
ਰੈਫ਼ਰੈਂਡਮ ਮਾਮਲਾ, ਇਕ ਸਾਲ ਬੀਤਿਆ, ਰੈੱਡ ਕਾਰਨਰ ਨੋਟਿਸ ਤਕ ਨਾ ਹੋਇਆ ਜਾਰੀ..........
ਚੰਡੀਗੜ੍ਹ : ਸਿੱਖਜ਼ ਫ਼ਾਰ ਜਸਟਿਸ ਸੰਗਠਨ ਦਾ ਮੁਖੀ ਅਮਰੀਕਾ ਨਿਵਾਸੀ ਗੁਰਪਤਵੰਤ ਸਿੰਘ ਪੰਨੂ ਇਕ ਵਾਰ ਫਿਰ ਚਰਚਾ ਵਿਚ ਹੈ। ਪਹਿਲਾ ਰੈਫ਼ਰੈਂਡਮ 2020 ਨੂੰ ਲੈ ਕੇ ਸੁਰਖੀਆਂ ਵਿਚ ਆਏ ਪੰਨੂ ਨੇ ਹੁਣ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਹੈ, ਇਸ ਧਮਕੀ ਨੂੰ ਲੈ ਕੇ ਅਤਿਵਾਦ ਵਿਰੋਧੀ ਸੰਗਠਨ ਦੇ ਪ੍ਰਧਾਨ ਵੀਰੇਸ਼ ਸ਼ਾਡਿਲਯਾ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦੇ ਕੇ ਪੰਨੂ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਗ਼ੌਰ ਕਾਰਨ ਲਾਇਕ ਹੈ ਗੱਲ ਇਹ ਕਿ ਪੰਨੂ ਵਿਰੁਧ ਪੰਜਾਬ ਪੁਲਿਸ ਨੇ ਇਕ ਸਾਲ ਪਹਿਲਾ ਰੈਫ਼ਰੈਂਡਮ 2020 ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ।
ਏਨਾ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਮਾਮਲੇ ਵਿਚ ਕੋਈ ਕਾਰਵਾਈ ਪੁਲਿਸ ਨੇ ਹਾਲੇ ਤਕ ਨਹੀਂ ਕੀਤੀ ਹੈ। ਇਕ ਸਾਲ ਪਹਿਲਾ ਪੰਜਾਬ ਪੁਲਿਸ ਵਲੋਂ ਰੈਫ਼ਰੈਂਡਮ 2020 ਨੂੰ ਲੈ ਕੇ ਦਰਜ ਕੀਤੇ ਗਏ ਮਾਮਲੇ ਵਿਚ ਨਾ ਤਾਂ ਪੁਲਿਸ ਚਲਾਨ ਪੇਸ਼ ਕਰ ਪਾਈ ਤੇ ਨਾ ਹੀ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ। ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤਕ ਦੀ ਕਾਰਵਾਈ ਕਰਨ ਲਈ ਪੁਲਿਸ ਨੂੰ ਇਕ ਵਰ੍ਹੇ ਵਿਚ ਸਮਾਂ ਨਾ ਮਿਲਿਆ। ਦਸਣਯੋਗ ਹੈ ਕਿ ਪੰਜਾਬ ਪੁਲਿਸ ਨੇ 13 ਮਹੀਨੇ ਪਹਿਲਾ 6 ਜੁਲਾਈ 2017 ਨੂੰ ਇਹ ਕੇਸ ਮੋਹਾਲੀ ਦੇ ਸੋਹਾਣਾ ਥਾਣੇ ਵਿਚ 149 ਨੰਬਰ ਐਫ਼ਆਈਆਰ ਤਹਿਤ ਅਪਣੇ ਹੀ ਇਕ ਥਾਣੇਦਾਰ ਅਤੁਲ ਸੋਨੀ ਦੇ ਬਿਆਨ 'ਤੇ ਦਰਜ ਕੀਤਾ ਸੀ।
ਪੁਲਿਸ ਵਲੋਂ ਐਨੇ ਸਮੇਂ ਵਿਚ ਕਾਰਵਾਈ ਨਾ ਕਰਨ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਪੁਲਿਸ ਨੇ ਇਹ ਕੇਸ ਐਵੇਂ ਹੀ ਦਰਜ ਕਰ ਦਿਤਾ ਸੀ। 16 ਸਤੰਬਰ ਨੂੰ ਇਸ ਮਾਮਲੇ ਦੇ ਮੁੱਖ ਦੋਸ਼ੀ ਗੁਰਪਤਵੰਤ ਸਿੰਘ ਪੰਨੂ ਵਲੋਂ ਭਾਰਤ ਦੇ ਕੁੱਝ ਮੀਡੀਆ ਨੂੰ ਉਨ੍ਹਾਂ ਦੀ ਸੱਤ ਸਮੁੰਦਰੋਂ ਪਾਰ ਕਵਰੇਜ ਕਰਨ ਤੋਂ ਵਰਜਿਆ ਗਿਆ ਸੀ। ਹਾਲਾਂਕਿ ਪੰਨੂ ਨੇ ਹਾਲ ਹੀ ਵਿਚ ਰੈਫ਼ਰੈਂਡਮ 2020 ਨੂੰ ਲੈ ਕੇ ਅਪਣੀ ਕਾਰਵਾਈ ਜਾਰੀ ਰੱਖਦਿਆਂ ਇਸ ਬਾਰੇ ਵਿਦੇਸ਼ ਵਿਚ ਰੈਲੀ ਕੀਤੀ ਹੈ। ਆਮ ਤੌਰ 'ਤੇ ਪੁਲਿਸ ਅਪਰਾਧਿਕ ਮਾਮਲਿਆਂ ਦਾ 90 ਦਿਨਾਂ ਵਿਚ ਚਲਾਨ ਪੇਸ਼ ਕਰਦੀ ਹੈ।
ਪਰ ਇਕ ਵੱਡੇ ਸੰਗੀਨ ਜੁਰਮ ਦੇ ਦੋਸ਼ ਤਹਿਤ ਦਰਜ ਕੀਤੀ ਗਈ ਐਫ਼ਆਈਆਰ ਨੂੰ ਲੈ ਕੇ ਇੰਜ ਕੀਤਾ ਜਾਣਾ ਪੁਲਿਸ ਦੀ ਹੀ ਕਾਰਵਾਈ 'ਤੇ ਕਈ ਸਵਾਲ ਖੜੇ ਕਰਦਾ ਹੈ। ਇਸ ਕੇਸ ਵਿਚ ਪੰਨੂ ਤੋਂ ਇਲਾਵਾ ਜਗਦੀਪ ਸਿੰਘ, ਜਗਜੀਤ ਸਿੰਘ ਸਾਰੇ ਨਿਵਾਸੀ ਨਿਊਯਾਰਕ ਯੂਐਸਏ, ਹਰਪੁਨੀਤ ਸਿੰਘ ਵਾਸੀ ਜੰਮੂ ਕਸ਼ਮੀਰ ਤੇ ਗੁਰਪ੍ਰੀਤ ਸਿੰਘ ਵੀ ਦੋਸ਼ੀ ਹਨ। ਗੁਰਪ੍ਰੀਤ ਨਿਵਾਸੀ ਸੈਕਟਰ 80 ਮੋਹਾਲੀ ਉਹ ਵਿਅਕਤੀ ਹੈ ਜਿਸ 'ਤੇ ਰੈਫ਼ਰੈਂਡਮ 2020 ਦੇ ਪਰਚੇ ਅਪਣੀ ਪ੍ਰਿੰਟਿੰਗ ਪ੍ਰੈਸ ਵਿਚ ਛਾਪਣ ਦਾ ਦੋਸ਼ ਹੈ।
ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬੱਬੀ ਬਾਦਲ ਦਾ ਪੀਏ ਰਿਹਾ ਗੁਰਪ੍ਰੀਤ ਕਾਫ਼ੀ ਸਮਾਂ ਵਿਦੇਸ਼ ਵੀ ਰਹਿ ਕੇ ਆਇਆ ਹੈ। ਪੁਲਿਸ ਇਸ ਮਾਮਲੇ ਵਿਚ ਅਜੇ ਤਕ ਭਾਰਤ ਵਿਚ ਰਹਿੰਦੇ ਗੁਰਪ੍ਰੀਤ, ਹਰਪੁਨੀਤ ਸਹਿਤ ਦੋ ਦੋਸ਼ੀਆਂ ਨੂੰ ਹੀ ਕਾਬੂ ਕਰ ਸਕੀ ਹੈ। ਇਸ ਬਾਰੇ ਗੱਲ ਕਰਨ 'ਤੇ ਐਸਐਸਪੀ ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।