
ਸੁਖਜੀਤ ਖੋਸਾ ਵਲੋਂ ਸਾਂਝੇ ਮਾਰਚ ਨੂੰ ਵੱਖਰੀ ਰੂਪ ਰੇਖਾ ਦੇਣ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼
ਬਠਿੰਡਾ: ਬਾਦਲਾਂ ਦੀ ਕੋਠੀ ਘੇਰਨ ਜਾ ਰਹੇ ਬਰਗਾੜੀ ਮੋਰਚੇ ਵਾਲਿਆਂ ਵਿਚ ਹੋਈ ਝੜਪ ਦੀ ਅਸਲ ਵਜ੍ਹਾ ਬਲਜੀਤ ਸਿੰਘ ਦਾਦੂਵਾਲ ਨੇ ਦੱਸਦੇ ਹੋਏ ਕਿਹਾ ਕਿ ਇਹ ਸਭ ਦਾ ਸਾਂਝਾ ਮਾਰਚ ਸੀ ਪਰ ਸੁਖਜੀਤ ਸਿੰਘ ਖੋਸਾ ਵਲੋਂ ਲਗਾਤਾਰ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਿਸ ਕਰਕੇ ਬਾਦਲ ਪਿੰਡ ਪਹੁੰਚ ਕੇ ਉਨ੍ਹਾਂ ਦੀ ਬਹਿਸ ਝੜਪ ਵਿਚ ਤਬਦੀਲ ਹੋ ਗਈ। ਉਨ੍ਹਾਂ ਕਿਹਾ ਕਿ ਸੁਖਜੀਤ ਸਿੰਘ ਖੋਸਾ ਨੇ ਇਸ ਸਾਂਝੇ ਮਾਰਚ ਨੂੰ ਇਕ ਵੱਖਰੀ ਰੂਪ ਰੇਖਾ ਦੇਣ ਦੀ ਕੋਸ਼ਿਸ਼ ਕੀਤੀ ਸੀ।
Sukhjit Singh Khosa
ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਸਟੇਜ ਤੋਂ ਐਲਾਨ ਕੀਤਾ ਸੀ ਕਿ ਸਭ ਆਗੂਆਂ ਨੂੰ ਬੋਲਣ ਦਾ ਬਰਾਬਰ ਮੌਕਾ ਦਿਤਾ ਜਾਵੇ ਪਰ ਸੁਖਜੀਤ ਖੋਸਾ ਨੇ ਇਹ ਕਹਿ ਦਿਤਾ ਕਿ ਕਿਸੇ ਹੋਰ ਆਗੂ ਨੂੰ ਬੋਲਣ ਦਾ ਮੌਕਾ ਨਹੀਂ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਜੀਤ ਖੋਸਾ ਸਟੇਜ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਦੇ ਲਈ ਸੰਗਤ ਨੇ ਵੀ ਉਸ ਨੂੰ ਸਮਝਾਇਆ ਤੇ ਅਜਿਹਾ ਕਰਨ ਤੋਂ ਮਨ੍ਹਾਂ ਵੀ ਕੀਤਾ ਪਰ ਸੁਖਜੀਤ ਖੋਸਾ ਦੀ ਗਲਤ ਬਿਆਨਬਾਜ਼ੀ ਕਰਕੇ ਸੰਗਤ ਦਾ ਗੁੱਸਾ ਬਾਦਲ ਪਿੰਡ ਜਾ ਕੇ ਫੁੱਟਿਆ ਅਤੇ ਇੱਥੇ ਜ਼ਬਰਦਸਤ ਝੜਪ ਹੋ ਗਈ।
Bargarhi Morcha leaders...
ਦੱਸ ਦਈਏ ਕਿ ਇਹ ਰੋਸ ਮਾਰਚ ਫ਼ਰੀਦਕੋਟ ਵਿਖੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ "ਬਾਦਲ ਹਰਾਓ, ਪੰਜਾਬ ਬਚਾਓ" ਦੇ ਨਾਅਰੇ ਤਹਿਤ ਬਾਦਲ ਪਿੰਡ ਤੱਕ ਕੱਢਿਆ ਗਿਆ ਸੀ। ਇਸ ਮਾਰਚ ਵਿਚ 25 ਸਿੱਖ ਜਥੇਬੰਦੀਆਂ ਦੇ ਲਗਭੱਗ 200 ਮੈਂਬਰਾਂ ਦਾ ਇਕੱਠ ਬਾਦਲ ਦੀ ਕੋਠੀ ਘੇਰਨ ਪਹੁੰਚਿਆ ਸੀ। ਸਿੱਖ ਜਥੇਬੰਦੀਆਂ ਵਲੋਂ ਇਹ ਵਿਰੋਧ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਵਿਰੁਧ ਕੀਤਾ ਗਿਆ ਸੀ।