
ਆਸਟ੍ਰੇਲੀਆ ਦੇ ਗੁਰਦਵਾਰਾ ਪ੍ਰਬੰਧਕਾਂ ਨੇ ਨੋਟਿਸ ਬੋਰਡ 'ਤੇ ਲਿਖਿਆ ਹੈ ਕਿ ਲੰਗਰ ਸਿਰਫ਼ ਕੁਰਸੀਆਂ 'ਤੇ ਬੈਠ ਕੇ ਹੀ ਛਕਿਆ ਜਾਵੇ। ਇਸ ਮਾਮਲੇ 'ਤੇ ਟਿਪਣੀ...
ਅੰਮ੍ਰਿਤਸਰ: ਆਸਟ੍ਰੇਲੀਆ ਦੇ ਗੁਰਦਵਾਰਾ ਪ੍ਰਬੰਧਕਾਂ ਨੇ ਨੋਟਿਸ ਬੋਰਡ 'ਤੇ ਲਿਖਿਆ ਹੈ ਕਿ ਲੰਗਰ ਸਿਰਫ਼ ਕੁਰਸੀਆਂ 'ਤੇ ਬੈਠ ਕੇ ਹੀ ਛਕਿਆ ਜਾਵੇ। ਇਸ ਮਾਮਲੇ 'ਤੇ ਟਿਪਣੀ ਕਰਦਿਆ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਇਹ ਸਿੱਖੀ ਪ੍ਰੰਪਰਾਵਾਂ ਦੀਆਂ ਧੱਜੀਆਂ ਉਡਾਣ ਵਾਲਾ ਫੁਰਮਾਨ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਗਤ ਨੂੰ ਗੁਰਮਰਿਆਦਾ ਅਨੁਸਾਰ ਸੰਗਤ ਤੇ ਪੰਗਤ ਵਿਚ ਪ੍ਰਸ਼ਾਦਾ ਛਕਾਉਣ ਦੀ ਪਰੰਪਰਾ ਸਿੱਖ ਧਰਮ ਵਿਚ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ।
ਉਨ੍ਹਾਂ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਵਿਦੇਸ਼ਾਂ ਵਿਚ ਜਾ ਕੇ ਸਿੱਖ ਅਪਣੀਆਂ ਪਰੰਪਰਾਵਾਂ ਤੋਂ ਦੂਰ ਹੋ ਜਾਣ ਸਗੋਂ ਦਸਣਾ ਤਾਂ ਅਸੀਂ ਵਿਦੇਸ਼ੀਆਂ ਨੂੰ ਸਿੱਖੀ ਪਰੰਪਰਾਵਾਂ ਬਾਰੇ ਸੀ ਪਰ ਅਸੀਂ ਅਪਣਾ ਆਪ ਹੀ ਭੁੱਲ ਰਹੇ ਹਾਂ। ਜਥੇਦਾਰ ਨੇ ਕਿਹਾ ਕਿ ਸਾਨੂੰ ਇਹ ਸਿਧਾਂਤ ਦਿਤਾ ਸੀ ''ਪਹਿਲਾ ਪੰਗਤ ਪਾਛੈ ਸੰਗਤ” ਪਰ ਅਸੀਂ ਇਸ ਸਿਧਾਂਤ ਨੂੰ ਤਿਲਾਂਜਲੀ ਦੇ ਰਹੇ ਹਾਂ। ਉਨ੍ਹਾਂ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਹੈ ਕਿ ਇਹ ਅਪਣੀ ਲਿਖਤ ਨੂੰ ਵਾਪਸ ਲੈਣ ਅਤੇ ਸੰਗਤ ਨੂੰ ਗੁਰ ਮਰਿਆਦਾ ਅਨੁਸਾਰ ਹੀ ਪ੍ਰਸ਼ਾਦਾ ਛਕਾਉਣ ਪਰ ਜੇ ਕੋਈ ਅਪਾਹਜ਼ ਹੋਵੇ ਤਾਂ ਉਸ ਲਈ ਵਖਰਾ ਪ੍ਰਬੰਧ ਕੀਤਾ ਜਾਵੇ।