
ਪ੍ਰੋ.ਹਰਮਿੰਦਰ ਸਿੰਘ ਨੇ ਡਾਢੀ ਚਿੰਤਾ ਪ੍ਰਗਟ ਕਰਦਿਆਂ ਕਿਹਾ,"ਆਖ਼ਰ ਸਾਧ ਲਾਣੇ ਨੂੰ ਕਦੋਂ ਅਕਲ ਆਵੇਗੀ,ਇਹ ਕਿਵੇਂ ਕਿਸੇ ਬੰਦੇ ਦੇ ਬੋਲਣ ਦੀ ਆਜ਼ਾਦੀ 'ਤੇ ਪਾਬੰਦੀ ਲਾ ਸਕਦੇ ਹਨ
ਨਵੀਂ ਦਿੱਲੀ: 27 ਮਾਰਚ (ਅਮਨਦੀਪ ਸਿੰਘ) ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਪ੍ਰੋ.ਹਰਮਿੰਦਰ ਸਿੰਘ ਮੁਖਰਜੀ ਨਗਰ ਨੇ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਚੌਹਲਾ ਸਾਹਿਬ, ਤਰਨਤਾਰਨ ਦੇ ਆਪਣੇ ਗੁਰਮਤਿ ਸਮਾਗਮ ਰੱਦ ਕਰ ਕੇ, ਸਿੱਖਾਂ ਨੂੰ ਮੁੜ ਤੋਂ ਭਰਾ ਮਾਰੂ ਜੰਗ ਤੋਂ ਬਚਾ ਲਿਆ ਹੈ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਵੀ ਭਾਈ ਢੱਡਰੀਆਂ ਨੇ ਇਸੇ ਤਰ੍ਹਾਂ ਦੇ ਵਿਰੋਧ ਦੇ ਚਲਦੇ ਅਪਣੇ ਸਮਾਗਮ ਰੱਦ ਕਰ ਦਿਤੇ ਸਨ, ਤਾ ਕਿ ਕੋਈ ਹਿੰਸਕ ਕਾਰਵਾਈ ਨਾ ਹੋਵੇ।
ਪ੍ਰੋ.ਹਰਮਿੰਦਰ ਸਿੰਘ ਨੇ ਡਾਢੀ ਚਿੰਤਾ ਪ੍ਰਗਟ ਕਰਦਿਆਂ ਕਿਹਾ, "ਆਖ਼ਰ ਸਾਧ ਲਾਣੇ ਨੂੰ ਕਦੋਂ ਅਕਲ ਆਵੇਗੀ, ਇਹ ਕਿਵੇਂ ਕਿਸੇ ਬੰਦੇ ਦੇ ਬੋਲਣ ਦੀ ਆਜ਼ਾਦੀ 'ਤੇ ਪਾਬੰਦੀ ਲਾ ਸਕਦੇ ਹਨ। ਇਸ ਤਰ੍ਹਾਂ ਦੀਆਂ ਸ਼ਰੇਆਮ ਧਮਕੀਆਂ ਦੇਣ ਵਾਲਿਆਂ ਨੂੰ ਨੱਥ ਪਾਉਣ ਦੀ ਲੋੜ ਹੈ। ਲੋਕ ਰਾਜ ਵਿਚ ਹਰ ਇਕ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ, ਪਰ ਵਿਰੋਧੀਆਂ ਦਾ ਮਾਨਸਕ ਪੱਧਰ ਐਨਾ ਵੀ ਨਹੀਂ, ਕਿ ਉਹ ਭਾਈ ਢੱਡਰੀਆਂ ਦੇ ਗੁਰਮਤਿ ਵਿਚਾਰਾਂ ਨੂੰ ਗੁਰਬਾਣੀ ਮੁਤਾਬਕ ਸਮਝ ਸਕਣ। ਭਾਈ ਢੱਡਰੀਆਂ ਨੇ ਤਾਂ ਕਦੇ ਵਿਰੋਧੀਆਂ ਨੂੰ ਕੋਈ ਧਮਕੀ ਨਹੀਂ ਦਿਤੀ ਫਿਰ ਕਿਉਂ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।"
ਉਨ੍ਹਾਂ ਕਿਹਾ ਕਿ ਭਾਈ ਢੱਡਰੀਆਂ ਵਲੋਂ ਲਏ ਗਏ ਫ਼ੈਸਲੇ ਨਾਲ ਕੌਮ 'ਚ ਉਨ੍ਹਾਂ ਦਾ ਕੱਦ ਉੱਚਾ ਹੀ ਹੋਇਆ ਹੈ, ਕਿਉਂਕਿ ਪ੍ਰਸ਼ਾਸਨਕ ਵਲੋਂ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਸਨ, ਪਰ ਵਿਰੋਧੀਆਂ ਦੀਆਂ ਧਮਕੀਆਂ ਨੂੰ ਵੇਖਦੇ ਹੋਏ ਭਾਈ ਢੱਡਰੀਆਂ ਨੇ ਸਿਰਫ਼ ਇਸ ਲਈ ਸਮਾਗਮ ਰੱਦ ਕੀਤੇ ਤਾਂ ਕਿ ਸਿੱਖਾਂ ਦੀਆਂ ਪੱਗਾਂ ਨਾ ਲੱਥਣ, ਕਿਉਂਕਿ ਵਿਰੋਧੀ ਹਿੰਸਾ ਕਰ ਕੇ, ਭਾਈ ਢੱਡਰੀਆਂ ਵਾਲਿਆਂ ਨੂੰ ਬਦਨਾਮ ਕਰਨ ਲਈ ਪੱਬਾ ਭਾਰ ਹਨ।
ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਕਿ ਸੰਗਤ ਸੁਚੇਤ ਹੋ ਰਹੀ ਹੈ ਤੇ ਸਾਧਾਂ ਦੀਆਂ ਗੁਰਮਤਿ ਤੋਂ ਊਣੀਆਂ ਗੱਲਾਂ ਤੇ ਮਨਮਤਾਂ ਸੁਣਨ ਲਈ ਤਿਆਰ ਨਹੀਂ ਜਿਸ ਕਰ ਕੇ ਇਨ੍ਹਾਂ ਦੀ ਦੁਕਾਨਦਾਰੀ ਬੰਦ ਹੁੰਦੀ ਜਾ ਰਹੀ ਹੈ।