ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਖਰੀਦਣ ਵਾਲੇ ਜਾਂਬਾਜ਼ ਅਤੇ ਨੇਕਦਿਲ ਇਨਸਾਨ ਦੀਵਾਨ ਟੋਡਰ ਮੱਲ ਜੀ
Published : Dec 28, 2018, 12:08 pm IST
Updated : Dec 28, 2018, 12:08 pm IST
SHARE ARTICLE
ਦੀਵਾਨ ਟੋਡਰ ਮੱਲ ਜੀ
ਦੀਵਾਨ ਟੋਡਰ ਮੱਲ ਜੀ

ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ, ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੇ ਸਸਕਾਰ ਲਈ ਸੰਸਾਰ ਦੀ ਸਭ ਤੋਂ....

ਸ਼੍ਰੀ ਫਤਿਹਗੜ੍ਹ ਸਾਹਿਬ (ਭਾਸ਼ਾ) : ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ, ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੇ ਸੰਸਕਾਰ ਲਈ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਸ਼੍ਰੀ ਫਤਹਿਗੜ੍ਹ ਸਾਹਿਬ 'ਚ ਖ਼ਰੀਦੀ। ਇਸ ਅਦੁੱਤੀ ਕਾਰਜ ਨਾਲ ਉਹ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖ਼ਸੀਅਤਾਂ ਵਿੱਚ ਸ਼ਾਮਲ ਹੋ ਗਏ। ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖ਼ਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਮੰਨਿਆ ਜਾਂਦਾ ਹੈ ਕਿ ਉਹ ਜ਼ਾਤ ਦੇ ਜੈਨ ਸਨ ਤੇ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ।

ਉਹ ਉਸ ਵੇਲੇ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਸਨ। ਉਨ੍ਹਾਂ ਦਾ ਜੱਦੀ ਪਿੰਡ ਕਾਕੜਾ ਸੀ, ਜੋ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ  ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵਸ ਗਏ ਸਨ। ਉਨ੍ਹਾਂ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਮਹਿਲ ਦੇ ਨਜ਼ਦੀਕ ਸੀ। 13 ਦਸੰਬਰ 1704 ਨੂੰ ਵਜ਼ੀਰ ਖ਼ਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।

ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਸਸਕਾਰ ਕਰ ਸਕਣ, ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿਮੀਂਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ, ਪਰ ਉਸ ਨੇ ਸ਼ਰਤ ਰੱਖੀ ਕਿ ਜ਼ਮੀਨ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਿਹਾ ਜਾਂਦਾ ਹੈ ਕਿ ਉਸ ਨੇ ਸੋਨੇ ਦੇ ਸਿੱਕੇ ਖੜ੍ਹੇ ਕਰ ਕੇ ਕੀਮਤ ਲਈ ਸੀ। ਉਸ ਵੇਲੇ ਸੋਨੇ ਦੀ ਅਸ਼ਰਫ਼ੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ ਹੁੰਦਾ ਸੀ।

ਸਾਹਿਬਜ਼ਾਦਿਆਂ ਦੇ ਸਸਕਾਰ ਲਈ 2-2 ਮੀਟਰ ਅਤੇ ਮਾਤਾ ਜੀ ਲਈ 2-1.5 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਵੇਗੀ। ਇਸ ਲਈ ਕਰੀਬ 7800 ਅਸ਼ਰਫ਼ੀਆਂ (78 ਕਿੱਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ। ਜੇ ਅਸ਼ਰਫ਼ੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫ਼ੀਆਂ (780 ਕਿੱਲੋ ਸੋਨਾ) ਵਿਛਾਉਣੀਆਂ ਪਈਆਂ ਹੋਣਗੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖ਼ਰੀਦਣ ਵਿੱਚ ਲੱਗ ਗਈ ਤੇ ਘਰ ਬਾਰ ਗਹਿਣੇ ਪੈ ਗਿਆ, ਪਰ ਉਨ੍ਹਾਂ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ।

ਵਜ਼ੀਰ ਖ਼ਾਨ ਜ਼ਾਲਮ ਤੇ ਬੇਰਹਿਮ ਇਨਸਾਨ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ਼ ਇਸ ਲਈ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਨ੍ਹਾਂ ਦਾ ਸਸਕਾਰ ਕਰੇ? ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ ‘ਗੁਨਾਹ’ ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ ਦੀਵਾਨ ’ਤੇ ਟੁੱਟ ਪਿਆ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਕਿਧਰੇ ਜਾਣਾ ਪਿਆ।

ਇਸ ਤਰਾਂ ਦੀਵਾਨ ਟੋਡਰ ਮੱਲ ਜੀ ਸਾਕਾ ਸਰਹੰਦ ਦੇ ਨਾਇਕ ਬਣੇ। ਸਿੱਖ ਕੌਮ ਸਿਰ ਸਦੀਵੀ ਕਰਜ਼ ਚਾੜ੍ਹਨ ਵਾਲੀ ਬਹਾਦਰ ਤੇ ਨੇਕ-ਦਿਲ ਇਸ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਕਰਨਾ ਬਣਦਾ ਹੈ। ਉਨ੍ਹਾਂ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖ਼ਸ਼ੀ ਗਈ। ਇੱਕ ਪਾਸੇ ਕੁੰਮਾ ਮਾਸ਼ਕੀ, ਬੀਬੀ ਲੱਛਮੀ, ਪਠਾਣ ਨਿਹੰਗ ਖਾਨ, ਭਾਈ ਨਬੀ ਖਾਨ-ਭਾਈ ਗਨੀ ਖਾਨ, ਬੇਗਮ ਜ਼ੈਨਬੁਨਿਮਾ, ਨਵਾਬ ਮਲੇਰਕੋਟਲਾ, ਬਾਬਾ ਮੋਤੀ ਰਾਮ ਮਹਿਰਾ ਤੇ ਪਰਿਵਾਰ ਅਤੇ ਦੀਵਾਨ ਟੋਡਰ ਮੱਲ ਜੀ ਨੇ ਇਨਸਾਨੀਅਤ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਤੇ ਦੂਜੇ ਪਾਸੇ ਗੰਗੂ ਬਾਹਮਣ, ਨਵਾਬ ਸੁੱਚਾ ਨੰਦ, ਵਜੀਦ ਖਾਨ ਨੇ ਨਿਰਦੈਅਤਾ ਅਤੇ ਬੇਈਮਾਨੀ ਦਾ ਸਿਖਰ ਕਰ ਛੱਡਿਆ।

ਇਨ੍ਹਾਂ ਸਭ ਨੇ ਸਿੱਖਾਂ ਸਿਰ ਕਰਜ਼ ਚਾੜ੍ਹਿਆ। ਕੁਝ ਨੇ ਅਹਿਸਾਨਾਂ ਦਾ ਤੇ ਕੁਝ ਨੇ ਜ਼ੁਲਮਾਂ ਦਾ। ਸਾਨੂੰ ਦੋਵੇਂ ਯਾਦ ਨੇ। ਇਸ ਸ਼ਹੀਦੀ ਹਫਤੇ ਤੁਹਾਡੇ ਨਾਲ ਅਨੰਦਪੁਰ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਤੱਕ ਦੀ ਗਾਥਾ ਦਾਸ ਨੇ ਸਾਂਝੀ ਕੀਤੀ ਤਾਂ ਕਿ ਸਾਨੂੰ ਉਨ੍ਹਾਂ ਮਹਾਨ ਕੁਰਬਾਨੀਆਂ ਦਾ ਅਹਿਸਾਸ ਰਹੇ, ਅਸੀਂ ਉਸ ਰਵਾਇਤ ‘ਤੇ ਤੁਰਨ ਦੀ ਕੋਸ਼ੀਸ਼ ਕਰੀਏ। ਇਹ ਦਿਨ ਮਨਾਉਣੇ ਤਾਂ ਹੀ ਕੋਈ ਅਰਥ ਰੱਖਣਗੇ, ਜੇ ਅਸੀਂ ਜ਼ੁਲਮ ਅਤੇ ਜ਼ਾਲਮ ਖਿਲਾਫ ਤੇ ਮਜ਼ਲੂਮ ਨਾਲ ਖੜ੍ਹਨ ਦਾ ਹੀਆ ਕਰਦੇ ਰਹਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement