
ਸਿੱਖਾਂ ਵਲੋਂ ਕੀਤੀ ਨਿਸ਼ਕਾਮ ਸੇਵਾ ਲਈ ਦਿਲੋਂ ਧਨਵਾਦੀ ਹਾਂ : ਐਰੋਨ ਬਾਟ....
ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਇੰਡੀਆਨਾ ਵਿਚ ਰਹਿੰਦੇ ਸਿੱਖਾਂ ਨੇ ਬਿਨਾਂ ਤਨਖ਼ਾਹ ਦੇ ਕੰਮ ਕਰਨ ਵਾਲੇ ਅਮਰੀਕੀ ਕਾਮਿਆਂ ਨੂੰ ਤੋਹਫ਼ੇ ਕਾਰਡ ਦਿਤੇ ਅਤੇ ਲੰਗਰ ਛਕਾਇਆ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕਿਉਰਿਟੀ ਐਡਮਿਨੀਸਟ੍ਰੇਸ਼ਨ (ਆਵਾਜਾਈ ਸੁਰੱਖਿਆ ਪ੍ਰਬੰਧਨ) ਦੇ ਅਧਿਕਾਰੀਆਂ ਲਈ ਇਹ ਨਿਸ਼ਕਾਮ ਸੇਵਾ ਕੀਤੀ ਗਈ। ਇੰਡੀਆਨਾ ਵਿਚ ਸੰਘੀ ਸਕਿਉਰਿਟੀ ਡਾਇਰੈਕਟਰ ਐਰੋਨ ਬਾਟ ਨੇ ਦਸਿਆ ਕਿ ਸਿੱਖਾਂ ਵਲੋਂ ਨਿਸ਼ਕਾਮ ਸੇਵਾ ਕੀਤੀ ਗਈ ਹੈ ਅਤੇ ਉਹ ਉਨ੍ਹਾਂ ਦੇ ਦਿਲੋਂ ਧਨਵਾਦੀ ਹਨ। ਉਨ੍ਹਾਂ ਨੇ ਸਿੱਖਾਂ ਨੂੰ ਇਸ ਮੌਕੇ ਇੰਡੀਆਨਾ ਚੈਲੰਜ ਦਾ ਸਿੱਕਾ ਵੀ ਸ਼ੁਕਰਾਨੇ ਵਜੋਂ ਦਿਤਾ।
ਉਨ੍ਹਾਂ ਦਸਿਆ ਕਿ ਬਿਨਾਂ ਤਨਖ਼ਾਹ ਦੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਮੁਸ਼ਕਲ ਨਾਲ ਅਪਣਾ ਗੁਜ਼ਾਰਾ ਕਰਦੇ ਰਹੇ ਅਤੇ ਸਿੱਖਾਂ ਨੇ ਅੱਗੇ ਆ ਕੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜੋ ਸ਼ਲਾਘਾਯੋਗ ਕੰਮ ਹੈ। ਸੋਮਵਾਰ ਨੂੰ ਸ਼ਟਡਾਊਨ ਖ਼ਤਮ ਹੋ ਗਿਆ ਹੈ ਅਤੇ ਅਧਿਕਾਰੀਆਂ ਨੂੰ ਅਪਣੀਆਂ ਤਨਖ਼ਾਹਾਂ ਮਿਲਣ ਦੀ ਆਸ ਹੈ। ਸਿੱਖਾਂ ਦੇ ਲੀਡਰ ਗੁਰਿੰਦਰ ਸਿੰਘ ਖ਼ਾਲਸਾ ਨੇ ਲੋਕਾਂ ਨੂੰ ਤੋਹਫ਼ਿਆਂ ਦੇ ਨਾਲ-ਨਾਲ ਗ੍ਰੋਸਰੀ (ਰਾਸ਼ਨ ਖ਼ਰੀਦਣ ਵਾਲੇ) ਕਾਰਡ ਵੰਡੇ ਤਾਕਿ ਲੋਕ ਅਪਣੀ ਜ਼ਰੂਰਤ ਦਾ ਸਾਮਾਨ ਖ਼੍ਰੀਦ ਸਕਣ। ਉਨ੍ਹਾਂ ਨੇ ਇਸ ਲਈ 6000 ਅਮਰੀਕੀ ਡਾਲਰ ਖ਼ਰਚ ਕੀਤੇ। ਟਰਾਂਸਪੋਰਟੇਸ਼ਨ ਸਕਿਉਰਿਟੀ ਅਧਿਕਾਰੀਆਂ ਨੂੰ ਭਾਰਤੀ ਖਾਣੇ ਅਤੇ ਪੀਜ਼ੇ ਵੀ ਭੇਜੇ ਗਏ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਇਸ ਕਦਮ ਨਾਲ ਲੋਕਾਂ ਨੂੰ ਪਤਾ ਲੱਗਾ ਹੈ ਕਿ ਸਿੱਖ ਹਰ ਇਕ ਮਦਦਗਾਰ ਦੀ ਬਾਂਹ ਫੜਦੇ ਹਨ। ਸਿੱਖ ਵਲੋਂ ਹਮੇਸ਼ਾ ਤੋਂ ਹੀ ਅਜਿਹੇ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਪਰ ਅਮਰੀਕਾ 'ਤੇ 2001 ਵਿਚ ਹੋਏ ਹਮਲੇ ਮਗਰੋਂ ਉਨ੍ਹਾਂ ਨੂੰ ਗ਼ਲਤ ਸਮਝਿਆ ਗਿਆ ਸੀ। ਇਸ ਮਗਰੋਂ ਭਾਈਚਾਰੇ ਨੇ ਹੋਰ ਵੀ ਉਤਸ਼ਾਹ ਨਾਲ ਭਲਾਈ ਦੇ ਕੰਮ ਕਰਨੇ ਸ਼ੁਰੂ ਕਰ ਦਿਤੇ ਅਤੇ ਹੁਣ ਅਮਰੀਕੀ ਲੋਕ ਹੌਲੀ-ਹੌਲੀ ਇਸ ਗੱਲ ਨੂੰ ਸਮਝ ਰਹੇ ਹਨ ਕਿ ਸਿੱਖ ਮਨੁੱਖੀ ਭਲਾਈ ਲਈ ਕੰਮ ਕਰਦੇ ਹਨ। (ਪੀ.ਟੀ.ਆਈ)