
ਉਨ੍ਹਾਂ ਕਮੇਟੀ ਪ੍ਰਧਾਨ ਨੂੰ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ।
ਨਵੀਂ ਦਿੱਲੀ: 29 ਮਾਰਚ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ.ਤੁਰਤ ਕਮੇਟੀ ਦੇ ਜਨਰਲ ਮੈਨੇਜਰ ਤੇ ਸਹਾਇਕ ਮੈਨੇਜਰ ਨੂੰ ਬਰਖ਼ਾਸਤ ਕਰਨ ਜਿਨ੍ਹਾਂ 'ਤੇ ਨੌਕਰੀ ਦੀ ਭਾਲ ਲਈ ਇਕ ਔਰਤ ਨਾਲ ਜਿਨਸੀ ਛੇੜਛਾੜ ਦੇ ਦੋਸ਼ ਲੱਗੇ ਹਨ।
ਉਨ੍ਹਾਂ ਕਮੇਟੀ ਪ੍ਰਧਾਨ ਨੂੰ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਹੰਤ ਨਰੈਣੂ ਨੂੰ ਵੀ ਬਾਦਲਾਂ ਦੀ ਕਮੇਟੀ ਨੇ ਮਾਤ ਦੇ ਦਿਤੀ ਹੋਈ ਹੈ। ਇਸ ਤਰ੍ਹਾਂ ਦੀਆਂ ਜਿਣਸੀ ਛੇੜਛਾੜ ਦੀਆਂ ਘਟਨਾਵਾਂ ਸਾਹਮਣੇ ਆਉਣਾ ਸਿੱਖਾਂ ਦੀ ਧਾਰਮਕ ਸੰਸਥਾ ਲਈ ਸ਼ਰਮਨਾਕ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਹਿਲਾਂ ਕਈ ਮਾਮਲੇ ਵਾਪਰ ਚੁਕੇ ਹਨ ਪਰ ਕਿਸੇ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ?
ਉਨ੍ਹਾਂ ਕਿਹਾ ਦੋਸ਼ੀਆਂ ਨੂੰ ਤੁਰਤ ਬਰਖਾਸਤ ਕੀਤਾ ਜਾਵੇ, ਨਹੀਂ ਤਾਂ ਦਿੱਲੀ ਦੇ ਸਿੱਖਾਂ ਨੂੰ ਨਾਲ ਲੈ ਕੇ ਕਮੇਟੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਮੈਨੇਜਰ ਕੋਲ ਪ੍ਰਬੰਧਕਾਂ ਦੇ ਅਖਉਤੀ ਭ੍ਰਿਸ਼ਟਾਚਾਰ ਦਾ ਰਾਜ਼ਦਾਰ ਹੋਣ ਦਾ ਦੋਸ਼ ਵੀ ਲਾਇਆ।
ਉਨ੍ਹਾਂ ਕਿਹਾ ਇਸ ਬਾਰੇ ਭਾਵੇਂ 22 ਅਕਤੂਬਰ ਨੂੰ ਚਿੱਠੀ ਨੰਬਰ 3247/2-1, ਰਾਹੀਂ ਕੁਲਵੰਤ ਸਿੰਘ ਬਾਠ, ਮਨਜੀਤ ਸਿੰਘ ਔਲਖ ਤੇ ਜਗਦੀਪ ਸਿੰਘ ਕਾਹਲੋਂ ਅਧਾਰਤ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਪਰ ਇਹ ਕਮੇਟੀ ਦੋਸ਼ੀ ਨੂੰ ਬਚਾਉਣ ਲਈ ਬਣਾਈ ਗਈ ਹੈ।