
ਜਿਹੜੀ ਬੇਸ਼ਕੀਮਤੀ ਸੇਵਾ ਅਕਾਲ ਪੁਰਖ ਜੀ ਨੇ ਇਨ੍ਹਾਂ ਤੋਂ ਕਰਵਾਈ, ਉਹ ਸਾਰੇ ਜ਼ਮਾਨੇ ਵਿਚ ਕੋਈ ਹੋਰ ਕਰ ਹੀ ਨਹੀਂ ਸੀ ਸਕਦਾ।
ਨਿੱਕੀਆਂ ਜਿੰਦਾਂ ਵਲੋਂ ਵਰਤਾਏ ਵੱਡੇ ਸਾਕੇ ਦੇ ਚਸ਼ਮਦੀਨ ਗਵਾਹ ਸਤਿਕਾਰਤ ਦੀਵਾਨ ਟੋਡਰ ਮੱਲ ਜੀ ਉਰਫ਼ ਲਾਲਾ ਖੇਮ ਰਾਮ ਕਾਕਰਾ ਜੀ ਦਾ ਨਾਂ ਰਹਿੰਦੀ ਦੁਨੀਆਂ ਤਕ ਅਮਰ ਰਹੇਗਾ ਕਿਉਂਕਿ ਜਿਹੜੀ ਬੇਸ਼ਕੀਮਤੀ ਸੇਵਾ ਅਕਾਲ ਪੁਰਖ ਜੀ ਨੇ ਇਨ੍ਹਾਂ ਤੋਂ ਕਰਵਾਈ, ਉਹ ਸਾਰੇ ਜ਼ਮਾਨੇ ਵਿਚ ਕੋਈ ਹੋਰ ਕਰ ਹੀ ਨਹੀਂ ਸੀ ਸਕਦਾ। ਇਸੇ ਲਈ, ਇਸ ਮਹਾਨ, ਪਵਿੱਤਰ ਅਤੇ ਇਤਿਹਾਸਕ ਸਥਾਨ ਅੰਦਰ ਵੜਦਿਆਂ ਹੀ ਜਿਹੜਾ ਦਰਵਾਜ਼ਾ ਸੱਭ ਦਾ ਦਿਲੀ ਸਵਾਗਤ ਕਰਦਾ ਹੈ, ਉਹ ਹੈ ਦੀਵਾਨ ਟੋਡਰ ਮੱਲ ਗੇਟ। ਗੁਰਦਵਾਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿਛਲੇ ਪਾਸੇ ਬਣੇ ਵੱਡੇ ਹਾਲ ਦਾ ਨਾਂ ਹੈ, ਦੀਵਾਨ ਟੋਡਰ ਮੱਲ ਹਾਲ, ਜਿਥੇ ਸਾਲਾਨਾ ਸ਼ਹੀਦੀ ਸਭਾ ਮੌਕੇ ਮੇਰੀ ਸਮਾਜ ਸੇਵੀ ਸੰਸਥਾ ਵਲੋਂ 2005 ਤੋਂ ਲਗਾਤਾਰ ਤੇਰਾਂ ਸਾਲ ਮੈਡੀਕਲ ਕੈਂਪ ਲਾਏ ਜਾ ਰਹੇ ਹਨ।
Todar Mall Hweli
ਬਦਲੇ ਹਾਲਾਤ ਵਿਚ ਦੋ ਕੁ ਸਾਲਾਂ ਤੋਂ ਸਾਨੂੰ ਭਾਵੇਂ ਇਸ ਸੇਵਾ ਤੋਂ, ਇਥੋਂ ਵੰਚਿਤ ਕਰ ਦਿਤਾ ਗਿਆ ਹੈ ਪਰ ਮੈਨੂੰ ਯਾਦ ਹੈ ਕਿ ਜਦੋਂ ਅਸੀ ਇਥੇ ਚੌਹਾਂ ਸਾਹਿਬਜ਼ਾਦਿਆਂ ਦੀ ਅਦੁਤੀ, ਬੇਮਿਸਾਲ, ਲਾਸਾਨੀ ਤੇ ਬੇਜੋੜ ਸ਼ਹਾਦਤ ਬਾਰੇ ਹਜ਼ਾਰਾਂ ਦੀ ਗਿਣਤੀ ਵਿਚ ਪਰਚੇ ਵੰਡਦੇ ਸੀ ਤਾਂ ਆਮ ਸੰਗਤ ਅਕਸਰ ਹੀ ਦੀਵਾਨ ਟੋਡਰ ਮੱਲ ਅਤੇ ਸ੍ਰੀ ਮੋਤੀ ਰਾਮ ਮਹਿਰਾ ਬਾਰੇ ਵਧੇਰੇ ਜਾਣਕਾਰੀ ਮੰਗਦੀਆਂ ਸਨ। ਕਈ ਵਾਰ ਚਾਹੁੰਦਿਆਂ ਹੋਇਆਂ ਵੀ, ਇਸ ਸੇਵਾ ਲਈ ਸਮਾਂ ਨਹੀਂ ਕੱਢ ਸਕੀ ਪਰ ਇਸ ਵਾਰ ਜਦੋਂ ‘ਜਹਾਜ਼ੀ ਹਵੇਲੀ’ ਦੀ ਅਤਿਅੰਤ ਦੁਰਦਸ਼ਾ ਦੇਖ ਕੇ ਪਰਤੀ ਤਾਂ ਅਪਣੇ ਸੁਹਿਰਦ ਪਾਠਕਾਂ ਤੇ ਸ਼ਰਧਾਲੂਆਂ ਦੀ ਉਸ ਚਿਰੋਕਣੀ ਮੰਗ ਪ੍ਰਤੀ ਚੁੱਪ ਕਰ ਕੇ ਨਹੀਂ ਬੈਠ ਸਕੀ।
ਮੁਗ਼ਲ ਸ਼ੈਲੀ ਵਿਚ ਬਣੀ, ਨਿਹਾਇਤ ਖ਼ੂਬਸੂਰਤ, ਦਿਲਖਿੱਚਵੀਂ, ਆਲੀਸ਼ਾਨ, ਪ੍ਰਭਾਵਸ਼ਾਲੀ ਤੇ ਵੱਡ ਆਕਾਰੀ ਹਵੇਲੀ ਭਾਵੇਂ ਅੱਜ ਅਸੀ ਸੰਭਾਲ ਨਹੀਂ ਸਕੇ ਪਰ ‘ਖੰਡਰ ਬਤਾ ਰਹੇ ਹੈਂ ਕਿ ਇਮਾਰਤ ਹਸੀਨ ਥੀ।’ ਕਿੰਨੇ ਸੁਹਣੇ ਦਿਲ ਵਾਲਾ ਹੋਵੇਗਾ ਟੋਡਰ ਮੱਲ! ਕਿੰਡੇ ਵਿਸ਼ਾਲ ਦਿਲ ਵਾਲੀ ਹੋਵੇਗੀ, ਉਸ ਦੀ ਹਮਸਫ਼ਰ!! ਕਿੰਨੀ ਮਹਾਨ ਹੋਵੇਗੀ ਉਸ ਦੀ ਬਿਰਧ ਮਾਤਾ!!! ਜਿਨ੍ਹਾਂ ਦੀਆਂ ਰੂਹਾਂ ਇਸ ਅਣਹੋਣੀ ’ਤੇ ਕੰਬੀਆਂ ਤੇ ਜ਼ਾਰੋ ਜ਼ਾਰ ਰੋਈਆਂ ਵੀ ਹੋਣਗੀਆਂ। ਇਸੇ ਲਈ ਗੁਰੂ ਦੇ ਮਾਸੂਮ ਲਾਲਾਂ ਦੀ ਲਾਮਿਸਾਲ ਸ਼ਹਾਦਤ ਪਿਛੋਂ ਬਿਰਧ ਮਾਤਾ, ਮਾਂ ਗੁਜਰੀ ਜੀ ਸਮੇਤ ਇਨ੍ਹਾਂ ਤਿੰਨਾਂ ਪਵਿੱਤਰ ਦੇਹਾਂ ਨੂੰ ਸਮੇਟਣਾ ਲਗਭਗ ਅਸੰਭਵ ਜਾਪਦਾ ਸੀ ਪਰ ਗੁਰੂ ਦੇ ਪਿਆਰੇ ਦੀਵਾਨ ਟੋਡਰ ਮੱਲ ਜੀ ਨੇ ਅਪਣੀ ਜਾਨ ਜੋਖਮ ਵਿਚ ਪਾ ਕੇ ਜ਼ਾਲਮ ਹਕੂਮਤ ਸਾਹਮਣੇ ਜੋ ਵੀ ਕੀਤਾ, ਉਹ ਜੁਗੋ ਜੁਗ ਅਟੱਲ ਹੋ ਗਿਆ ਹੈ।
Diwan Todar Mal
ਉਂਜ ਵੀ, ਔਲਾਦ ਤੋਂ ਵਿਰਵੇ ਟੋਡਰ ਮੱਲ ਨੂੰ ਕੁਦਰਤੀ ਤੌਰ ’ਤੇ ਵੀ ਬੱਚਿਆਂ ਨਾਲ ਕਿੰਨਾ ਉਦਰੇਵਾਂ, ਖਿੱਚ, ਸਿੱਕ, ਦੁਲਾਰ ਤੇ ਚਾਹਨਾ ਰਹੀ ਹੋਵੇਗੀ, ਇਸ ਗੱਲ ਦਾ ਅੰਦਾਜ਼ਾ ਅਸੀ ਸਹਿਵਨ ਹੀ ਲਾ ਸਕਦੇ ਹਾਂ। ਇਸ ਲਈ ਗੁਰੂ ਦੇ ਦੁਲਾਰਿਆਂ ਤੇ ਮਾਤਾਵਾਂ ਦੀਆਂ ਅੱਖਾਂ ਦੇ ਤਾਰਿਆਂ ਦਾ ਇਸ ਕਦਰ-ਜ਼ਾਲਮ ਹਕੂਮਤ ਵਲੋਂ ਕੋਹ ਕੋਹ ਕੇ ਸ਼ਹੀਦ ਕਰਨ ਦਾ ਮੰਜ਼ਰ ਕਿੰਨਾ ਅਕਹਿ ਤੇ ਅਸਹਿ ਸੀ ਕਿ ਪਰਜਾ ਵਿਚੋਂ ਦੋ ਕੁ ਮਰਜੀਵੜਿਆਂ ਤੋਂ ਬਿਨਾਂ ਸਾਰੇ ਖ਼ਾਮੋਸ਼ ਵੀ ਸਨ ਤੇ ਭੈਅਭੀਤ ਵੀ। ਪਰ ਇਥੇ ਉਠਿਆ ਗੁਰੂ ਦਾ ਬਖ਼ਸ਼ਿੰਦ ਲਾਲ ਜਿਸ ਨੇ ਚਾਰ ਵਰਗ ਗ਼ਜ਼ ਥਾਂ 78,000 ਸੋਨੇ ਦੀਆਂ ਮੋਹਰਾਂ ਦੇ ਕੇ ਖ਼ਰੀਦੀ ਜਿਸ ਦੀ ਇਕ ਮੋਟੇ ਅੰਦਾਜ਼ੇ ਮੁਤਾਬਕ, ਕੁਲ ਕੀਮਤ ਅੱਜ ਢਾਈ ਅਰਬ ਬਣਦੀ ਹੈ। ਦੁਨੀਆਂ ਦੀ ਸੱਭ ਤੋਂ ਮਹਿੰਗੀ ਜ਼ਮੀਨ ਖ਼ਰੀਦਣ ਦਾ ਰਿਕਾਰਡ ਸਿੱਖ ਧਰਮ ਦੇ ਇਤਿਹਾਸ ਵਿਚ ਹੀ ਦਰਜ ਹੋਇਆ ਹੈ ਕਿਉਂਕਿ ਨਾ ਪਿਛੋਂ ਤੇ ਨਾ ਪਹਿਲਾਂ ਕਦੇ ਜ਼ਮੀਨ ਐਨੇ ਮਹਿੰਗੇ ਮੁੱਲ ਵਿਕੀ ਹੈ ਤੇ ਐਲਾਨੀਆਂ, ਨਾ ਕਦੇ ਜੁਗਾਂ-ਜੁਗਾਂ ਤਕ ਵਿਕੇਗੀ ਹੀ।
Diwan Todar Mal
ਵਿਚਾਰਨਯੋਗ ਗੱਲ ਇਹ ਹੈ ਕਿ ਜਦੋਂ ਮੁਗ਼ਲ ਸ਼ਾਸਕਾਂ ਨੇ ਸਰਕਾਰੀ ਜ਼ਮੀਨ ’ਤੇ ਤਿੰਨ ਮਹਾਨ ਸ਼ਹੀਦਾਂ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿਤਾ ਹੋਵੇ ਤਾਂ ਸ਼ਰਧਾਲੂ ਸੰਗਤ ਕੋਲ ਹੋਰ ਕੋਈ ਬਦਲ ਹੀ ਨਹੀਂ ਸੀ ਬਚਿਆ ਪਰ ਅਪਣੀ ਬੇਸ਼ੁਮਾਰ ਦੌਲਤ (78000 ਸੋਨੇ ਦੀਆਂ ਅਸ਼ਰਫ਼ੀਆਂ) ਨੂੂੰ ਕੁਰਬਾਨ ਕਰਨ ਵਾਲਾ ਆਪ ਮੁਹਾਰੇ ਨਿੱਤਰਦੈ ਮੈਦਾਨ ਵਿਚ! ਵਾਕਈ ਦੀਵਾਨ ਟੋਡਰ ਮੱਲ ਮਾਇਆ ਪੱਖੋਂ ਹੀ ਭਰਿਆ ਪੂਰਿਆ ਨਹੀਂ ਸੀ ਬਲਕਿ ਦਿਲ ਦਾ ਵੀ ਰੱਜ ਕੇ ਅਮੀਰ ਵਪਾਰੀ ਸੀ ਜਿਸ ਦੀ ਰਿਹਾਇਸ਼, ਕਿਹਾ ਜਾਂਦਾ ਹੈ ਕਿ ਵਜ਼ੀਰ ਖ਼ਾਂ ਦੀ ਰਿਹਾਇਸ਼ ਦੇ ਐਨ ਕਰੀਬ ਸੀ। ਸੋ, ਸਪੱਸ਼ਟ ਹੈ ਕਿ ਦੋਹਾਂ ਵਿਚ ਵੱਡੀ ਸਾਂਝ ਰਹੀ ਹੋਵੇਗੀ ਜਿਸ ਕਰ ਕੇ ਮੁੱਲ ਤਾਰਨ ਪਿਛੋਂ ਉਹ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਮੰਨ ਗਿਆ ਸੀ।
ਵਿਸਥਾਰ ਅਧੀਨ ਟੋਡਰ ਮੱਲ ਜੀ ਬਾਰੇ ਹੋਰ ਲਿਖਣ ਤੋਂ ਪਹਿਲਾਂ, ਇਥੇ ਇਹ ਸਪੱਸ਼ਟ ਕਰ ਦੇਣਾ ਬੇਹੱਦ ਜ਼ਰੂਰੀ ਹੈ ਕਿ ਦੀਵਾਨ ਟੋਡਰ ਮੱਲ ਜੀ ਤੋਂ ਇਲਾਵਾ, ਬਾਦਸ਼ਾਹ ਅਕਬਰ ਦੇ ਦਰਬਾਰੀ ਨੌਂ ਰਤਨਾਂ ਵਿਚ ਸ਼ੁਮਾਰ, ਰਾਜਾ ਟੋਡਰ ਮੱਲ ਵੀ ਇਤਿਹਾਸ ਦਾ ਅਨਿੱਖੜ ਅੰਗ ਹੈ। ਹਿੰਦੂ ਧਰਮ ਦੇ ਨੇਤਾ ਟੋਡਰ ਮੱਲ, ਪਹਿਲੀ ਜਨਵਰੀ 1500 ਈ. ਵਿਚ ਯੂ.ਪੀ. ਦੇ ਲਹਿਰਪੁਰ ਪਿੰਡ ਵਿਚ ਪੈਦਾ ਹੋਏ ਸਨ ਜੋ ਕਿ ਬਾਅਦ ਵਿਚ ਮੁਗ਼ਲ ਰਾਜ ਸਮੇਂ ਖ਼ਜ਼ਾਨਾ ਮੰਤਰੀ ਦੇ ਵੱਡੇ ਅਹੁਦੇ ਤਕ ਪਹੁੰਚ ਗਏ। ਸਿਪਾਹੀ ਵਜੋਂ ਭਰਤੀ ਹੋਏ ਟੋਡਰ ਮੱਲ ਬੜੇ ਕਾਬਲ ਵਿਅਕਤੀ ਤੇ ਲਾਇਕ ਅਧਿਕਾਰੀ ਸਨ ਜਿਨ੍ਹਾਂ ਨੇ ਫ਼ਸਲਾਂ ਦੀ ਪੈਦਾਵਰ ਤੇ ਖ਼ਰਚ ਦੇ ਮੁਤਾਬਕ ਟੈਕਸ ਨਿਰਧਾਰਤ ਕੀਤੇ ਸਨ। ਮਾਲੀਏ ਦੀ ਉਗਰਾਹੀ ਲਈ ਪੰਦਰਾਂ ਸੂਬਿਆਂ ਤੇ ਅਗਾਂਹ ਹੋਰ ਪਰਗਨਿਆਂ ਦੀ ਵੰਡ ਇਸੇ ਰਾਜਾ ਟੋਡਰ ਮੱਲ ਦੇ ਦਿਮਾਗ਼ ਦੀ ਹੀ ਉਪਜ ਸੀ।
Chote Sahibzade
ਜ਼ਮੀਨਾਂ ਦਾ ਇਹ ਪ੍ਰਬੰਧ ਭਾਰਤੀ ਉਪ ਮਹਾਂਦੀਪ ਵਿਚ ਹੁਣ ਤਕ ਪ੍ਰਚਲਿਤ ਹੈ, ਭਾਵੇਂ ਬਰਤਾਨਵੀ ਤੇ ਭਾਰਤ ਸਰਕਾਰ ਨੇ ਇਸ ਵਿਚ ਹੋਰ ਵੀ ਕਈ ਸੁਧਾਰ ਕੀਤੇ ਹਨ। ਅਕਬਰ ਦੀਆਂ ਨਰਮ ਨੀਤੀਆਂ ਕਾਰਨ ਰਾਜਾ ਟੋਡਰ ਮੱਲ ਨੂੰ ਮਿਹਨਤ ਕਰਨ ਦਾ ਢੁਕਵਾਂ ਸਮਾਂ ਮਿਲਿਆ ਤੇ ਉਸ ਦਾ ਸ਼ੁਮਾਰ ਵੀ ਨੌਂ ਰਤਨਾਂ ਵਿਚ ਕੀਤਾ ਗਿਆ ਜਿਸ ਦੇ ਅਧੀਨ 15 ਹੋਰ ਦੀਵਾਨ ਕੰਮ ਕਰਦੇ ਸਨ। ਉਹ ਮੁਗ਼ਲ ਸਲਤਨਤ ਦਾ ਕਾਬਲ ਸਲਾਹਕਾਰ ਵੀ ਸੀ ਤੇ ਬਾਦਸ਼ਾਹ ਦਾ ਵਿਸ਼ਵਾਸਪਾਤਰ ਵੀ। 1589 ਵਿਚ ਰਾਜਾ ਟੋਡਰ ਮੱਲ ਦਾ ਲਾਹੌਰ ਵਿਖੇ ਦੇਹਾਂਤ ਹੋ ਗਿਆ।
ਚੰਗੀ ਸ਼ੁਹਰਤ, ਨੇਕਨਾਮੀ ਤੇ ਇੱਜ਼ਤ ਕਮਾ ਕੇ ਰਾਜਾ ਟੋਡਰ ਮੱਲ ਇਸ ਦੁਨੀਆਂ ਤੋਂ ਰੁਖ਼ਸਤ ਹੋਇਆ। ਕਈ ਲੋਕ ਦੋਵਾਂ ਨੂੰ ਰਲਗੱਡ ਕਰ ਕੇ ਇਕੋ ਵਿਅਕਤੀ ਵਜੋਂ ਵੀ ਦੇਖਦੇ ਹਨ ਅਤੇ ਖਿੱਚ ਘੜੀਸ ਕੇ ਰਾਜਾ ਟੋਡਰ ਮੱਲ ਨੂੰ ਦੀਵਾਨ ਟੋਡਰ ਮੱਲ ਦੇ ਜੀਵਨ ਕਾਲ ਨਾਲ ਮੇਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਭੁਲੇਖੇ ਦਾ ਵੱਡਾ ਕਾਰਨ ਸਾਡੀ ਜਾਚੇ ਨਾਵਾਂ ਦੀ ਸਾਂਝ ਦੇ ਨਾਲ-ਨਾਲ ਕਿੱਤਿਆਂ ਜਾਂ ਅਹੁਦਿਆਂ ਦੀ ਸਾਂਝ ਵੀ ਕਿਹਾ ਜਾ ਸਕਦਾ ਹੈ। ਦੋਵੇਂ ਮੁਗ਼ਲ ਹਕੂਮਤ ਨਾਲ ਵੀ ਵਾਬਸਤਾ ਸਨ ਤੇ ਦੋਵੇਂ ਹਿੰਦੂ ਧਰਮ ਨਾਲ ਸਬੰਧਿਤ ਸਨ। ਦੋਵੇਂ ਅਪਣੀ ਕਾਬਲੀਅਤ ਦੇ ਸਿਰ ’ਤੇ ਅਹਿਮ ਰੁਤਬਿਆਂ ’ਤੇ ਪਹੁੰਚੇ ਸਨ। ਦੋਵੇਂ ਹਰਮਨ ਪਿਆਰੇ ਵੀ ਸਨ ਤੇ ਜਨ ਆਧਾਰੀ ਵੀ। ਖ਼ਜ਼ਾਨਾ ਅਫ਼ਸਰ ਜਾਂ ਮੰਤਰੀ ਅੱਜ ਵੀ ਬੜਾ ਅਹਿਮ, ਮਹੱਤਵਪੂਰਨ ਤੇ ਵੱਕਾਰੀ ਵਿਭਾਗ ਮੰਨਿਆ ਜਾਂਦਾ ਹੈ।
Todar mal Haveli Sirhind
ਉਹ ਵੀ ਮਹਾ ਤੁਅੱਸਬੀ, ਫ਼ਿਰਕਾਪ੍ਰਸਤ ਤੇ ਇਸਲਾਮੀ ਕੱਟੜਤਾ ਨਾਲ ਵਾਬਸਤਾ ਬਾਦਸ਼ਾਹਾਂ ਜਾਂ ਸੂਬੇਦਾਰਾਂ ਵਿਚ। ਇਸੇ ਲਈ ਦੋਵੇਂ ਹੀ ਦੀਵਾਨ ਟੋਡਰ ਮੱਲ ਗ਼ੈਰ ਇਸਲਾਮੀ ਸੰਸਾਰ ਵਿਚ ਵੀ ਬੇਹੱਦ ਮਕਬੂਲ, ਪ੍ਰਸਿੱਧ ਤੇ ਸਤਿਕਾਰਤ ਹੋਏ ਹਨ ਜਦੋਂਕਿ ਸਿੱਖ ਜਗਤ ਵਿਚ ਦੀਵਾਨ ਟੋਡਰ ਮੱਲ ਸਦਾ ਸਦਾ ਲਈ ਅਮਰ ਹੋ ਗਏ ਹਨ। ਦੀਵਾਨ ਟੋਡਰ ਮੱਲ ਦੀ ਹਵੇਲੀ, ਤਲਾਨੀਆਂ ਪਿੰਡ ਨਜ਼ਦੀਕ, ਮੁਹੱਲਾ ਹਰਨਾਮ ਨਗਰ ਵਿਚ ਸੁਸ਼ੋਭਿਤ ਹੈ ਜਿਹੜਾ ਸਰਹੰਦ ਰੋਪੜ ਰੇਲਵੇ ਲਾਈਨ ਨੇੜੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਿਲੋਮੀਟਰ ਕੁ ਦੀ ਦੂਰੀ ’ਤੇ ਸਥਿਤ ਹੈ। ਦੂਰੋਂ ਹੀ ਸ਼ਰਧਾਲੂਆਂ ਨੂੰ ਖਿੱਚਾਂ ਪਾਉਂਦੀ, ਧਿਆਨ ਖਿੱਚਦੀ ਇਹ ਅਤਿਅੰਤ ਆਲੀਸ਼ਾਨ ਇਮਾਰਤ ਕਿੰਨੀ ਸਾਂਭਣਯੋਗ ਸੀ, ਸੰਭਾਲਣਯੋਗ ਹੈ, ਸ਼ਾਇਦ ਸਾਡੇ ‘ਜ਼ਿੰਮੇਵਾਰ’ ਪ੍ਰਬੰਧਕਾਂ ਨੂੰ ਪੂਰਾ ਅਹਿਸਾਸ ਨਹੀਂ ਕਿਉਂਕਿ ਸਿੱਖ ਇਤਿਹਾਸ ਦੀਆਂ ਜੁਝਾਰੂ ਕਰਨੀਆਂ ਤੇ ਪ੍ਰਾਪਤੀਆਂ ਨੂੰ ਅਸੀ ਉਸ ਤਰ੍ਹਾਂ ਨਹੀਂ ਸਾਂਭ ਸਕੇ ਜਿਵੇਂ ਯਹੂਦੀਆਂ, ਅੰਗਰੇਜ਼ਾਂ ਤੇ ਦੂਸਰੀਆਂ ਕੌਮਾਂ ਨੇ ਸੰਭਾਲਿਆ ਹੋਇਆ ਹੈ। ਇਸ ਦਾ ਸਮੁੱਚਾ ਪ੍ਰਬੰਧਨ ਸਾਡੀ ਸ਼੍ਰੋਮਣੀ ਕਮੇਟੀ ਕੋਲ ਹੈ ਤੇ ਉਸ ਨੂੰ ਸਿਆਸਤ ਤੋਂ ਹੀ ਫ਼ੁਰਸਤ ਨਹੀਂ।
Sirhind
ਸਭਿਆਚਾਰਕ ਤੇ ਵਿਰਾਸਤੀ ਸਥਾਨਾਂ ਦੀ ਸਾਂਭ ਸੰਭਾਲ ਤੇ ਦੇਖ-ਰੇਖ ਲਈ ਨਿਸ਼ਚੇ ਹੀ ਵਖਰਾ ਵਿਭਾਗ, ਮਾਹਰ ਬੰਦੇ ਅਤੇ ਸੁਚੱਜੀ ਵਿਉਂਤਬੰਦੀ ਦੀ ਲੋੜ ਹੈ ਜਿਸ ਵਲ ਨਾਂਮਾਤਰ ਹੀ ਧਿਆਨ ਦਿਤਾ ਗਿਆ ਹੈ। ਇਹ ਵੀ ਕਿ ਦੂਸਰੀਆਂ ਹੋਰ ਇਤਿਹਾਸਕ ਯਾਦਾਂ ਨੂੰ ਸੰਗਮਰਮਰਾਂ ਥੱਲੇ ਦੱਬਣ, ਲੁਕਾਉਣ ਅਤੇ ਮਲੀਆਮੇਟ ਕਰਨ ਵਾਲੇ ਕਾਰ ਸੇਵਕ ਬਾਬਿਆਂ ਤੋਂ ਬਚਾ ਕੇ, ਇਸ ਨੂੰ ਇਸ ਦੇ ਕੁਦਰਤੀ ਸਰੂਪ ਵਿਚ ਸੰਭਾਲਣ ਦੀ ਅੱਜ ਸ਼ਿੱਦਤ ਭਰੀ ਲੋੜ ਹੈ। 17ਵੀਂ ਸਦੀ ਵਿਚ ਹੋਏ ਦੀਵਾਨ ਜੀ ਬਾਰੇ ਅਧਿਐਨ ਕਰਦਿਆਂ, ਕੁੱਝ ਹੈਰਤ ਅੰਗੇਜ਼ ਤੱਥਾਂ ਦੀ ਜਾਣਕਾਰੀ ਵੀ ਮਿਲੀ ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਕਾਕਰਾ ਪਿੰਡ ਵਿਚ ਪੈਦਾ ਹੋਏ ਦੀਵਾਨ ਟੋਡਰ ਮੱਲ ਦੀਆਂ ਗਾਥਾਵਾਂ ਤਾਂ ਹੁਣ ਤਕ ਦਖਣੀ ਭਾਰਤ ਦੇ ਤਿਰੁਪਤੀ ਮੰਦਰ ਵਿਚ ਵੀ ਪ੍ਰਚਲਿਤ ਹਨ, ਜਿਥੇ ਉਸ ਦੀ ਪਤਨੀ ਤੇ ਮਾਤਾ ਸਮੇਤ ਤਿੰਨਾਂ ਦੀਆਂ ਮੂਰਤੀਆਂ ਸੁਸ਼ੋਭਿਤ ਹਨ ਕਿਉਂਕਿ ਕਿਹਾ ਜਾਂਦਾ ਹੈ
Todar mal Haveli Sirhind
ਕਿ ਜਦੋਂ ਔਰੰਗਜ਼ੇਬ ਤਕ ਇਸ ਸਾਰੇ ਬਿਰਤਾਂਤ ਦੀ ਖ਼ਬਰ ਪਹੁੰਚੀ ਸੀ ਤਾਂ ਟੋਡਰ ਮੱਲ ਜੀ ਨੂੰ ਹਕੂਮਤੀ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਇਸ ਜ਼ੁਲਮ ਤੋਂ ਬਚਣ ਲਈ ਉਹ ਦਖਣੀ ਭਾਰਤ ਵਲ ਚਲੇ ਗਏ। ਉਸ ਵਕਤ ਥੀਰੂਮਾਲਾ ਤਿਰੁਪਤੀ ਮੰਦਰ ਵੀ ਬਹੁਤ ਸੰਕਟ ਵਿਚ ਸੀ ਕਿਉਂਕਿ ਨਿਜ਼ਾਮ ਦੀਆਂ ਮੁਸਲਿਮ ਫ਼ੌਜਾਂ ਤੇ ਅੰਗਰੇਜ਼ਾਂ ਦੀ ਕਾਣੀ ਅੱਖ ਵੀ ਇਸ ਸਮਰਿੱਧ, ਰੱਜੇ ਪੁੱਜੇ ਤੇ ਹਿੰਦੂਤਵ ਦੇ ਗੜ੍ਹ ਮੰਦਰ ਉਪਰ ਕਹਿਰਵਾਨ ਸੀ। ਇਤਿਹਾਸ ਵਿਚ ਜ਼ਿਕਰ ਹੈ ਕਿ ਮੰਦਰ ਦੇ ਪਰੋਹਿਤਾਂ ਨੇ ਜਦੋਂ ਦੀਵਾਨ ਟੋਡਰ ਮੱਲ ਬਾਰੇ ਸੁਣਿਆ ਤਾਂ ਉਨ੍ਹਾਂ ਨੂੰ ਬਹੁਤ ਸੰਤਾਵਨਾ ਹੋਈ। ਸਕੂਨ ਮਿਲਿਆ ਕਿ ਉਹ ਸਰਹਿੰਦ ਵਿਖੇ ਐਡੇ ਜੋਖਮ ਭਰੇ ਕਾਰਜ ਨੂੰ ਸੰਪੂਰਨ ਕਰਨ ਮਗਰੋਂ, ਹੁਣ ਬਾਲਾ ਜੀ ਤਿਰੁਪਤੀ ਮੰਦਰ ਨੂੰ ਵੀ ਬਚਾਉਣਗੇ। ਆਪ ਖਤਰੀ ਧਰਮ ਦੇ ਆਸਥਾਵਾਨ ਹੋਣ ਕਰ ਕੇ ਉਨ੍ਹਾਂ ਨੇ ਪੂਰੀ ਨਿਡਰਤਾ ਅਤੇ ਫ਼ਰਾਖ਼ਦਿਲੀ ਨਾਲ ਇਸ ਮੰਦਰ ਨੂੰ ਵੀ ਨਿਜ਼ਾਮ ਤੇ ਅੰਗਰੇਜ਼ਾਂ ਤੋਂ ਬਚਾਇਆ। ਅਪਣੇ ਭਗਵਾਨ ਲਈ ਕੀਤੀਆਂ ਉਨ੍ਹਾਂ ਦੀਆਂ ਅਣਥੱਕ, ਨਿਸ਼ਕਾਮ ਤੇ ਸ਼ਾਨਦਾਰ ਸੇਵਾਵਾਂ ਲਈ ਮੰਦਰ-ਪ੍ਰਬੰਧਕਾਂ ਨੇ ਤਿੰਨਾਂ ਦੀਆਂ ਮੂਰਤੀਆਂ ਬਾਲਾ ਜੀ ਤਿਰੁਪਤੀ ਮੰਦਰ ਵਿਖੇ ਸੁਸ਼ੋਭਿਤ ਕਰ ਦਿਤੀਆਂ।
Saka Sirhind
ਇੰਜ ਦੀਵਾਨ ਟੋਡਰ ਮੱਲ ਦੀ ਘਾਲਣਾ ਯੁਗਾਂ-ਯੁਗਾਂ ਤਕ ਅਮਰ ਕਰ ਦਿਤੀ ਗਈ। ਵਾਕਈ ਕਿੰਨਾ ਮਹੀਨ ਤੇ ਜ਼ਹੀਨ ਇਨਸਾਨ ਸੀ ਦੀਵਾਨ ਟੋਡਰ ਮੱਲ ਜਿਸ ਨੇ ਸੰਸਾਰ ਵਿਚ ਐਡੇ ਮਹਾਨ ਕਾਰਜ ਕਰ ਕੇ, ਗੁਰੂ ਪਿਆਰਿਆਂ ਦੇ ਨਾਲ-ਨਾਲ ਹਿੰਦੂ ਮੰਦਰ ਦੀ ਵੀ ਖ਼ਿਦਮਤ ਕੀਤੀ ਤੇ ਅਮਰਤਾ ਪ੍ਰਾਪਤ ਕੀਤੀ। ਬਿਨਾਂ ਸ਼ੱਕ, ਤਿਰੁਪਤੀ ਮੰਦਰ ਦਖਣੀ ਭਾਰਤ ਵਿਚ ਬੇਹੱਦ ਮਕਬੂਲ ਮੰਦਰ ਮੰਨਿਆ ਜਾਂਦਾ ਹੈ, ਜਿਥੇ ਆਮ ਤੋਂ ਖ਼ਾਸ, ਸਾਰੇ ਸ਼ਰਧਾਲੂ ਅਪਣੀ ਅਪਣੀ ਮੰਨਤ ਪੂਰੀ ਕਰਨ ਲਈ ਢੁਕਦੇ ਹਨ।
ਸਮੁੱਚੇ ਤੌਰ ’ਤੇ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਇਤਿਹਾਸ ਤੋਂ ਜਾਣੂੰ ਹਰ ਉਹ ਖ਼ੁਦਾ ਦਾ ਬੰਦਾ, ਜਿਹੜਾ ਦਸਮੇਸ਼ ਪਿਤਾ ਦੀ ਬੇਜੋੜ ਦੇਣ, ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਦਾ ਕਦਰਦਾਨ ਹੈ, ਦੀਵਾਨ ਟੋਡਰ ਮੱਲ ਦੀ ਸਾਹਸੀ ਕੁਰਬਾਨੀ ਦਾ ਵੀ ਬੇਹੱਦ ਸਨਮਾਨ ਕਰਦਾ ਹੈ। ਹਰ ਆਸਥਾਵਾਨ ਹਰਨਾਮ ਨਗਰ ਦੀਆਂ ਤੰਗ ਜਿਹੀਆਂ ਗਲੀਆਂ ਤੇ ਗੰਦਗੀ ਭਰੇ ਰਾਹਾਂ ਤੋਂ ਹੋ ਕੇ ਅਤਿਅੰਤ ਨਿਮਰਤਾ ਅਤੇ ਸਤਿਕਾਰ ਨਾਲ ਇਸ ਖੰਡਰਨੁਮਾ ਹਵੇਲੀ ਤਕ ਪਹੁੰਚਦਾ ਹੈ। ਛੋਟੇ ਜਿਹੇ ‘ਦੀਵਾਨ ਟੋਡਰ ਮੱਲ ਮਾਰਗ’ ਦੀ ਤਖ਼ਤੀ ਤੋਂ ਪਹਿਲਾਂ ਕੋਈ ਦਿਸ਼ਾ ਸੂਚਕ ਬੋਰਡ ਨਹੀਂ, ਕੋਈ ਰੱਖ-ਰਖਾਅ ਨਹੀਂ, ਇਕ ਬਜ਼ੁਰਗ ਸਿੰਘ ਤੇ ਉਸ ਦੀ ਸਿੰਘਣੀ ਥੋੜੀ ਬਹੁਤ ਜਾਣਕਾਰੀ ਦੇ ਕੇ ਆਏ ਗਏ ਦਾ ਥੋੜਾ ਬਹੁਤ ਸਵਾਗਤ ਕਰਦੇ ਹਨ।
ਕਿਤੇ ਆਈਆਂ ਸੰਗਤ ਦੀਆਂ ਕਾਰਾਂ ਖੜੀਆਂ ਕਰਨ ਦਾ ਪ੍ਰਬੰਧ ਨਹੀਂ ਜਿਵੇਂ ਗੁਰੂ ਘਰ ਦੇ ਦੀਵਾਨੇ ਦੀਵਾਨ ਜੀ ਦੀ ਇਸ ਮਾਅਰਕੇ ਦੀ ਜਹਾਜ਼ ਹਵੇਲੀ ਨੂੰ ਇਕ ਨਜ਼ਰ ਤੱਕਣ ਲਈ ਢੁਕਦੇ ਹਨ। ਬਜ਼ੁਰਗ ਜੋੜੇ ਨੇ ਇਹ ਵੀ ਦਸਿਆ ਕਿ ਪੁਰਾਤੱਤਵ ਵਿਭਾਗ ਤੋਂ ਸ਼੍ਰੋਮਣੀ ਕਮੇਟੀ ਨੇ ਇਸ ਵਿਰਾਸਤੀ ਹਵੇਲੀ ਦਾ ਕੇਸ ਜਿੱਤ ਲਿਆ ਹੈ। ਵਾਹਿਗੁਰੂ ਦੇ ਚਰਨਾਂ ਵਿਚ ਸਾਡੀ ਅਰਦਾਸ ਹੈ ਕਿ ਦੁਨੀਆਂ ਦੀ ਸੱਭ ਤੋਂ ਕੀਮਤੀ ਧਰਤੀ ਖ਼ਰੀਦ ਕੇ, ਗੁਰੂ ਮਾਤਾ ਤੇ ਗੁਰੂ ਲਾਲਾਂ ਦਾ ਸਸਕਾਰ ਕਰ ਕੇ ਦਰ ਬਦਰ ਹੋਣ ਵਾਲੇ ਦੀਵਾਨ ਟੋਡਰ ਮੱਲ ਦੀ ਕਦੇ ਰਿਹਾਇਸ਼ ਰਹੀ, ਇਸ ਅਮੋਲਕ ਅਮਾਨਤ ਨੂੰ ਚਿਰਜੀਵੀ ਬਣਾਉਣ ਲਈ ਸਾਡੀ ਸ਼੍ਰੋਮਣੀ ਕਮੇਟੀ ਨੂੰ ਸੁਮੱਤ ਬਖ਼ਸ਼ਣ। ਇਸ ਦੀ ਸੁਚੱਜੀ ਸੰਭਾਲ ਅੱਜ ਦੀ ਮੁੱਖ ਲੋੜ ਹੈ।
ਸੰਪਰਕ: 98156-20515