
ਸਿੱਖਾਂ ਦੇ ਤਿੱਖੇ ਵਿਰੋਧ ਪਿਛੋਂ ਭਾਵੇਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ...........
ਨਵੀਂ ਦਿੱਲੀ : ਸਿੱਖਾਂ ਦੇ ਤਿੱਖੇ ਵਿਰੋਧ ਪਿਛੋਂ ਭਾਵੇਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਦੇ ਮੁਖ ਦੀਵਾਨ ਹਾਲ ਦੀ ਕਾਰ ਸੇਵਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਹੋਇਆ ਹੈ, ਪਰ ਸੋਸ਼ਲ ਮੀਡੀਆ 'ਤੇ ਬਾਦਲਾਂ ਦੇ ਵਿਰੋਧ ਦੀ ਮੁਹਿੰਮ ਜਾਰੀ ਹੈ। ਵਿਵਾਦਾਂ ਵਿਚ ਘਿਰਨ ਪਿਛੋਂ ਹਾਲ ਦੀ ਘੜੀ ਦਿੱਲੀ ਗੁਰਦਵਾਰਾ ਕਮੇਟੀ ਨੇ ਪੂਰੀ ਤਰ੍ਹਾਂ ਇਸ ਮਸਲੇ 'ਤੇ ਚੁੱਪ ਧਾਰ ਲਿਆ ਹੈ
ਪਰ ਕਈ ਸਿੱਖ ਨੌਜਵਾਨ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾ ਕੇ, ਸਿੱਖਾਂ ਨੂੰ ਰਕਾਬ ਗੰਜ ਸਾਹਿਬ ਦੀ ਵਿਰਾਸਤੀ ਇਮਾਰਤ ਨੂੰ ਕਾਇਮ ਰੱਖਣ ਦਾ ਸੱਦਾ ਦੇ ਰਹੇ ਹਨ ਤੇ ਕਮੇਟੀ ਨੂੰ ਲਾਹਨਤਾਂ ਪਾ ਰਹੇ ਹਨ। ਫੇਸਬੁੱਕ 'ਤੇ ਹੀ ਕੁਝ ਦਿਨ ਪਹਿਲਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਤਜਵੀਜ਼ਤ ਕਾਰਸੇਵਾ ਕਰਨ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦਾ ਵਿਰੋਧ ਕਰਦਿਆਂ ਲਿਖਿਆ ਸੀ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਨੂੰ ਸੰਗਤਾਂ ਪੁੱਛ ਰਹੀਆਂ ਹਨ
ਕਿ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਓੜੀ ਦੇ ਚੰਗੇ ਭਲੇ ਇਤਿਹਾਸਕ ਦਰਵਾਜੇ ਮੁਰੰਮਤ ਲਈ ਪ੍ਰਾਪਤ ਕੀਤੇ ਸਨ। ਪਰ ਕਈ ਸਾਲ ਹੋ ਗਏ ਉਹ ਕਾਰਸੇਵਾ ਪੂਰੀ ਨਹੀਂ ਹੋਈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਜਦ ਉਹ ਸੇਵਾ ਤੁਹਾਡੇ ਪਾਸੋਂ ਅੱਜੇ ਪੂਰੀ ਨਹੀਂ ਹੋਈ ਤਾ ਤੁਹਾਡੇ ਸੇਵਾਦਾਰ ਗੁਰਦਵਾਰਾ ਸ਼੍ਰੀ ਰਕਾਬ ਗੰਜ ਸਾਹਿਬ ਦੀ ਇਤਿਹਾਸਕ ਬਿਲਡਿੰਗ ਦੇ ਦੁਆਲੇ ਹਥੌੜੇ ਲੈ ਕੇ ਕਿਉਂ ਘੁੰਮਣ ਲੱਗ ਪਏ ਹਨ?'
ਇਸ ਮੁਹਿੰਮ ਨਾਲ ਡੱਟੇ ਹੋਏ ਲੈਫ਼ਟੀਨੈਂਟ ਕਰਨਲ ਗੁਰਮੀਤ ਸਿੰਘ ਸੋਢੀ ਨੇ ਵੀ ਆਪਣੇ ਇਕ ਵੀਡੀਉ ਇੰਟਰਵਿਊ ਵਿਚ ਆਖਿਆ ਹੈ ਕਿ ਕਿਸੇ ਵੀ ਕੀਮਤ 'ਤੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਵਿਰਾਸਤੀ ਇਮਾਰਤ ਨੂੰ ਢਾਹੁਣ ਨਹੀਂ ਦਿਤਾ ਜਾਵੇਗਾ।