
ਸਾਰੇ ਪਾਪਾਂ ਦਾ ਸਪੱਸ਼ਟ ਜ਼ਿਕਰ ਕਰ ਕੇ ਮਾਫ਼ੀ ਮੰਗਣਾ, ‘ਜਾਣੇ ਅਣਜਾਣੇ ਹੋ ਗਈਆਂ ਭੁੱਲਾਂ’ ਵਰਗੇ ਸ਼ਬਦ ਨਾ ਵਰਤਣੇ
Panthak News (ਗੁਰਿੰਦਰ ਸਿੰਘ) : ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗਲ ਪਈ ਬਾਦਲੀ-ਪੰਜਾਲੀ ਲਾਹੁਣ ਲਈ ਇਸ ਵੇਲੇ ਕਮਰਕੱਸੇ ਕਰ ਰਹੇ ਪ੍ਰਮੁੱਖ ਅਕਾਲੀ ਆਗੂਆਂ ਵਲੋਂ 1 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਮਾਫ਼ੀ ਮੰਗਣ ਵਾਲੇ ਪ੍ਰਸਤਾਵਿਤ ਪ੍ਰੋਗਰਾਮ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਪੰਜਾਬੀ ਕਾਲਮਨਵੀਸ ਤਰਲੋਚਨ ਸਿੰਘ ਦੁਪਾਲਪੁਰ ਨੇ ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਭੇਜੇ ਲਿਖਤੀ ਬਿਆਨ ਰਾਹੀਂ ਉਨ੍ਹਾਂ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗਣ ਵਾਲੇ ਅਕਾਲੀ ਆਗੂਆਂ ਨੂੰ ਚਿਤਾਵਨੀ ਦਿਤੀ ਹੈ ਕਿ ਸਿੱਖ ਪੰਥ ਨੂੰ ਤੁਹਾਡੇ ’ਤੇ ਵੀ ਉਨਾ ਹੀ ਗੁੱਸਾ ਹੈ, ਜਿੰਨਾ ਬਾਦਲ ਟੱਬਰ ’ਤੇ ਹੈ, ਕਿਉਂਕਿ ਪੰਥਕ ਪਾਰਟੀ ਅਕਾਲੀ ਦਲ ਨੂੰ ‘ਬਾਦਲ ਦਲ’ ਬਣਾਉਣ ਅਤੇ ਇਸ ਦੀ ਇਥੋਂ ਤਕ ਦੁਰਦਸ਼ਾ ਕਰਾਉਣ ’ਚ ਤੁਸੀਂ ਵੀ ਬਰਾਬਰ ਭਾਗੀਦਾਰ ਰਹੇ ਹੋ। ਉਰਦੂ ਦੇ ਇਕ ਸ਼ੇਰ ‘ਖਾਮੋਸ਼ੀ ਜੁਰਮ ਹੈ ਜਬ ਮੂੰਹ ਮੇਂ ਜ਼ੁਬਾਂ ਹੋ ਅਕਬਰ, ਚੁੱਪ ਰਹਨਾ ਭੀ ਤੋ ਹੈ ਜ਼ਾਲਿਮ ਕੀ ਹਮਾਇਤ ਕਰਨਾ’ ਅਨੁਸਾਰ, ਰਾਜ-ਭਾਗ ਵੇਲੇ ਮਚੀ ਰਹੀ ਬਾਦਲ-ਗਰਦੀ ਮੌਕੇ ਤੁਹਾਡਾ ਚੁੱਪ ਰਹਿਣਾ ਵੀ ਬਾਦਲਾਂ ਦੀ ਹਮਾਇਤ ਹੀ ਸੀ।
ਦੁਪਾਲਪੁਰ ਨੇ ਹੁਣ ਅਕਾਲੀ ਆਗੂਆਂ ਵਲੋਂ 1 ਜੁਲਾਈ ਦੇ ਮਾਫ਼ੀਨਾਮੇ ਦੀ ‘ਦੇਰ ਆਇਦ ਦਰੁਸਤ ਆਇਦ’ ਨਾਲ ਤੁਲਨਾ ਕਰਦਿਆਂ ਉਨ੍ਹਾਂ ਨੂੰ ਸੁਝਾਅ ਦਿਤਾ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਸਿੱਧੇ ਅਤੇ ਸਪੱਸ਼ਟ ਸ਼ਬਦਾਂ ਵਿਚ ਅਪਣੇ ਇਕ-ਇਕ ਗੁਨਾਹ ਦਾ ਵੇਰਵਾ ਦੇ ਕੇ ਪੰਥ ਤੋਂ ਖਿਮਾਂ ਮੰਗਣ! ਜੇ ਬਾਦਲਾਂ ਵਾਲੀ ਬੋਲੀ ‘ਜਾਣੇ ਅਣਜਾਣੇ’ ਜਾਂ ‘ਜੇ ਕੋਈ ਗ਼ਲਤੀਆਂ ਹੋਈਆਂ’ ਵਾਲੀ ਹੀ ‘ਰਾਗਣੀ’ ਗਾਈ ਤਾਂ ਸਿੱਖ ਜਗਤ ਤੁਹਾਡੀ ਮਾਫ਼ੀ ਨੂੰ ਵੀ ‘ਜਿਨ ਮਨ ਹੋਰ ਮੁੱਖ ਹੋਰ’ ਭਾਵ ਕਪਟ ਹੀ ਸਮਝੇਗਾ।
ਭਾਈ ਦੁਪਾਲਪੁਰ ਨੇ ਬਿਆਨ ਵਿਚ ‘ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਣ’ ਵਾਲੀ ਕਹਾਵਤ ਦਾ ਹਵਾਲਾ ਦਿੰਦਿਆਂ ਅਕਾਲੀ ਦਲ ਨਾਲੋਂ ‘ਬਾਦਲ’ ਸ਼ਬਦ ਲਾਹੁਣ ਤੁਰੇ ਸੁਧਾਰਵਾਦੀ ਆਗੂਆਂ ਨੂੰ ਚੇਤੇ ਕਰਾਇਆ ਕਿ ‘ਮੈਂ ਬਾਦਲਾਂ ਦੀ ਮੁਕਾਣੇ ਵੀ ਨੀ ਜਾਣਾ’ ਕਹਿਣ ਵਾਲੇ ਆਗੂਆਂ ਨੂੰ ਬਾਦਲਾਂ ਕੋਲ ਬੈਠੇ ਦੇਖਣ ਵਾਲਾ ਪੰਥ ਫਿਲਹਾਲ ਤੁਹਾਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਹੈ ਅਤੇ ਅਗਾਂਹ ਤੁਹਾਡੇ ’ਤੇ ਬਾਜ਼ ਨਜ਼ਰ ਰੱਖੇਗਾ। ਤੁਹਾਡੇ ਮਿਸ਼ਨ ਵਿਚ ਜਰਾ ਜਿੰਨੀ ਕਚਿਆਈ ਜਾਂ ਢਿੱਲ ਸਿੱਖ ਜਗਤ ਨੇ ਬਰਦਾਸ਼ਤ ਨਹੀਂ ਕਰਨੀ। ਅਸਲ ਵਿਚ ਹੁਣ ਤੁਹਾਡੇ ਲਈ ‘ਕਰੋ ਜਾਂ ਮਰੋ’ ਦੀ ਭਾਵਨਾ ਨਾਲ ਲੜਨ ਦਾ ਸਮਾਂ ਆ ਗਿਆ ਜਾਪਦਾ ਹੈ। ਅੰਤ ਵਿਚ ਭਾਈ ਦੁਪਾਲਪੁਰ ਨੇ ਇਨ੍ਹਾਂ ਅਕਾਲੀ ਆਗੂਆਂ ਨੂੰ ਇਹ ਗੱਲ ਵੀ ਧਿਆਨ ਗੋਚਰੇ ਰੱਖਣ ਲਈ ਕਿਹਾ ਕਿ ਤੁਹਾਡਾ 1 ਜੁਲਾਈ ਵਾਲਾ ਮਾਫ਼ੀ ਮਿਸ਼ਨ ਹਾਲੇ ਅਕਾਲੀ ਦਲ ਦੇ ਸੁਧਾਰ ਵੱਲ ਪਹਿਲਾ ਕਦਮ ਹੀ ਹੈ, ਜਦਕਿ ਤੁਹਾਡੀ ਭਵਿੱਖ ਦੀ ਕਾਰਗੁਜ਼ਾਰੀ ਨੇ ਪੰਥਕ ਕਚਹਿਰੀ ਵਿਚ ਤੁਹਾਨੂੰ ਪ੍ਰਵਾਨਗੀ ਦੇਣੀ ਦਿਵਾਉਣੀ ਹੈ। ਬੀਤੇ ਸਮੇਂ ’ਚ ਬਾਦਲ ਦਲ ਦੇ ਕੁੱਝ ‘ਬੇਦਰਦ-ਹਮਦਰਦ’ ਸਲਾਹਕਾਰਾਂ ਤੋਂ ਵੀ ਸਪੱਸ਼ਟ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ ਤਾਂ ਕਿ ਭਵਿੱਖ ਦੇ ਅਕਾਲੀ ਦਲ ’ਚ ਕੋਈ ‘ਨਵਾਂ ਬਾਦਲ’ ਨਾ ਆ ਵੜੇ।