
ਅਕਾਲ ਤਖ਼ਤ ਮੂਹਰੇ ਅਰਜੋਈ ਕਰਦਿਆਂ ਬੀਤੇ ਸਮੇਂ ਵਿਚ ਹੋਈਆਂ ਭੁੱਲਾਂ ਮਾਫ਼ ਕਰਨ ਦਾ ਕਹਿ ਕੇ ਜੋ ਵੀ ਸਜ਼ਾ ਹੋਈ ਖਿੜੇ-ਮੱਥੇ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ।
ਕੋਟਕਪੂਰਾ (ਗੁਰਿੰਦਰ ਸਿੰਘ): ਗ਼ੈਰ ਔਰਤ ਨਾਲ ਅਸ਼ਲੀਲ ਵੀਡੀਉ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਮੁਤਾਬਕ ਪੰਥ ਵਿਚੋਂ ਛੇਕ ਦਿਤਾ ਗਿਆ ਸੀ। ਸੁੱਚਾ ਸਿੰਘ ਲੰਗਾਹ ਨੇ ਪਹਿਲਾਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਅਕਾਲ ਤਖ਼ਤ ਨੂੰ ਚੁਣੌਤੀ ਦੇਣ ਵਾਲੇ ਰਾਹ ਅਪਣਾਉਂਦਿਆਂ ਪੰਥ ਵਿਚ ਸ਼ਾਮਲ ਹੋਣ ਦੇ ਇਕ ਤੋਂ ਵੱਧ ਵਾਰ ਯਤਨ ਕੀਤੇ ਪਰ ਹੁਣ ਉਸ ਨੇ ਅਕਾਲ ਤਖ਼ਤ ਮੂਹਰੇ ਅਰਜੋਈ ਕਰਦਿਆਂ ਬੀਤੇ ਸਮੇਂ ਵਿਚ ਹੋਈਆਂ ਭੁੱਲਾਂ ਮਾਫ਼ ਕਰਨ ਦਾ ਕਹਿ ਕੇ ਜੋ ਵੀ ਸਜ਼ਾ ਹੋਈ ਖਿੜੇ-ਮੱਥੇ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ।
Giani Harpreet Singh
ਜਦੋਂ ਇਸ ਸਬੰਧੀ ਪੱਤਰਕਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਬਾਕੀ ਦੇ ਤਖ਼ਤਾਂ ਦੇ ਜਥੇਦਾਰਾਂ ਨਾਲ ਗੱਲਬਾਤ ਕਰ ਕੇ ਇਕੱਤਰਤਾ ਵਿਚ ਹੀ ਵਿਚਾਰਣਗੇ। ਹੁਣ ਅਕਾਲ ਤਖ਼ਤ ਸਾਹਿਬ ਤੋਂ ਸਿਰਫ਼ ਕਿੜ ਕੱਢਣ ਵਾਲੇ ਤਿੰਨ ਹੁਕਮਨਾਮਿਆਂ ਸਮੇਤ ਸੌਦਾ ਸਾਧ, ਆਰਐਸਐਸ ਅਤੇ ਨੂਰਮਹਿਲੀਆਂ ਖਿਲਾਫ਼ ਹੋਏ ਹੁਕਮਨਾਮਿਆਂ ਦਾ ਜ਼ਿਕਰ ਕਰਨਾ ਹੋਵੇ ਤਾਂ ਬਾਦਲ ਪ੍ਰਵਾਰ ਨੇ ਸੌਦਾ ਸਾਧ, ਆਰਐਸਐਸ ਅਤੇ ਨੂਰਮਹਿਲੀਆਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੇ ਮੱਦੇਨਜਰ ਜਾਰੀ ਹੋਏ ਹੁਕਮਨਾਮਿਆਂ ਨੂੰ ਮਾਨਤਾ ਦੇਣ ਦੀ ਜ਼ਰੂਰਤ ਹੀ ਨਾ ਸਮਝੀ।
Joginder Singh Vedanti
ਹੁਣ ਕਿੜ ਕੱਢਣ ਵਾਲੇ ਸਿਰਫ਼ ਤਿੰਨ ਹੁਕਮਨਾਮੇ ਜਾਰੀ ਕਰ ਕੇ ਉਨ੍ਹਾਂ ਪੰਥਕ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੂੰ ਇਸ ਗੱਲ ਤੋਂ ਪੰਥ ਵਿਚੋਂ ਛੇਕ ਦਿਤਾ, ਕਿਉਂਕਿ ਵੇਦਾਂਤੀ ਨੇ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਪੁਸਤਕ ਨੂੰ ਖੁਦ ਰਿਲੀਜ਼ ਕਰਦਿਆਂ ਛਾਪਣ ਅਤੇ ਵੇਚਣ ਦੀ ਪ੍ਰਵਾਨਗੀ ਦੇ ਦਿਤੀ ਸੀ। ਜਦੋਂ ਭਾਈ ਕਾਲਾ ਅਫ਼ਗਾਨਾ ਨੇ ਤੱਥਾਂ ਦੇ ਆਧਾਰ ’ਤੇ ਅੰਕੜਿਆਂ ਸਹਿਤ ਸਬੂਤ ਪੇਸ਼ ਕਰਦਿਆਂ ਇਸ ਦਾ ਵਿਰੋਧ ਕੀਤਾ ਤਾਂ ਗਿਆਨੀ ਵੇਦਾਂਤੀ ਨੇ ਉਸ ਨੂੰ ਪੰਥ ਵਿਚੋਂ ਛੇਕ ਦਿਤਾ।
Joginder Singh
‘ਰੋਜ਼ਾਨਾ ਸਪੋਕਸਮੈਨ’ ਦੇ ਮੁੱਖ ਸੰਪਾਦਕ ਸ੍ਰ. ਜੋਗਿੰਦਰ ਸਿੰਘ ਨੇ ਕਾਲਾ ਅਫ਼ਗਾਨਾ ਦੇ ਹੱਕ ਵਿਚ ਦਲੀਲਾਂ ਦੇ ਕੇ ਜਦੋਂ ਵਿਰੋਧ ਕੀਤਾ ਤਾਂ ਇਤਿਹਾਸ ਨੂੰ ਕਲੰਕਿਤ ਕਰਨ ਵਾਲਾ ਫ਼ੈਸਲਾ ਸੁਣਾਉਂਦਿਆਂ ਗਿਆਨੀ ਵੇਦਾਂਤੀ ਨੇ ਸ੍ਰ. ਜੋਗਿੰਦਰ ਸਿੰਘ ਖਿਲਾਫ ਵੀ ਹੁਕਮਨਾਮਾ ਜਾਰੀ ਕਰ ਦਿਤਾ ਕਿਉਂਕਿ ਦੁਨੀਆਂ ਦੇ ਇਤਿਹਾਸ ਵਿਚ ਅਜਿਹੀ ਇਕ ਵੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਗਲਤ ਪਿਰਤ ਦਾ ਵਿਰੋੋਧ ਕਰਨ ਵਾਲੇ ਵਿਅਕਤੀ ਦੀ ਵਕਾਲਤ ਕਰਨ ਵਾਲੇ ਵਕੀਲ ਨੂੰ ਹੀ ਸਜ਼ਾ ਸੁਣਾ ਦਿਤੀ ਗਈ ਹੋਵੇ।
Sucha Singh Langah
ਸਮੇਂ-ਸਮੇਂ ਮੂਹਰਲੀ ਕਤਾਰ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਖੁਦ ਸ੍ਰ ਜੋਗਿੰਦਰ ਸਿੰਘ ਨੂੰ ਫ਼ੋਨ ਕਰ ਕੇ ਮੰਨਦੇ ਰਹੇ ਕਿ ਉਨ੍ਹਾਂ ਖਿਲਾਫ ਹੁਕਮਨਾਮਾ ਸਿਰਫ਼ ਕਿੜ ਕੱਢਣ ਲਈ ਜਾਰੀ ਹੋਇਆ, ਇਸ ਤੋਂ ਇਲਾਵਾ ਖੁਦ ਗਿਆਨੀ ਗੁਰਬਚਨ ਸਿੰਘ ਨੇ ਬਤੌਰ ਜਥੇਦਾਰ ਅਕਾਲ ਤਖ਼ਤ ਸਾਹਿਬ ਫੋਨ ਕਰ ਕੇ ਮੰਨਿਆ ਕਿ ਜੋਗਿੰਦਰ ਸਿੰਘ ਦਾ ਕੋਈ ਕਸੂਰ ਨਹੀਂ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪੋ੍ਰ. ਦਰਸ਼ਨ ਸਿੰਘ ਨੂੰ ਬਿਨਾ ਕਸੂਰੋਂ ਤਲਬ ਕੀਤਾ ਗਿਆ, ਉਹ ਅਕਾਲ ਤਖ਼ਤ ’ਤੇ ਪੇਸ਼ ਵੀ ਹੋਏ, ਤਖ਼ਤਾਂ ਦੇ ਜਥੇਦਾਰ ਉਨ੍ਹਾਂ ਨੂੰ ਅਪਣੇ ਨਿਜੀ ਕਮਰਿਆਂ ਵਿੱਚ ਪੇਸ਼ ਹੋਣ ਲਈ ਮਜਬੂਰ ਕਰਦੇ ਰਹੇ ਪਰ ਉਨ੍ਹਾਂ ਵਲੋਂ ਇਨਕਾਰ ਕਰਨ ’ਤੇ ਪੋ੍ਰ. ਦਰਸ਼ਨ ਸਿੰਘ ਨੂੰ ਵੀ ਸਾਰੇ ਸਿਧਾਂਤ ਛਿੱਕੇ ਟੰਗ ਕੇ ਪੰਥ ’ਚੋਂ ਛੇਕਣ ਦਾ ਹੁਕਮ ਸੁਣਾ ਦਿਤਾ ਗਿਆ।
ਸੁੱਚਾ ਸਿੰਘ ਲੰਗਾਹ ਦੀ ਕਿਸੇ ਗ਼ੈਰ ਔਰਤ ਨਾਲ ਵਾਇਰਲ ਹੋਈ ਅਸ਼ਲੀਲ ਵੀਡੀਉ ਨੇ ਸਿੱਖ ਕੌਮ ਅਤੇ ਪੰਥ ਦੀ ਬਹੁਤ ਬਦਨਾਮੀ ਕਰਾਈ। ਉਕਤ ਘਟਨਾ ਨੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਸੀ ਕਿ ਪੰਥ ਦੀ ਚੜਦੀਕਲਾ ਲਈ ਅਥਾਹ ਯੋਗਦਾਨ ਪਾਉਣ ਵਾਲੀਆਂ ਪੰਥਕ ਸ਼ਖਸ਼ੀਅਤਾਂ ਨੂੰ ਤਾਂ ਕਿੜ ਕੱਢਣ ਲਈ ਪੰਥ ਵਿਚੋਂ ਛੇਕਿਆ ਜਾ ਰਿਹਾ ਹੈ, ਜਦਕਿ ਪੰਥ ਦੀ ਬਦਨਾਮੀ ਕਰਵਾਉਣ ਵਾਲਿਆਂ ਲਈ ਉੱਚ ਅਹੁਦੇ ਰਾਖਵੇਂ ਰੱਖੇ ਜਾ ਰਹੇ ਹਨ।