
ਜੇਕਰ ਸ਼ਾਮ 6 ਵਜੇ ਤਕ ਫ਼ਿਰਕੂ ਸੋਚ ਦੇ ਧਾਰਨੀ ਦੋਸ਼ੀਆਂ ਦੀ ਤੁਰਤ ਗਿ੍ਰਫ਼ਤਾਰੀ ਨਾ ਹੋਈ ਤਾਂ ਸਮੂਹ ਸਿੱਖ ਜਥੇਬੰਦੀਆਂ ਵਲੋਂ ਅਪਣਾ ਸੰਘਰਸ਼ ਹੋਰ ਤੇਜ਼ ਕਰ ਦਿਤਾ ਜਾਵੇਗਾ
ਲੁਧਿਆਣਾ (ਆਰ.ਪੀ. ਸਿੰਘ): ਬਾਬੇ ਨਾਨਕ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਮੁੱਖ ਦੋਸ਼ੀ ਅਨਿਲ ਅਰੋੜਾ ਤੇ ਉਸ ਦੇ ਸਾਥੀਆਂ ਦੀ ਤੁਰਤ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਸ਼ਹਿਰ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਸਥਾਨਕ ਸਰਕਟ ਹਾਊਸ ਵਿਖੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਥੇਦਾਰ ਨਿਮਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਦਸਿਆ ਕਿ ਪੁਲਿਸ ਦੇ ਅਧਿਕਾਰੀ ਪਿਛਲੇ ਇਕ ਹਫ਼ਤੇ ਤੋਂ ਪ੍ਰਮੁੱਖ ਦੋਸ਼ੀ ਅਨਿਲ ਅਰੋੜਾ ਤੇ ਉਸ ਦੇ ਸਾਥੀਆਂ ਨੂੰ ਗਿ੍ਰਫ਼ਤਾਰ ਕਰਨ ਵਿਚ ਅਸਫ਼ਲ ਰਹੇ ਹਨ ਅਤੇ ਮੁੜ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਲਈ 48 ਘੰਟੇ ਦਾ ਸਮਾਂ ਮੰਗਿਆ ਗਿਆ ਸੀ।
Jathedar Taranjeet Singh, CM Punjab
ਪਰ ਇਸ ਦੇ ਬਾਵਜੂਦ ਹੁਣ ਤਕ ਉਕਤ ਪ੍ਰਮੁੱਖ ਦੋਸ਼ੀ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਪੁਲਿਸ ਗਿ੍ਰਫ਼ਤਾਰ ਕਰਨ ਵਿਚ ਨਕਾਮ ਰਹੀ ਹੈ। ਜਿਸ ਸਦਕਾ ਸਮੂਹ ਸਿੱਖ ਸੰਗਤਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਅਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਸ਼ਾਮ 6 ਵਜੇ ਤਕ ਫ਼ਿਰਕੂ ਸੋਚ ਦੇ ਧਾਰਨੀ ਦੋਸ਼ੀਆਂ ਦੀ ਤੁਰਤ ਗਿ੍ਰਫ਼ਤਾਰੀ ਨਾ ਹੋਈ ਤਾਂ ਸਮੂਹ ਸਿੱਖ ਜਥੇਬੰਦੀਆਂ ਵਲੋਂ ਅਪਣਾ ਸੰਘਰਸ਼ ਹੋਰ ਤੇਜ਼ ਕਰ ਦਿਤਾ ਜਾਵੇਗਾ ਅਤੇ ਇਹ ਸ਼ੰਘਰਸ਼ ਕੇਵਲ ਲੁਧਿਆਣੇ ਤਕ ਹੀ ਸੀਮਤ ਰਹੇਗਾ ਬਲਕਿ ਸਮੁੱਚੇ ਪੰਜਾਬ ਵਿਚ ਵਿਆਪਕ ਤੌਰ ਤੇ ਫੈਲੇਗਾ ਜਿਸ ਦੀ ਜ਼ੁੰਮੇਵਾਰ ਪੰਜਾਬ ਸਰਕਾਰ ਹੋਵੇਗੀ।
CM Charanjit Singh Channi
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਥੇਦਾਰ ਨਿਮਾਣਾ ਨੂੰ ਪੂਰਨ ਰੂਪ ਵਿਚ ਭੋਰਸਾ ਦਿੰਦਿਆਂ ਕਿਹਾ ਕਿ ਬਾਬੇ ਨਾਨਕ ਸਬੰਧੀ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਦੋਸ਼ੀਆਂ ਨੂੰ ਅਸੀਂ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ਾਂਗੇ। ਉਨ੍ਹਾਂ ਨੇ ਮੌਕੇ ਤੇ ਹਾਜ਼ਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਿੱਖ ਸੰਗਤਾਂ ਦੀਆਂ ਮਾਨਸਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਾਲੇ ਸਮੂਹ ਦੋਸ਼ੀਆਂ ਨੂੰ ਤੁਰਤ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਵਿਰੁਧ ਬਣਦੀ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਮੇਂ ਉਨ੍ਹਾਂ ਨਾਲ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਮੱਖੂ, ਕੁਲਦੀਪ ਸਿੰਘ ਲਾਬਾਂ, ਗੁਰਪ੍ਰੀਤ ਸਿੰਘ ਜਮਾਲਪੁਰ, ਸ਼ਮਸ਼ੇਰ ਸਿੰਘ ਪਰਵਾਨਾ, ਰਜਿੰਦਰ ਸਿੰਘ, ਦਲਵਿੰਦਰ ਸਿੰਘ ਆਸ਼ੂ, ਬਿੱਟੂ ਭਾਟੀਆ, ਗੁਰਵਿੰਦਰ ਸਿੰਘ ਲਵਲੀ, ਵਿਪਨ ਅਰੋੜਾ, ਅਵਤਾਰ ਸਿੰਘ ਗੁੱਡ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।