
ਗੁਰੂ ਘਰਾਂ 'ਚ ਕੈਮੀਕਲ ਪਰਫ਼ਿਊਮ ਦੀ ਬਜਾਏ ਸ਼ੁਧ ਪਰਫ਼ਿਊਮ ਦੀ ਵਰਤੋਂ ਕੀਤੀ ਜਾਵੇ : ਭਾਈ ਰੰਧਾਵਾ
ਫ਼ਤਹਿਗੜ੍ਹ ਸਾਹਿਬ (ਰਾਜਿੰਦਰ ਸਿੰਘ ਭੱਟ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਮੈਂਬਰ ਅੰਤਿ੍ਗ ਕਮੇਟੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਤੋਂ ਅੰਤਿ੍ਗ ਕਮੇਟੀ ਦੀਆਂ ਮੀਟਿੰਗ ਵਿਚ ਹਰ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਤੇ ਗੁਰਮਤਿ ਸਿਧਾਂਤਾਂ ਨਾਲ ਸਬੰਧਤ ਮਸਲੇ ਚੁੱਕ ਰਹੇ ਹਨ, ਪਰ ਵਾਰ-ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਹੋ ਰਹੇ ਸਰੂਪਾਂ ਵਿਚ ਤਰੁਟੀਆਂ ਆ ਰਹੀਆਂ ਹਨ |
ਭਾਈ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਕਈ ਬੀਬੀਆਂ ਮੈਂਬਰਾਂ ਵਜੋਂ ਸੇਵਾ ਕਰ ਰਹੀਆਂ ਪਰ ਉਨ੍ਹਾਂ ਦੇ ਪਤੀ ਗੁਰੂ ਘਰਾਂ 'ਚ ਬੇਲੋੜੀ ਦਖ਼ਲਅੰਦਾਜ਼ੀ ਕਰ ਰਹੇ ਹਨ, ਇਥੋਂ ਤਕ ਕਿ ਮੈਨੇਜਰਾਂ ਦੀਆਂ ਬਦਲੀਆਂ ਦੇ ਚਰਚੇ ਵੀ ਸੁਣਨ ਵਿਚ ਆ ਰਹੇ ਹਨ | ਜਦੋਂ ਕਿ ਧਾਰਮਕ, ਕਾਨੂੰਨ ਤੇ ਨੈਤਿਕ ਤੌਰ 'ਤੇ ਇਸ ਨੂੰ ਕਿਸੇ ਵੀ ਤਰ੍ਹਾਂ ਚੰਗਾ ਨਹੀਂ ਠਹਿਰਾਇਆ ਜਾ ਸਕਦਾ, ਗੁਰੂ ਘਰਾਂ ਵਿਚ ਅਜਿਹੀਆਂ ਗੱਲਾਂ ਬਰਦਾਸ਼ਤਹੀਣ ਹਨ |
ਭਾਈ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਾਂ ਆ ਰਹੇ ਗੁਰੂਧਾਮਾਂ 'ਚ ਕੈਮੀਕਲ ਅਤੇ ਅਲਕੋਲ ਯੁਕਤ ਪਰਫ਼ਿਊਮ ਦਾ ਛਿੜਕਾਅ ਕੀਤਾ ਜਾਂਦਾ ਹੈ ਜਿਸ 'ਤੇ ਪਾਬੰਦੀ ਲੱਗੇ ਅਤੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰਖਦਿਆਂ ਹੋਇਆ ਕੈਮੀਕਲ ਪਰਫ਼ਿਊਮ ਦੀ ਬਜਾਏ ਸ਼ੁਧ ਪਰਫ਼ਿਊਮ ਦੀ ਵਰਤੋਂ ਕੀਤੀ ਜਾਵੇ | ਇਸ ਤੋਂ ਇਲਾਵਾ ਭਾਰਤ ਤੇ ਕੈਨੇਡਾ ਦੇ ਮਸਲੇ ਨੂੰ ਦੇਖਦੇ ਹੋਏ ਅਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅਪਣਾ ਪੱਖ ਸਪੱਸ਼ਟ ਕੀਤਾ ਜਾਵੇ |