
ਧਰਮ ਪ੍ਰਚਾਰ ਲਹਿਰ ਨੂੰ ਮਾਝੇ ਖੇਤਰ ਵਿਚ ਤੇਜ਼ ਕਰਨ ਲਈ ਬਾਬਾ ਨਿਧਾਨ ਸਿੰਘ ਦੀ ਯਾਦ ਨੂੰ ਸਮਰਪਤ ਗੁਰਦਵਾਰਾ ਮੰਜੀ ਸਾਹਿਬ ਦੀਵਾਨ ਹਾਲ, ਦਰਬਾਰ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 4 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਧਰਮ ਪ੍ਰਚਾਰ ਲਹਿਰ ਨੂੰ ਮਾਝੇ ਖੇਤਰ ਵਿਚ ਤੇਜ਼ ਕਰਨ ਲਈ ਬਾਬਾ ਨਿਧਾਨ ਸਿੰਘ ਦੀ ਯਾਦ ਨੂੰ ਸਮਰਪਤ ਗੁਰਦਵਾਰਾ ਮੰਜੀ ਸਾਹਿਬ ਦੀਵਾਨ ਹਾਲ, ਦਰਬਾਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਵਹਿਮਾਂ-ਭਰਮਾਂ ਅਤੇ ਪਾਖੰਡਵਾਦ ਲਈ ਕੋਈ ਥਾਂ ਨਹੀਂ। ਸਿੱਖ ਸਿਰਫ਼ ਇਕ ਅਕਾਲ ਪੁਰਖ ਦਾ ਉਪਾਸਕ ਹੈ ਪਰ ਦੁਖ ਦੀ ਗੱਲ ਹੈ ਕਿ ਅੱਜ ਸਮਾਜ ਵਿਚ ਪਾਖੰਡਵਾਦ ਭਾਰੂ ਹੋ ਚੁੱਕਾ ਹੈ ਜਿਸ ਤੋਂ ਛੁਟਕਾਰਾ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਸਮਾਜ ਵਿਚੋਂ ਕਰਮਕਾਂਡਾਂ ਅਤੇ ਵਹਿਮਾਂ-ਭਰਮਾਂ ਦਾ ਖ਼ਾਤਮਾ ਜ਼ਰੂਰੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਮਤਿ ਦੀ ਰੋਸ਼ਨੀ 'ਚ ਜੀਉਣ ਦੀ ਚਾਹਤ ਸਾਨੂੰ ਅਧਿਆਤਮਕ ਤੇ ਸਮਾਜਕ ਤੌਰ 'ਤੇ ਖ਼ੁਸ਼ ਕਰ ਸਕਦੀ ਹੈ। ਧਰਮ ਪ੍ਰਚਾਰ ਲਹਿਰ ਦਾ ਮਕਸਦ ਵੀ ਸੰਗਤ ਨੂੰ ਗੁਰਮਤਿ ਨਾਲ ਜੋੜਨਾ ਹੀ ਹੈ। ਮਾਝੇ 'ਚ ਧਰਮ ਪ੍ਰਚਾਰ ਲਹਿਰ ਦੀ ਅਗਵਾਈ ਗਿ. ਜਸਵੰਤ ਸਿੰਘ ਕਰਨਗੇ। ਪ੍ਰੋ. ਬਡੂੰਗਰ ਨੇ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੇਵਾ ਦੇ ਖੇਤਰ ਵਿਚ ਮਿਸਾਲੀ ਯੋਗਦਾਨ ਹੈ। ਇਸ ਸਮੇਂ ਪ੍ਰੋ. ਬਡੂੰਗਰ ਨੂੰ ਸਨਮਾਨਤ ਵੀ ਕੀਤਾ ਗਿਆ।