
ਪਾਕਿਸਤਾਨ ਵਿਚ ਸਿੱਖ ਬੀਬੀਆਂ ਵਲੋਂ ਅਪਣੀ ਮਿਹਨਤ ਨਾਲ ਸਫ਼ਲਤਾ ਦੇ ਝੰਡੇ ਗੱਡੇ ਜਾ ਰਹੇ ਹਨ। ਕੁੱਝ ਸਮਾਂ ਪਹਿਲਾਂ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਈਸ਼ਰ...
ਅੰਮ੍ਰਿਤਸਰ, ਪਾਕਿਸਤਾਨ ਵਿਚ ਸਿੱਖ ਬੀਬੀਆਂ ਵਲੋਂ ਅਪਣੀ ਮਿਹਨਤ ਨਾਲ ਸਫ਼ਲਤਾ ਦੇ ਝੰਡੇ ਗੱਡੇ ਜਾ ਰਹੇ ਹਨ। ਕੁੱਝ ਸਮਾਂ ਪਹਿਲਾਂ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਈਸ਼ਰ ਸਿੰਘ ਦੀ ਪੁੱਤਰ ਬੀਬੀ ਸਤਵੰਤ ਕੌਰ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਐਮ ਫਿਲ ਕਰਨ ਵਾਲੀ ਪਾਕਿਸਤਾਨ ਦੀ ਪਹਿਲੀ ਸਿੱਖ ਕੁੜੀ ਬਣੀ ਸੀ। ਇਸੇ ਪੇਸ਼ਾਵਰ ਸ਼ਹਿਰ ਦੀ ਮਨਮੀਤ ਕੌਰ ਨੇ ਵੀ ਪਾਕਸਿਤਾਨੀ ਨਿਊਜ਼ ਚੈਨਲ ਹਮ ਟੀਵੀ 'ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੀ ਪਾਕਿਸਤਾਨ ਦੀ ਪਹਿਲੀ ਸਿੱਖ ਲੜਕੀ ਵਜੋਂ ਅਪਣੀ ਪਛਾਣ ਸਥਾਪਤ ਕੀਤੀ ਸੀ।
ਇਸੇ ਲੜੀ ਵਿਚ ਹੁਣ ਤਾਜ਼ਾ ਨਾਂ ਜਗਜੀਤ ਕੌਰ ਦਾ ਜੁੜ ਗਿਆ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਅਵਤਾਰ ਸਿੰਘ ਦੀ ਪੁੱਤਰੀ ਬੀਬੀ ਜਗਜੀਤ ਕੌਰ ਦੀ ਨਿਯੁਕਤੀ ਪਾਕਿਸਤਾਨ ਦੇ ਇਕ ਸਰਕਾਰੀ ਬੈਂਕ ਵਿਚ ਡੈਟਾ ਐਂਟਰੀ ਅਫ਼ਸਰ (ਡੀਈਓ) ਦੇ ਅਹੁਦੇ 'ਤੇ ਹੋਈ ਹੈ ਜਿਸ ਨਾਲ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਜਗਜੀਤ ਕੌਰ ਪਾਕਿਸਤਾਨ ਦੀ ਪਹਿਲੀ ਸਿੱਖ ਕੁੜੀ ਹੈ।
ਲਾਹੌਰ ਤੋਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਅੰਜੁਮ ਗਿੱਲ 'ਅੰਮ੍ਰਿਤਸਰੀ' ਅਤੇ ਬਾਬਰ ਜਲੰਧਰੀ ਨੇ ਦਸਿਆ ਕਿ ਪਾਕਿਸਤਾਨ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਸਿੱਖ ਬੀਬੀਆਂ ਅਪਣੀ ਮਿਹਨਤ, ਪੜ੍ਹਾਈ ਅਤੇ ਲਗਨ ਦਾ ਲੋਹਾ ਮਨਵਾਉਂਦੀਆਂ ਹੋਈਆਂ ਉਚ ਅਹੁਦਿਆਂ 'ਤੇ ਨਿਯੁਕਤ ਹੋ ਰਹੀਆਂ ਹਨ ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਅੰਜੁਮ ਗਿੱਲ ਨੇ ਦਸਿਆ ਕਿ ਬੀਬੀ ਜਗਜੀਤ ਕੌਰ ਦੀ ਨਿਯੁਕਤੀ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਖ਼ੁਸ਼ਹਾਲੀ ਮਾਈਕ੍ਰੋ ਫ਼ਾਈਨਾਂਸ ਬੈਂਕ ਵਿਚ ਡੈਟਾ ਐਂਟਰੀ ਅਫ਼ਸਰ ਵਜੋਂ ਹੋਈ ਹੈ।