
Panthak News: ਜਥੇਦਾਰ ਸਾਹਿਬਾਨ ਫ਼ੈਸਲਾ ਦੇਣ ਵੇਲੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਣ : ਐਡਵੋਕੇਟ ਚੱਢਾ
Panthak News: ਪੰਜਾਬ ਬੁੱਧੀ ਜੀਵੀ ਮੰਚ ਦੇ ਪ੍ਰਧਾਨ ਐਡਵੋਕੇਟ ਜੇ ਪੀ ਐੱਸ ਚੱਢਾ ਅਤੇ ਗੁਰੂਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਕੇ ਰੱਖਣ ਦੀ ਬਜਾਏ ਲਿਫ਼ਾਫ਼ਾ ਕਲਚਰ ਜਾਰੀ ਰੱਖਦਿਆਂ ਅਪਣਾ ਪੱਖ ਬੰਦ ਲਿਫ਼ਾਫ਼ੇ ਵਿਚ ਦੇਣ ਤੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਹੈ ਕਿ ਇਹ ਬੰਦ ਲਿਫ਼ਾਫ਼ਾ ਕਲਚਰ ਕਦੋਂ ਸਿੱਖ ਕੌਮ ਦੇ ਗਲੋਂ ਲਹੇਗਾ?
ਇਥੇ ਗੱਲਬਾਤ ਦੌਰਾਨ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ : ਰਘਬੀਰ ਸਿੰਘ ਨੂੰ ਬੇਨਤੀ ਕੀਤੀ ਕਿ ਮਾਮਲੇ ਦੀ ਪਾਰਦਰਸ਼ਤਾ ਲਈ ਇਹ ਲਿਫ਼ਾਫ਼ਾ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਜਦੋਂ ਸਿੱਖ ਜੰਗਲਾਂ ਵਿਚ ਰਹਿੰਦੇ ਸਨ ਉਸ ਵੇਲੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਇਹ ਹਾਲ ਨਹੀਂ ਸੀ ਹੋਇਆ ਜਿਵੇਂ ਅੱਜ ਅਪਣੀ ਮਰ ਰਹੀ ਸਾਖ਼ ਨੂੰ ਬਚਾਉਣ ਲਈ ਕੁਝ ਆਗੂ ਯਤਨਸ਼ੀਲ ਹਨ ਪਰ ਉਨ੍ਹਾਂ ਦੇ ਬੁਰੇ ਮਨਸੂਬੇ ਖ਼ਾਲਸਾ ਪੰਥ ਕਦੇ ਸਫ਼ਲ ਨਹੀਂ ਹੋਣ ਦੇਵੇਗਾ।
ਉਨ੍ਹਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਇੱਕਮੁੱਠ ਹੋ ਕੇ ਹਰ ਸੰਭਵ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਕੌਮ ਨੂੰ ਬਖਸ਼ੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਦੁਨੀਆਂ ਦੀ ਕੋਈ ਵੱਡੀ ਤੋਂ ਵੱਡੀ ਤਾਕਤ ਮੰਨਣ ਤੋਂ ਮੁਨਕਰ ਨਹੀਂ ਹੋ ਸਕਦੀ।
ਜਥੇਦਾਰ ਰਤਨ ਸਿੰਘ ਅਤੇ ਐਡਵੋਕੇਟ ਜੇ ਪੀ ਐੱਸ ਚੱਢਾ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਫ਼ੈਸਲਾ ਲੈਣ ਵੇਲੇ ਸਿੱਖ ਕੌਮ ਦਾ ਇਤਿਹਾਸ ਅਤੇ ਕੌਮ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਣ। ਅਜਿਹਾ ਕੋਈ ਵੀ ਫ਼ੈਸਲਾ ਜੋ ਤਖ਼ਤ ਦੀ ਮਰਿਆਦਾ ਤੋਂ ਪਾਸੇ ਜਾ ਕੇ ਕਿਸੇ ਦੇ ਬਚਾਓ ਲਈ ਲੈਣ ਦੀ ਕੀਤੀ ਗਈ ਕੋਸ਼ਿਸ਼ ਕੌਮ ਨੂੰ ਵੱਡੇ ਇਮਤਿਹਾਨ ਵਿਚ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਰਿਵਾਇਤੀ ਅਕਾਲੀ “ਆਗੂਆਂ’’ ਵਲੋਂ ਅਪਣੇ ਹਿਤਾਂ ਲਈ ਮਨ ਮਰਜ਼ੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਜੋ ਸ਼ਹੀਦਾਂ ਦੀ ਜਥੇਬੰਦੀ ਸੀ ਦਾ ਇਹ ਹਸ਼ਰ ਕਰ ਦਿਤਾ ਗਿਆ ਹੈ।
ਆਗੂਆਂ ਨੇ ਕਿਹਾ ਹੈ ਕਿ ਜੇਕਰ “ ਰੋਜ਼ਾਨਾ ਸਪੋਕਸਮੈਨ’’ ਦੇ ਪੰਥ ਹਿਤੈਸ਼ੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਵਲੋਂ ਦਿਤੇ ਗਏ 13 ਨੁਕਾਤੀ ਪ੍ਰੋਗਰਾਮ ਤੇ ਅਮਲ ਕੀਤਾ ਜਾਂਦਾ ਹੈ ਤਾਂ ਸਿੱਖ ਪੰਥ ਨੂੰ ਲੱਗੀ ਢਾਅ ਤੋਂ ਹੋਏ ਰਾਜਸੀ ਨੁਕਸਾਨ ਦੀ ਪੂਰਤੀ ਹੋ ਸਕਦੀ ਹੈ। ਇਸ ਮੌਕੇ ਇੰਜੀ: ਪ੍ਰੇਮ ਸਿੰਘ ਖਾਲਸਾ, ਜਸਬੀਰ ਸਿੰਘ, ਜਗਤਾਰ ਸਿੰਘ ਸ਼ਹੀਦਗੜ੍ਹ ਅਤੇ ਸੁਰਜੀਤ ਸਿੰਘ ਖੱਟੜਾ ਵੀ ਹਾਜ਼ਰ ਸਨ।