
ਸਮੁੱਚੇ ਬੋਰਡਾਂ 'ਤੇ ਗੁਰਮੁਖੀ ਨਾ ਹੋਣ ਕਾਰਨ ਸਿੱਖ ਹਲਕਿਆਂ ਵਿਚ ਭਾਰੀ ਰੋਸ
ਸਿਰਸਾ : ਹਰਿਆਣਾ ਦੀ ਖੱਟੜ ਸਰਕਾਰ ਵਲੋਂ 4 ਅਗੱਸਤ ਨੂੰ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਮਨਾਉਣ ਦਾ ਸਵਾਗਤ ਕਰਦੇ ਹੋਏ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਪ੍ਰਚਾਰ ਸਮੱਗਰੀ ਵਿਚੋਂ (ਗੁਰਮਖੀ) ਪੰਜਾਬੀ ਭਾਸ਼ਾ ਵਿਸਾਰਨ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ।
Punjabi disappeared from Haryana Government's light festival hoardings
ਦਾਦੂਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਵਿਚ 12 ਨਵੰਬਰ 2019 ਨੂੰ ਬੜੇ ਹਰਸੋ ਹੁਲਾਸ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿਚ ਕੁੱਝ ਦਿਨ ਪਹਿਲਾਂ ਅਤੇ ਕੁੱਝ ਦਿਨ ਬਾਅਦ ਵਿਚ ਵੀ ਇਹ ਸਮਾਗਮ ਜਾਰੀ ਰਹਿਣਗੇ। ਉਨ੍ਹਾਂ ਹਰਿਆਣਾ ਸਰਕਾਰ ਵਲੋਂ ਇਸ ਮਹਾਨ ਗੁਰਪੁਰਬ ਨੂੰ ਬੜੇ ਜੋਸ਼ੋ ਖ਼ਰੋਸ਼ ਨਾਲ ਮਨਾਉਣ ਦਾ ਸਵਾਗਤ ਤਾਂ ਕੀਤਾ ਪਰ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਪ੍ਰੋਗਰਾਮ ਦੇ ਹੋਰਡਿੰਗ ਬੋਰਡ ਕੇਵਲ ਹਿੰਦੀ ਵਿਚ ਹੀ ਲਾਉਣ 'ਤੇ ਰੋਸ ਵੀ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਪੂਰੀ ਤਰ੍ਹਾਂ ਨਾਲ ਵਿਸਾਰਿਆ ਗਿਆ ਹੈ ਜਿਸ ਦਾ ਸਿੱਖ ਸੰਗਤ ਨੂੰ ਭਾਰੀ ਦੁੱਖ ਹੈ।
Baljit Singh Daduwal
ਦਾਦੂਵਾਲ ਦਾ ਕਹਿਣਾ ਸੀ ਕਿ ਹਰਿਆਣੇ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਹੈ ਅਤੇ ਲੱਖਾਂ ਦੀ ਤਾਦਾਦ ਵਿਚ ਪੰਜਾਬੀ ਹਰਿਆਣਾ ਵਿਚ ਵਸਦੇ ਹਨ। ਇਸ ਲਈ ਖੱਟੜ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦੀ ਅਗੰਮੀ ਬਾਣੀ ਜਪੁਜੀ ਸਾਹਿਬ ਨੂੰ ਵੀ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਪੂਰੇ ਹਰਿਆਣਾ ਵਿਚ ਹੋਰਡਿੰਗ ਬੋਰਡ ਹਿੰਦੀ ਦੇ ਨਾਲ ਪੰਜਾਬੀ ਭਾਸ਼ਾ ਵਿਚ ਲਾਉਣ ਦੀ ਮੰਗ ਕੀਤੀ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਧੂਮ-ਧਾਮ ਨਾਲ ਮਨਾਉਣ ਲਈ ਹਰਿਆਣਾ ਸਰਕਾਰ ਵਲੋਂ ਵੱਡੇ ਪੱਧਰ 'ਤੇ ਜੋ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ ਉਸ ਵਿਚੋਂ ਗੁਰਮੁਖੀ ਗ਼ਾਇਬ ਹੈ।