‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ’’, ਅੱਜ ਅਸੀਂ ਇਸ ਸੰਦੇਸ਼ ’ਤੇ ਕਿੰਨਾ ਕੁ ਅਮਲ ਕਰਦੇ ਹਾਂ ? 
Published : Nov 28, 2022, 7:24 am IST
Updated : Nov 28, 2022, 7:24 am IST
SHARE ARTICLE
Guru Tegh Bahadur ji
Guru Tegh Bahadur ji

ਗੁਰੂ ਜੀ ਦੀ ਸ਼ਹਾਦਤ ਤੋਂ ਕਰੀਬ ਸਾਢੇ ਤਿੰਨ ਸੌ ਸਾਲ ਬਾਅਦ ਵੀ ਅੱਜ ਅਸੀਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਕਹਾਉਂਦੇ ਲੋਕ ਇਨ੍ਹਾਂ ਸੰਦੇਸ਼ਾਂ ’ਤੇ ਕਿੰਨਾ ਕੁ ਅਮਲ ਕਰ ਰਹੇ ਹਾਂ?

ਸਿੱਖ ਇਤਿਹਾਸ ਜਿੱਥੇ ਉੱਤਮ, ਅਧਿਆਤਮਕ ਤੇ ਮਨੁੱਖਤਾ ਦੇ ਸੇਵਾ ਸਿਧਾਂਤ ’ਤੇ ਆਧਾਰਤ ਹੈ, ਉਥੇ ਹੀ ਜਬਰ ਜ਼ੁਲਮ ਦੇ ਖ਼ਾਤਮੇ ਲਈ ਜੂਝਣ, ਸਵੈ ਕੁਰਬਾਨੀ ਤੇ ਸਵੈ-ਤਿਆਗ ਦਾ ਸਬਕ ਵੀ ਦਿੰਦਾ ਹੈ। ਸਿੱਖ ਗੁਰੂ ਸਾਹਿਬਾਨ ਤੇ ਹੋਰ ਸੂਰਬੀਰਾਂ ਵਲੋਂ ਦਿਤੇ ਬਲੀਦਾਨ ਕਿਸੇ ਨਿੱਜੀ ਸਵਾਰਥ ਜਾਂ ਕਿਸੇ ਜਾਤੀ ਵਿਸ਼ੇਸ਼ ਨੂੰ ਲਾਭ ਦੇਣ ਵਾਲੀ ਸੋਚ ਦੇ ਧਾਰਨੀ ਬਿਲਕੁਲ ਨਹੀਂ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਜਨੇਊ ਨੂੰ ਪਾਉਣ ਤੋਂ ਇਨਕਾਰ ਕੀਤਾ ਸੀ, ਉਸੇ ਜਨੇਊ (ਜੰਜੂ) ਤੇ ਤਿਲਕ ਦੀ ਰਾਖੀ ਲਈ ਗੁਰੂ ਤੇਗ਼ ਬਹਾਦਰ ਜੀ ਨੇ ਅਪਣਾ ਬਲੀਦਾਨ ਹਿੰਦ ਦੀ ਚਾਦਰ ਬਣ ਕੇ ਦਿਤਾ ਸੀ।

ਗੁਰੂ ਸਾਹਿਬ ਜੀ ਦਾ ਵਿਸ਼ਾਲ ਸਿਧਾਂਤ ਕਿਸੇ ਬ੍ਰਾਹਮਣ ਜਾਤੀ ਵਿਰੁਧ ਨਹੀਂ ਸੀ ਬਲਕਿ ਬ੍ਰਾਹਮਣਵਾਦੀ ਵਿਚਾਰਧਾਰਾ ਵਿਰੁਧ ਸੀ ਜੋ ਉਸ ਵੇਲੇ ਪਾਖੰਡਵਾਦ, ਜਾਤੀਵਾਦ, ਊਚ ਨੀਚ ਦੀ ਪ੍ਰਚਾਰਕ ਸੀ। ਗੁਰੂ ਤੇਗ਼ ਬਹਾਦਰ ਜੀ ਨੇ ਪੰਡਤਾਂ ਦੀ ਰਖਿਆ ਕਰ ਕੇ ਮਨੁੱਖਤਾ ਦੀ ਹੀ ਰਖਿਆ ਕੀਤੀ ਸੀ ਨਾਕਿ ਕਿਸੇ ਬ੍ਰਾਹਮਣ ਜਾਤੀ ਦੀ ਅਤੇ ਇਸ ਨਾਲ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਸਿੱਖੀ ਸਿਧਾਂਤਾਂ ਨਾਲ ਜੁੜਨ ਦਾ ਮੁੱਢ ਬੱਝਾ ਤੇ ਇਸੇ ਨਾਲ ਹੀ ‘‘ਜੀਉ ਤੇ ਜੀਣ ਦਿਉ’’ ਵਾਲੀ ਲਹਿਰ ਦੀ ਨੀਂਹ ਰੱਖੀ ਗਈ ਸੀ। ਇਤਿਹਾਸ ਗਵਾਹ ਹੈ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਵਲੋਂ ਗ਼ਰੀਬ, ਕਮਜ਼ੋਰ, ਦੱਬੇ-ਕੁਚਲੇ ਲੋਕਾਂ ਨੂੰ ਗਲ ਨਾਲ ਲਾਉਣਾ ਤੇ ਬਾਦਸ਼ਾਹਾਂ, ਧਨਾਢਾਂ ਦੇ ਜ਼ੁਲਮ ਵਿਰੁਧ ਸੰਘਰਸ਼ ਕਰਨਾ, ਹੱਥੀਂ ਕਿਰਤ ਕਰਨਾ ਆਦਿ ਜਿਹੇ ਉਪਦੇਸ਼ ਅਮਲੀ ਰੂਪ ’ਚ ਕੀਤੇ ਗਏ ਤੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਵਲੋਂ ਜ਼ਬਰਦਸਤੀ ਧੱਕੇ ਨਾਲ ਕਿਸੇ ਮਨੁੱਖ ਦੇ ਧਰਮ ਖ਼ਾਤਮੇ ਵਿਰੁਧ ਸ਼ਹਾਦਤ ਦਿਤੀ ਗਈ। 

ਪ੍ਰੰਤੂ ਅੱਜ ਇਹ ਸੋਚਣ ਵਾਲੀ ਗੱਲ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਕਰੀਬ ਸਾਢੇ ਤਿੰਨ ਸੌ ਸਾਲ ਬਾਅਦ ਵੀ ਅੱਜ ਅਸੀਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਕਹਾਉਂਦੇ ਲੋਕ ਇਨ੍ਹਾਂ ਸੰਦੇਸ਼ਾਂ ’ਤੇ ਕਿੰਨਾ ਕੁ ਅਮਲ ਕਰ ਰਹੇ ਹਾਂ? ਜਾਪਦਾ ਹੈ ਕਿ ਇਸ ਦਾ ਜਵਾਬ ਮਨਫ਼ੀ ’ਚ ਹੀ ਹੋਵੇਗਾ ਕਿਉਂਕਿ ਇਸ ਦੇ ਪ੍ਰਤੱਖ ਪ੍ਰਮਾਣ ਹਨ, ਸਾਡੇ ਆਸ-ਪਾਸ ਵਾਪਰ ਰਹੀਆਂ ਮਨੁੱਖਤਾ ਨੂੰ ਖ਼ਤਮ ਕਰ ਦੇਣ ਵਾਲੀਆਂ ਘਟਨਾਵਾਂ ਜਿਨ੍ਹਾਂ ’ਚ ਬਾਬਾ ਨਾਨਕ ਜੀ ਦੇ ਭਾਈ ਮਰਦਾਨਿਆਂ ਤੇ ਭਾਈ ਲਾਲੋਆਂ, ਰੰਘਰੇਟੇ ਗੁਰੂ ਕੇ ਬੇਟਿਆਂ ਨੂੰ ਨੀਵੀਂ ਜਾਤੀ ਕਹਿ ਕੇ, ਤਸੀਹੇ ਦੇ ਕੇ ਜ਼ਲੀਲ ਕੀਤਾ ਜਾਂਦਾ ਹੈ, ਖ਼ਾਸ ਕਰ ਉਸ ਪੰਜਾਬ ’ਚ ਜੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਮੰਨੀ ਜਾਂਦੀ ਹੈ।

ਇਹ ਜ਼ੁਲਮੀ ਕਾਰਨਾਮੇ ਵੀ ਪੰਜਾਬ ਦੇ ਕੁੱਝ ਉਹ ਲੋਕ ਹੀ ਕਰ ਰਹੇ ਹਨ ਜੋ ਅਪਣੇ ਆਪ ਨੂੰ ਗੁਰੂਆਂ ਦੇ ਅਸਲੀ ਸਿੱਖ, ਵੱਡੇ ਸ਼ਰਧਾਲੂ ਤੇ ਧਰਮ ਦੇ ਠੇਕੇਦਾਰ ਹੋਣ ਦੀ ਹਊਮੈ ’ਚ ਫਸੇ ਫਿਰਦੇ ਹਨ ਪ੍ਰੰਤੂ ਨੌਵੇਂ ਗੁਰੂ ਜੀ ਦੇ ਇਸ ਸੰਦੇਸ਼ ਕਿ ਨੂੰ ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ’’ ਅਰਥਾਤ ਨਾ ਡਰੋ, ਨਾ ਡਰਾਉ ਭਾਵ ਕਿ ‘ਜੀਉ ਤੇ ਜੀਣ ਦਿਉ’ ਵਾਲੇ ਸਿਧਾਂਤ ਤੇ ਬਾਬਾ ਨਾਨਕ ਜੀ ਦੇ ਉਪਦੇਸ਼ ਨੂੰ ‘ਜਿਥੇ ਨੀਚ ਸਮਾਲੀਅਨ ਤਿਥੇ ਨਦਰ ਤੇਰੀ ਬਖਸੀਸ’ ਦੇ ਸੰਦੇਸ਼ ਤੇ ਦਸਮੇਸ਼ ਗੁਰੂ ਜੀ ਦੇ ਫ਼ਲਸਫ਼ੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਤੋਂ ਕੋਹਾਂ ਦੂਰ ਹੋ ਕੇ ਭਟਕੇ ਫਿਰਦੇ ਹਨ।

ਅਜਿਹੀਆਂ ਘਟਨਾਵਾਂ ਤਾਂ ਬੇਸ਼ੱਕ ਬਹੁਤ ਹਨ ਪ੍ਰੰਤੂ ਕੁੱਝ ਪ੍ਰਮੁੱਖ ਇਹ ਹਨ ਕਿ ਇਕ ਸਾਲ ਪਹਿਲਾਂ ਪੰਜਾਬ ਦੇ ਇਕ ਇਲਾਕੇ ’ਚ ਪਿੰਡ ਦੇ ਜ਼ਿਮੀਂਦਾਰਾਂ ਨੇ ਇਕ ਗ਼ਰੀਬ ਮਜ਼ਦੂਰ ਨੂੰ ਪੈਸੇੇ ਦੇ ਲੈਣ-ਦੇਣ ਬਹਾਨੇ ਦੋਹਾਂ ਬਾਹਾਂ ਤੋਂ ਬੰਨ੍ਹ ਕੇ ਟਰਾਲੀ ’ਚ ਸੁੱਟ ਲਿਆ ਤੇ ਅਗਵਾ ਕਰਨਾ ਚਾਹਿਆ ਪ੍ਰੰਤੂ ਉਥੇ ਲੋਕਾਂ ਦੇ ਹੋਏ ਇਕੱਠ ਨੇ ਇਸ ਗ਼ਰੀਬ ਨੂੰ ਛੁਡਵਾ ਲਿਆ। ਕੁੱਝ ਦਿਨ ਬਾਅਦ ਹੀ ਨੇੜੇ ਦੇ ਇਕ ਪਿੰਡ ’ਚ ਇੰਜ ਹੀ ਇਕ ਦਲਿਤ ਮਜ਼ਦੂਰ ਨੂੰ ਰੁੱਖ ਨਾਲ ਬੰਨ੍ਹ ਕੇ ਬੇਤਹਾਸ਼ਾ ਕੁਟਿਆ ਤੇ ਪਾਣੀ ਮੰਗਣ ਤੇ ਪਿਸ਼ਾਬ ਪਿਆਇਆ ਗਿਆ। ਅਜਿਹੇ ਹੰਕਾਰੀ ਲੋਕਾਂ ਨੇ ਦਲਿਤਾਂ ਦੇ ਗੁਰਦੁਆਰੇ ਤੇ ਸ਼ਮਸ਼ਾਨਘਾਟ ਵੀ ਪਿੰਡਾਂ ’ਚ ਵਖਰੇ ਕਰ ਦਿਤੇ ਹਨ।

ਕਈ ਗੁਰੂ ਘਰਾਂ ਦੇ ਲੰਗਰਾਂ ’ਚ ਇਨ੍ਹਾਂ ਦੇ ਭਾਂਡੇ ਵੀ ਵਖਰੇ ਹਨ ਤੇ ਪਿਛਲੇ ਦਿਨੀਂ ਇਕ ਜ਼ਿਮੀਂਦਾਰ ਨੇ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਬੰਦ ਕਰ ਦਿਤਾ ਤੇ ਉਹ ਗ਼ਰੀਬ ਬੜੀ ਮੁਸ਼ਕਲ ਨਾਲ ਅਪਣੇ ਰਿਸ਼ਤੇਦਾਰ ਦੀ ਲਾਸ਼ ਦਾ ਸੰਸਕਾਰ ਕਰਨ ਲਈ ਪਹੁੰਚੇ। ਅਜਿਹੇ ਹੀ ਲੋਕਾਂ ਨੇ ਇਕ ਦਲਿਤ ਪ੍ਰਵਾਰ ਵਲੋਂ ਬਣਾਏ ਗਏ ਚੰਗੇ ਕੋਠੀ ਨੁਮਾ ਘਰ ਤੋਂ ਚਿੜ ਕੇ ਉਸ ਦੇ ਸਾਹਮਣੇ ਪੈਂਦੇ ਅਪਣੇ ਖੇਤ ਦੀ ਪਰਾਲੀ ਨੂੰ ਦਿਨੇ ਹੀ ਅੱਗ ਲਾ ਕੇ ਉਥੇ ਧੂੰਆਂ ਹੀ ਧੂੰਆਂ ਕਰ ਦਿਤਾ, ਜਿਸ ਨਾਲ ਉਨ੍ਹਾਂ ਦਾ ਘਰ ਧੂੰਏਂ ਨਾਲ ਭਰ ਗਿਆ ਤੇ ਪ੍ਰੋਗਰਾਮ ’ਚ ਇਕੱਠੇ ਹੋਏ ਰਿਸ਼ਤੇਦਾਰ ਬੜੇ ਪ੍ਰੇਸ਼ਾਨ ਹੋਏ। ਇੰਜ ਹੀ ਪਿੰਡਾਂ ’ਚ ਦਲਿਤਾਂ ਮਜ਼ਦੂਰਾਂ ਵਲੋਂ ਅਪਣਾ ਹੱਕ ਮੰਗਣ ਤੇ ਇਨ੍ਹਾਂ ਉੱਚ ਜਾਤੀ ਹੰਕਾਰੀ ਲੋਕਾਂ ਨੇ ਜਿਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ, ਦਲਿਤਾਂ ਦੇ ਬਾਈਕਾਟ ਦਾ ਹੋਕਾ ਗੁਰਦੁਆਰੇ ਦੇ ਸਪੀਕਰ ਤੋਂ ਦਿਤਾ

ਜਿਸ ਸਪੀਕਰ ਤੋਂ ਗੁਰਬਾਣੀ ਦੇ ਸਾਂਝੀ ਵਾਲਤਾ ਵਾਲੇ ਤੇ ਨੌਵੇਂ ਗੁਰੂ ਜੀ ਦੇ ‘ਜੀਉ ਅਤੇ ਜੀਣ ਦਿਉ’ ਵਾਲੇ ਸੰਦੇਸ਼ ਦਾ ਹੋਕਾ ਦੇਣਾ ਚਾਹੀਦਾ ਹੈ। ਕੀ ਹੁਣ ਅਸੀਂ ਕਹਾਂਗੇ ਕਿ ਇੱਥੇ ਮਨੁੱਖਾਂ ਨੂੰ ਬਗ਼ੈਰ ਕਿਸੇ ਜਾਤੀ ਭੇਦਭਾਵ, ਅਮੀਰ-ਗ਼ਰੀਬ ਦੇ ਵਿਤਕਰੇ ਭੁਲਾ ਕੇ ਜਿਉਣ ਦਾ ਹੱਕ ਹੈ? ਜਾਪਦਾ ਹੈ ਕਿ ਮਲਿਕ ਭਾਗੋ ਤੇ ਔਰੰਗਜ਼ੇਬ ਰੂਪੀ ਅਜਿਹੇ ਲੋਕ ਫਿਰ ਵੀ ਇਹ ਚਾਹੁੰਦੇ ਹਨ ਕਿ ‘ਖ਼ੁਦ ਤਾਂ ਜੀਉ ਪਰ ਕਿਸੇ ਗ਼ਰੀਬ ਨੂੰ ਨਾ ਜੀਣ ਦਿਉ।’

ਸਾਖੀਕਾਰ ਇਹ ਲਿਖਦੇ ਹਨ ਹੈ ਕਿ ਦਿੱਲੀ ਚਾਂਦਨੀ ਚੌਂਕ ਦਾ ਕੋਤਵਾਲ ਖ਼ਵਾਜਾ ਅਬਦੁੱਲਾ ਤੇ ਔਰੰਗਜ਼ੇਬ ਦੀ ਬੇਟੀ ਜ਼ੈਬੁਨਿਸਾ ਗੁਰੂ ਘਰ ਦੇ ਦਿਲੋਂ ਹਮਦਰਦ ਸਨ। ਸੋ ਉਨ੍ਹਾਂ ਦੀ ਗੁਪਤ ਮਦਦ ਨਾਲ ਹੀ ਭਾਈ ਜੈਤਾ ਜੀ ਤੇ ਭਾਈ ਉਦੈ ਨੂੰ ਕੋਈ ਵਾਜਬ ਬਹਾਨਾ ਹਕੂਮਤ ਅੱਗੇ ਲਾ ਕੇ ਫਰਾਰ ਕਰ ਦਿਤਾ ਗਿਆ ਜਿਸ ਦਾ ਵੀ ਵਿਸ਼ੇਸ਼ ਮਕਸਦ ਸੀ ਕਿ ਭਾਈ ਜੈਤਾ ਜੀ ਨੇ ਅਨੰਦਪੁਰ ਤੇ ਦਿੱਲੀ ਵਿਚਕਾਰ ਹਾਲਾਤ ਦਾ ਅਦਾਨ ਪ੍ਰਦਾਨ ਕਰ ਕੇ, ਦਿੱਲੀ ਦੇ ਪੂਰੇ ਹਾਲਾਤ ਦੀ ਜਾਣਕਾਰੀ ਕੇਵਲ 9 ਸਾਲ ਦੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਵਿਖੇ ਦਿਤੀ ਸੀ ਤੇ ਦਸਿਆ ਕਿ ਗੁਰੂ ਜੀ ਦੀ ਸ਼ਹੀਦੀ ਹੋਣੀ ਅਟੱਲ ਹੈ ਤੇ ਨਾਲ ਹੀ ਉਨ੍ਹਾਂ ਨੇ ਗੁਰੂ ਜੀ ਵਲੋਂ ਰਚਿਤ 57 ਸਲੋਕ ਅਤੇ ਗੁਰਗੱਦੀ ਦੀ ਸਮੱਗਰੀ ਵੀ ਪਹੁੰਚਦੀ ਕੀਤੀ ਸੀ।

ਹਕੂਮਤ ਵਲੋਂ ਗੁਰੂ ਜੀ ਨੂੰ ਜੇਲ੍ਹ ’ਚੋਂ ਕੱਢ ਕੇ ਅਜਿਹੇ ਲੋਹੇ ਦੇ ਪਿੰਜਰੇ ’ਚ ਬੰਦ ਕਰ ਦਿਤਾ ਗਿਆ ਜਿਥੇ ਉਹ ਨਾ ਬੈਠ ਸਕਦੇ ਸਨ, ਨਾ ਪੈ ਸਕਦੇ ਸਨ, ਸਿਰਫ਼ ਖੜੇ ਹੀ ਰਹਿ ਸਕਦੇ ਸੀ। ਧੰਨ ਸਨ ਅਜਿਹੇ ਗੁਰੂ ਅਤੇ ਧੰਨ ਸਨ ਉਨ੍ਹਾਂ ਦੇ ਸਿਦਕੀ ਸਿੱਖ ਜੋ ਇਸ ਤਰ੍ਹਾਂ ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ 10 ਨਵੰਬਰ 1675 ਨੂੰ ਹਕੂਮਤ ਵਲੋਂ ਦਿਤੇ ਸਭ ਲਾਲਚ ਤੇ ਡਰ ਦੇ ਬਾਵਜੂਦ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਦਿਆਲਾ ਜੀ ਬੇਕਿਰਕ ਤਸੀਹੇ ਦੇ ਕੇ ਗੁਰੂ ਜੀ ਸਾਹਮਣੇ ਸ਼ਹੀਦ ਕਰ ਦਿਤੇ ਗਏ ਜਿਸ ਦਾ ਮਕਸਦ ਸੀ ਗੁਰੂ ਜੀ ਨੂੰ ਭੈਭੀਤ ਕਰਨਾ ਪ੍ਰੰਤੂ ਗੁਰੂ ਜੀ ਤਾਂ ਇਕ ਰੂਹਾਨੀ ਜੋਤ ਸਰੂਪ ਸਨ, ਉਨ੍ਹਾਂ ਨੇ ਕੀ ਡੋਲਣਾ ਸੀ। ਅਖ਼ੀਰ ਉਨ੍ਹਾਂ ਨੂੰ ਕਰਾਮਾਤ ਵਿਖਾਉਣ, ਧਰਮ ਤਬਦੀਲੀ ਕਬੂਲਣ ਜਾਂ ਮੌਤ ਕਬੂਲ ਕਰਨ ਲਈ ਕਿਹਾ ਗਿਆ।

ਗੁਰੂ ਜੀ ਨੇ ਕਰਾਮਾਤ ਨੂੰ ਤੇ ਬਾਕੀ ਸ਼ਰਤਾਂ ਨੂੰ ਠੁਕਰਾ ਦਿਤਾ ਤੇ ਸਿਰਫ਼ ਮੌਤ ਹੀ ਕਬੂਲ ਕੀਤੀ। ਇਸ ਤਰ੍ਹਾਂ 11 ਨਵੰਬਰ 1675 ਨੂੰ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਗਿਆ। ਇਤਿਹਾਸਕਾਰ ਗੁਰੂ ਜੀ ਦੀ ਇਸ ਸ਼ਹਾਦਤ ਵੇਲੇ ਦੇ ਹਾਲਾਤ ਨੂੰ ਬੜਾ ਵਚਿੱਤਰ ਦਸਦੇ ਹਨ ਕਿ ਔਰੰਗਜ਼ੇਬ ਨੇ ਸਖ਼ਤ ਜ਼ੁਲਮਾਂ ਭਰੀ ਇਹ ਚੇਤਾਵਨੀ ਦਿਤੀ ਸੀ ਕਿ ਜੋ ਕੋਈ ਸਿੱਖ ਗੁਰੂ ਜੀ ਦੇ ਸੀਸ ਨੇੜੇ ਆਉਣ ਦੀ ਹਿੰਮਤ ਵੀ ਕਰੇਗਾ, ਉਸ ਦਾ ਸਾਰਾ ਪ੍ਰਵਾਰ ਤਸੀਹੇ ਦੇ ਕੇ ਖ਼ਤਮ ਕਰ ਦਿਤਾ ਜਾਵੇਗਾ। ਉਸ ਦਾ ਸਖ਼ਤ ਫ਼ੁਰਮਾਨ ਸੀ ਕਿ ਗੁਰੂ ਦਾ ਸੀਸ ਇੱਥੇ ਹੀ ਰੁਲਦਾ ਰਹੇ। ਸਾਖੀਕਾਰ ਇਹ ਵੀ ਲਿਖਦੇ ਹਨ ਕਿ ਉਦੋਂ ਹਕੂਮਤ ਵਿਰੁਧ ਬਗ਼ਾਵਤ ਕਰਨ ਵਾਲੇ ਦਾ ਸੀਸ ਕੱਟ ਕੇ ਦਰਵਾਜ਼ੇ ਤੇ ਟੰਗ ਦਿਤਾ ਜਾਂਦਾ ਸੀ ਤਾਕਿ ਜਨਤਾ ’ਚ ਦਹਿਸ਼ਤ ਫੈਲੀ ਰਹੇ। 

ਸੋ ਇਹ ਸਿੱਖ ਕੌਮ ਲਈ ਬਹੁਤ ਵੱਡੀ ਇਮਤਿਹਾਨ ਦੀ ਘੜੀ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਭਰੇ ਇਕੱਠ ’ਚ ਇਕ ਅਜਿਹੇ ਸਿੱਖ ਨੂੰ ਅੱਗੇ ਆਉਣ ਲਈ ਕਿਹਾ ਸੀ ਜੋ ਗੁਰੂ ਜੀ ਦਾ ਸੀਸ ਚੁੱਕ ਕੇ ਲੈ ਆਵੇ ਤਾਂ ਔਰੰਗਜ਼ੇਬ ਦੀ ਦਹਿਸ਼ਤ ਕਾਰਨ ਸਭ ਸਿੱਖਾਂ ਨੇ ਚੁੱਪ ਵਟ ਲਈ ਸੀ। ਅਜਿਹੇ ਸਖ਼ਤ ਇਮਤਿਹਾਨ ਦੀ ਘੜੀ ’ਚ  ਅਨਿਨ ਸੇਵਕ ਭਾਈ ਜੈਤਾ ਜੀ ਨੇ ਉਠ ਕੇ ਕਿਹਾ ਕਿ ਇਹ ਕਾਰਜ ਮੈਂ ਨਿਭਾਵਾਂਗਾ ਤੇ ਫਿਰ ਗੁਰੂ ਜੀ ਦੀ 11 ਨਵੰਬਰ 1675 ਨੂੰ ਹੋਈ ਸ਼ਹਾਦਤ ਉਪ੍ਰੰਤ ਉਸੇ ਰਾਤ ਹੀ ਅਪਣੇ ਪਿਤਾ ਦਾ ਸੀਸ ਕੱਟ ਕੇ ਗੁਰੂ ਸੀਸ ਨਾਲ ਅਦਲ ਬਦਲ ਕਰ ਕੇ ਇਹ ਪਾਵਨ ਸੀਸ ਚੁੱਕ ਕੇ ਤੇ ਲੰਮਾ ਪੈਂਡਾ ਦਿਨ ਰਾਤ ਤੈਅ ਕਰ ਕੇ 15 ਨਵੰਬਰ 1675 ਨੂੰ ਅਨੰਦਪੁਰ ਸਾਹਿਬ ਲੈ ਪਹੁੰਚੇ ਸਨ ਜਿਥੇ ਭਾਈ ਜੈਤਾ ਜੀ ਦੀ ਇਸ ਲਾ-ਮਿਸਾਲ ਬਹਾਦਰੀ ਤੋਂ ਖ਼ੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਗਲਵਕੜੀ ’ਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਮਾਣ ਭਰੇ ਸ਼ਬਦਾਂ ਨਾਲ ਨਿਵਾਜਿਆ।

ਭਾਈ ਜੈਤਾ ਜੀ ਦੀ ਬਹਾਦਰੀ ’ਤੇ ਏਨੇ ਵੱਡੇ ਫਖ਼ਰ ਦਾ ਕਾਰਨ ਇਹ ਵੀ ਸੀ ਕਿ ਜਦੋਂ ਗੁਰੂ ਗੋਬਿੰਦ ਜੀ ਨੇ ਜੈਤਾ ਜੀ ਤੋਂ ਗੁਰੂ ਜੀ ਦੀ ਸ਼ਹਾਦਤ ਵੇਲੇ ਦਿੱਲੀ ਦੇ ਸਿੱਖਾਂ ਦੀ ਭੂਮਿਕਾ ਬਾਰੇ ਪੁਛਿਆ ਸੀ। ਜੈਤਾ ਜੀ ਦਾ ਦਸਣਾ ਸੀ ਕਿ ਉੱਥੇ ਸਿੱਖਾਂ ਦੀ ਕੋਈ ਵਖਰੀ ਪਛਾਣ ਨਾ ਹੋਣ ਕਾਰਨ, ਕੋਈ ਸਿੱਖ ਨਜ਼ਰ ਨਾ ਆਇਆ, ਸਭ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਡਰਦੇ ਹੋਏ ਲੁਕ-ਛਿਪ ਗਏ ਸਨ। ਇਥੇ ਇਹ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਇਸ ਜਾਰੀ ਸਚਾਈ ਉਪ੍ਰੰਤ ਹੀ ਦਸ਼ਮੇਸ਼ ਗੁਰੂ ਨੇ ਕਿਤੇ ਵੀ ਨਾ ਛੁਪਣ ਵਾਲਾ ਤੇ ਵਖਰੀ ਦਿੱਖ ਵਾਲਾ ਸਿੱਖ ਸਾਜਣ ਦਾ ਫ਼ੈਸਲਾ ਕੀਤਾ ਸੀ ਜਿਸ ਵਜੋਂ 9ਵੇਂ ਗੁਰੂ ਜੀ ਦੀ ਇਹ ਸ਼ਹਾਦਤ ਹੀ 13 ਅਪ੍ਰੈਲ 1699 ਦੀ ਵਿਸਾਖੀ ਨੂੰ ਸਾਜੇ ਗਏ ਸਿੱਖੀ ਖ਼ਾਲਸਾ ਸਰੂਪ ਦੀ ਅਸਲ ਪ੍ਰੇਰਣਾ ਸਰੋਤ ਸੀ।

ਇਸ ਉਪ੍ਰੰਤ ਫਿਰ ਅਗਲੇ ਦਿਨ ਸਿੱਖ ਸੰਗਤਾਂ ਦੇ ਦਰਸ਼ਨਾਂ ਉਪ੍ਰੰਤ ਗੁਰੂ ਜੀ ਦੇ ਪਵਿੱਤਰ ਸੀਸ ਦਾ 16 ਨਵੰਬਰ 1675 ਨੂੰ ਪੂਰੀ ਸ਼ਰਧਾ ਤੇ ਗੁਰ-ਮਰਿਆਦਾ ਸਹਿਤ ਅੰਤਮ ਸਸਕਾਰ ਕੀਤਾ ਗਿਆ ਸੀ। ਗੁਰੂ ਜੀ ਦੀ ਇਸ ਮਹਾਨ ਸ਼ਹਾਦਤ ਤੋਂ ਅੱਜ ਸਿਰਫ਼ ਸਿੱਖ ਭਾਈਚਾਰੇ ਨੂੰ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਾਸੀਆਂ ਨੂੰ ਕਿਸੇ ਵੀ ਅਜੋਕੀ ਸਮਾਜਕ ਬੇਇਨਸਾਫੀ ਦਾ ਵਿਰੋਧ ਕਰਦੇ ਹੋਏ ਤੇ ਅਪਣੇ ਸਿਦਕ, ਅੱਟਲ ਇਰਾਦੇ ’ਚ ਡਟੇ ਰਹਿ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਗੁਰੂ ਜੀ ਦੇ ‘ਜੀਉ ਅਤੇ ਜੀਣ ਦਿਉ’ ਵਾਲੇ ਮਹਾਨ ਫ਼ਲਸਫ਼ੇ ’ਤੇ ਪੂਰੀ ਈਮਾਨਦਾਰੀ ਨਾਲ ਪਹਿਰਾ ਦੇਣਾ ਚਾਹੀਦਾ ਹੈ ਤਾਂ ਹੀ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਸਾਡੇ ਲਈ ਸਫ਼ਲ ਸਿੱਧ ਹੋਵੇਗਾ। 
 

ਦਲਬੀਰ ਸਿੰਘ ਧਾਲੀਵਾਲ -  ਪਟਿਆਲਾ। ਮੋਬਾਈਲ : 86993-22704

 

SHARE ARTICLE

ਏਜੰਸੀ

Advertisement

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM

Big News : Attack on BJP MP and MLA | car attack video | BJP leader escapes deadly attack |

06 Oct 2025 3:30 PM

Bhai Jagtar Singh Hawara Mother Health | Ram Rahim Porale | Nihang Singh Raja Raj Singh Interview

05 Oct 2025 3:09 PM
Advertisement