ ਧਨੀ ਹੈ। ਆਪ ਨੇ ਅਪਣੀ ਮਾਤਾ ਤੋਂ ਦਿਲ ਦੀ ਕੋਮਲਤਾ, ਏਕਤਾ, ਪ੍ਰੇਮ ਅਤੇ ਦਿਆਲਤਾ ਹਾਸਲ ਕੀਤੀ। ਅਪਣੇ ਪਿਤਾ ਤੋਂ ਉਨ੍ਹਾਂ ਨੇ ਨਿਡਰਤਾ, ਦਲੇਰੀ, ਅੱਤਿਆਚਾਰਾਂ ਦਾ ਵਿਰੋਧ, ਸ਼ਸਤਰਾਂ ਦੀ ਸਿਖਿਆ ਤੇ ਘੋੜ ਸਵਾਰੀ ਵਿਚ ਨਿਪੁੰਨਤਾ ਅਤੇ ਸਭ ਤੋਂ ਵੱਧ ਕੇ ਧਰਮ ਦੀ ਰੱਖਿਆ ਕਰਨ ਦਾ ਦਿ੍ਰੜ੍ਹ ਸੰਕਲਪ ਆਦਿ ਗੁਣ ਗ੍ਰਹਿਣ ਕੀਤੇ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜਾਰਿਆ ਤੇ ਫਿਰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਅਣੀ ਰਾਏ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ।
ਵਿਆਹ:- ਗੁਰੂ ਤੇਗ ਬਹਾਦਰ ਜੀ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ 1634 ਨੂੰ ਹੋਇਆ, ਉਨ੍ਹਾਂ ਨੂੰ ਵਿਆਹ ਤੋਂ 32 ਸਾਲ ਮਗਰੋਂ ਪੁੱਤਰ ਦੀ ਦਾਤ ਪ੍ਰਾਪਤ ਹੋਈ। ਪੁੱਤਰ ਹੋਣ ਮਗਰੋਂ ਉਹ ਅਪਣੇ ਪੁੱਤਰ ਗੋਬਿੰਦ ਰਾਏ ਨੂੰ 5 ਸਾਲ ਬਾਅਦ ਗੁਰੂ ਕੇ ਬਾਗ ਅਸਥਾਨ ਉਪਰ ਪਹਿਲੀ ਵਾਰ ਮਿਲੇ। ਸਿੱਖ ਵਿਦਵਾਨ ਪਿ੍ਰੰਸੀਪਲ ਸਤਬੀਰ ਸਿੰਘ ਜੀ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਮਰਤਾ ਦੇ ਪੁੰਜ ਤੇ ਮਨ ਨੀਵਾਂ ਤੇ ਮਤ ਉਚੀ ਦੇ ਧਾਰਨੀ ਸਨ। ਇਤਿਹਾਸ ਮੁਤਾਬਕ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਪਣੇ ਪਿਤਾ ਜੀ ਦੇ ਸਨਮੁੱਖ ਬੈਠਦੇ ਤਾਂ ਅੱਖਾਂ ਨੀਵੀਆਂ ਕਰ ਲੈਂਦੇ। ਇਕ ਵਾਰ ਦਰਬਾਰ ਅੰਦਰ ਬੈਠੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਕਿ ਗੁਰੂ ਜੀ, ਆਪ ਜੀ ਦੇ ਲਾਲ, ਆਪ ਜੀ ਦੇ ਸਾਹਮਣੇ ਹਮੇਸ਼ਾ ਅੱਖਾਂ ਨੀਵੀਆਂ ਕਰ ਕੇ ਬੈਠ ਜਾਂਦੇ ਹਨ ਤਾ ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਰ ਦਿਤਾ ਕਿ ਜਿਸ ਨੂੰ ਅੰਦਰ ਦੇ ਸਾਰੇ ਔਗੁਣਾਂ ਦਾ ਪਤਾ ਹੋਵੇ ਉਸ ਦੇ ਸਾਹਮਣੇ ਨੇਤਰ ਨਹੀਂ ਚੁੱਕੇ ਜਾਂਦੇ।
ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨਾਲ ਮੁਲਾਕਾਤ: 6 ਅਕਤੂਬਰ, 1661 ਨੂੰ ਗੁਰੂ ਹਰਿਰਾਇ ਸਾਹਿਬ ਜੋਤੀ-ਜੋਤ ਸਮਾ ਗਏ। ਇਸ ਵੇਲੇ ਰਾਮ ਰਾਇ ਦਿੱਲੀ ਵਿਚ ਸੀ। ਗੁਰੂ ਹਰਿਰਾਇ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਖ਼ਬਰ ਸੁਣ ਕੇ ਉਹ ਕੀਰਤਪੁਰ ਪੁੱਜਾ ਅਤੇ ਗੁਰਗੱਦੀ ਉਤੇ ਅਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨਿਜੀ ਸੇਵਾਦਾਰਾਂ (ਗੁਰਦਾਸ, ਗੁਰਬਖ਼ਸ਼ ਤੇ ਤਾਰਾ) ਨੂੰ ਛੱਡ ਕੇ ਇਕ ਵੀ ਸਿੱਖ ਨੇ ਉਸ ਦਾ ਸਾਥ ਨਾ ਦਿਤਾ। ਅਖ਼ੀਰ ਉਹ ਨਿਰਾਸ਼ ਹੋ ਕੇ ਦਿੱਲੀ ਪਰਤ ਗਿਆ। ਉਸ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੀ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਪਰ, ਔਰੰਗਜ਼ੇਬ ਅਪਣੀ ਸਲਤਨਤ ਦੇ ਪ੍ਰਬੰਧ ਵਿਚ ਏਨਾ ਫਸਿਆ ਹੋਇਆ ਸੀ ਕਿ ਉਹ ਰਾਮ ਰਾਏ ਨੂੰ ਨਿਜੀ ਤੌਰ ’ਤੇ ਮੁਲਾਕਾਤ ਵਾਸਤੇ ਸਮਾਂ ਨਾ ਦੇ ਸਕਿਆ। ਰਾਮ ਰਾਏ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿਚ ਦੋ ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ।
ਅਖ਼ੀਰ, ਰਾਮ ਰਾਏ ਨੂੰ ਔਰੰਗਜ਼ੇਬ ਨਾਲ ਮਿਲਣ ਦਾ ਸਮਾਂ ਮਿਲ ਹੀ ਗਿਆ। ਰਾਮ ਰਾਏ ਨੇ ਬੜਾ ਆਜਿਜ ਹੋ ਕੇ ਔਰੰਗਜ਼ੇਬ ਤੋਂ ਮਦਦ ਮੰਗੀ। ਔਰੰਗਜ਼ੇਬ ਨੇ ਰਾਮ ਰਾਏ ਦੀ ਮਦਦ ਦਾ ਵਾਅਦਾ ਕੀਤਾ। ਇਸ ਸਬੰਧ ਵਿਚ ਔਰੰਗਜ਼ੇਬ ਨੇ ਪਹਿਲਾ ਕੰਮ ਗੁਰੂ ਹਰਿਕਿ੍ਰਸ਼ਨ ਸਾਹਿਬ ਨੂੰ ਦਿੱਲੀ ਸੰਮਨ ਕਰਨ ਦਾ ਕੀਤਾ। ਉਸ ਨੇ ਗੁਰੂ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਦੀਵਾਨ ਪਰਸ ਰਾਮ ਦੀ ਡਿਊਟੀ ਲਾਈ। ਪਰਸ ਰਾਮ, 18 ਮਾਰਚ, 1664 ਦੇ ਦਿਨ ਕੀਰਤਪੁਰ ਪੁੱਜਾ ਅਤੇ ਔਰੰਗਜ਼ੇਬ ਦਾ ਸੁਨੇਹਾ ਦਿਤਾ। ਸੁਨੇਹਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ। ਅਗਲੇ ਦਿਨ ਗੁਰੂ ਜੀ, ਪਰਸ ਰਾਮ ਦੇ ਲਿਆਂਦੇ ਰਥ ਉਤੇ ਸਵਾਰ ਹੋ ਕੇ ਦਿੱਲੀ ਵਲ ਨੂੰ ਚਲ ਪਏ। ਗੁਰੂ ਜੀ ਨਾਲ ਦਾਦੀ ਬਸੀ, ਮਾਤਾ ਸੁਲੱਖਣੀ, ਦੀਵਾਨ ਦਰਗਹ ਮੱਲ, ਭਾਈ ਦਰੀਆ ਪਰਮਾਰ, ਭਾਈ ਮਨੀ ਰਾਮ (ਮਗਰੋਂ ਭਾਈ ਮਨੀ ਸਿੰਘ) ਤੇ ਕਈ ਹੋਰ ਸਿੱਖ ਵੀ ਦਿੱਲੀ ਨੂੰ ਚੱਲ ਪਏ।
ਪੰਜੋਖੜਾ, ਕੁਰੂਕਸ਼ੇਤਰ ਅਤੇ ਪਾਣੀਪਤ ’ਚੋਂ ਹੁੰਦੇ ਹੋਏ ਗੁਰੂ ਹਰਿਕਿ੍ਰਸ਼ਨ ਸਾਹਿਬ, 20 ਮਾਰਚ, 1664 ਦੇ ਦਿਨ ਦਿੱਲੀ ਪੁੱਜੇ। ਦਿੱਲੀ ਵਿਚ ਉਹ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ (ਮੌਜੂਦਾ ਗੁਰਦਵਾਰਾ ਬੰਗਲਾ ਸਾਹਿਬ) ਵਿਚ ਠਹਿਰੇ। ਜੈ ਸਿੰਘ ਉਸ ਵੇਲੇ ਦੱਖਣ ਦਾ ਗਵਰਨਰ ਸੀ ਅਤੇ ਉਸ ਬੰਗਲੇ ਵਿਚ ਉਸ ਦੀ ਰਾਣੀ ਪੁਸ਼ਪਾਵਤੀ ਅਤੇ ਪੁੱਤਰ ਕੰਵਰ ਰਾਮ ਸਿੰਘ ਰਹਿੰਦੇ ਸਨ। ਉਸ ਤੋਂ ਇਕ ਦਿਨ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਵੀ ਪੂਰਬ ਦੇ ਦੌਰੇ ਤੋਂ ਦਿੱਲੀ ਮੁੜੇ ਸਨ। ਉਹ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸ਼ਾਲਾ ਵਿਚ ਠਹਿਰੇ ਸਨ। ਉਸੇ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕਿ੍ਰਸ਼ਨ ਸਾਹਿਬ ਵੀ ਦਿੱਲੀ ਆਏ ਹੋਏ ਹਨ ਅਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵਿਚ ਠਹਿਰੇ ਹਨ।
ਗੁਰੂ ਤੇਗ ਬਹਾਦਰ ਸਾਹਿਬ, 22 ਮਾਰਚ, 1664 ਨੂੰ, ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ’ਤੇ ਗਏ ਅਤੇ ਗੁਰੂ ਹਰਿਕਿ੍ਰਸ਼ਨ ਸਾਹਿਬ ਨਾਲ ਮੁਲਾਕਾਤ ਕੀਤੀ। ਗੁਰੂ ਹਰਿਕਿ੍ਰਸ਼ਨ ਸਾਹਿਬ ਨੇ ਉਨ੍ਹਾਂ ਨੂੰ ਦੋ ਕੁ ਦਿਨ ਉਥੇ ਠਹਿਰਨ ਵਾਸਤੇ ਆਖਿਆ। ਇਹ ਦੋ ਦਿਨ ਗੁਰੂ ਹਰਿਕਿ੍ਰਸ਼ਨ ਸਾਹਿਬ ਉਨ੍ਹਾਂ ਨਾਲ ਵਿਚਾਰਾਂ ਕਰਦੇ ਰਹੇ। ਉਨ੍ਹਾਂ ਦੇ ਟੁਰਨ ਵੇਲੇ ਗੁਰੂ ਹਰਿਕਿ੍ਰਸ਼ਨ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ਮੈਨੂੰ ਇਲਹਾਮ ਹੋ ਰਿਹਾ ਹੈ ਕਿ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਰਿਹਾ ਹੈ ਤੇ ਜੇ ਅਜਿਹਾ ਹੋਇਆ ਤਾਂ ਗੁਰਗੱਦੀ ਤੁਸੀ ਸੰਭਾਲਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਤਾਂ ਚੁੱਪ ਰਹੇ ਤੇ ਫਿਰ “ਜੋ ਭਾਵੈ ਕਰਤਾਰ” ਆਖ ਕੇ ਅਲਵਿਦਾ ਬੁਲਾ ਕੇ ਬਕਾਲਾ ਵਲ ਨੂੰ ਚੱਲ ਪਏ।
ਗੁਰਗੱਦੀ ਉੱਪਰ ਬਿਰਾਜਮਾਨ ਹੋਣਾ: ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਆਖ਼ਰੀ ਸ਼ਬਦ ‘ਬਾਬਾ ਬਕਾਲਾ’ ਕਹੇ ਸਨ, ਜਿਸ ਦਾ ਅਰਥ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਹੋਣਾ ਸੀ। ਵਪਾਰੀ ਲੱਖੀ ਸ਼ਾਹ ਲੁਬਾਣਾ ਦਾ ਜਦੋਂ ਜਹਾਜ਼ ਡੁੱਬਦਾ ਸੀ ਤਾਂ ਉਸ ਨੇ ਅਰਦਾਸ ਕੀਤੀ ਕਿ ਉਹ ਗੁਰੂ ਜੀ ਦੇ ਚਰਨਾਂ ਵਿਚ 500 ਮੋਹਰਾਂ ਭੇਟ ਕਰੇਗਾ। ਜਦੋਂ ਲੱਖੀ ਸ਼ਾਹ ਲੁਬਾਣਾ ਬਾਬਾ ਬਕਾਲਾ ਵਿਖੇ ਪਹੁੰਚਿਆਂ ਤਾਂ ਉਸ ਨੇ 22 ਮੰਜੀਆਂ ’ਤੇ ਗੁਰੂ ਬੈਠੇ ਹੋਏ ਵੇਖੇ ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇਕ ਅੱਗੇ 2-2 ਮੋਹਰਾਂ ਰੱਖੀਆਂ ਜਦੋਂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਬਾਕੀ ਮੋਹਰਾਂ ਦੀ ਮੰਗ ਕੀਤੀ, ਜਿਸ ਤੋਂ ਲੱਖੀ ਸ਼ਾਹ ਲੁਬਾਣਾ ਨੇ ਖ਼ੁਸ਼ ਹੋ ਕੇ ਕਿਹਾ ‘ਗੁਰੂ ਲਾਧੋ ਰੇ ਗੁਰੂ ਲਾਧੋ’ ਗੁਰੂ ਮਿਲ ਗਿਆ ਹੈ। ਇਸ ਪ੍ਰਕਾਰ ਤੇਗ ਬਹਾਦਰ ਜੀ ਨੂੰ ਗੁਰੂ ਮੰਨ ਲਿਆ ਗਿਆ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਧੀਰ ਮੱਲ ਅਤੇ ਪ੍ਰਿਥੀ ਚੰਦ ਦੀਆਂ ਸੰਤਾਨਾਂ ਦਾ ਵਿਰੋਧ ਸਹਿਣਾ ਪਿਆ।
ਗੁਰੂ ਜੀ ਦੁਆਰਾ ਕੀਤੇ ਕਾਰਜ: ਉਨ੍ਹਾਂ ਨੂੰ 1664 ਈ. ਨੂੰ ਗੁਰਿਆਈ ਪ੍ਰਾਪਤ ਹੋਈ। ਗੁਰਗੱਦੀ ’ਤੇ ਬੈਠਣ ਤੋਂ ਬਾਅਦ ਗੁਰੂ ਜੀ ਨੂੰ ਅੰਮ੍ਰਿਤਸਰ ਵਿਚ ਦਾਖ਼ਲ ਨਹੀਂ ਹੋਣ ਦਿਤਾ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਬਣਾਇਆ ਗਿਆ। ਫਿਰ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਘੁੱਕੇ ਵਾਲੀ ਗਏ ਜਿਥੇ ਕੁਦਰਤੀ ਸੁੰਦਰਤਾ ਬਹੁਤ ਸੀ ਜਿਸ ਤੋਂ ਖ਼ੁਸ਼ ਹੋ ਕੇ ਇਸ ਦਾ ਨਾਮ ‘ਗੁਰੂ ਕਾ ਬਾਗ’ ਰੱਖ ਦਿਤਾ।
ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵਾ ਦੇ ਇਲਾਕੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ’ਤੇ ਗਏ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁ: ਵਿਚ ਜ਼ਮੀਨ ਖ਼ਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਜਿਸ ਨੂੰ ਫਿਰ ਮਾਖੋਵਾਲ ਕਿਹਾ ਜਾਣ ਲੱਗਾ। ਇਹ ਨਗਰ 16 ਜੂਨ 1665 ਵਿਚ ਵਸਾਇਆ ਗਿਆ। ਜੋ ਕਿ ਅਜੋਕਾ ਆਨੰਦਪੁਰ ਸਾਹਿਬ ਬਣ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਨ੍ਹਾਂ ਦੀ ਬਾਣੀ 15 ਰਾਗਾਂ ਵਿਚ ਉਚਾਰੀ ਹੋਈ ਮਿਲਦੀ ਹੈ ਜੋ ਕਿ ਇਸ ਪ੍ਰਕਾਰ ਹਨ:- ਗਉੜੀ, ਆਸਾ, ਦੇਵਗੰਧਾਰੀ, ਸੋਰਠਿ, ਧਨਾਸਰੀ, ਟੋਡੀ, ਤਿਲੰਗ, ਬਿਲਾਵਲੁ, ਬਿਹਗੜਾ , ਰਾਮਕਲੀ, ਮਾਰੂ, ਬਸੰਤ, ਬਸੰਤ ਹਿਡੋਲ, ਸਾਰੰਗ, ਜੈਜੈਵੰਤੀ ਰਾਗ ਵਿਚ ਹੈ।
ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ - ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਹੋਏ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਕੋਲ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। 25 ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਅਸੀ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਬਸੀ ਜਾਹਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ।
(ਚਲਦਾ)
