
ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸਚਖੰਡ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਬੋਰਡ ਦੇ ਐਕਟ ਵਿਚ ਸੋਧ ਕਰ ਕੇ ਬੋਰਡ ਦੇ ਮੈਂਬਰਾਂ ਦੀ ਗਿਣਤੀ ਵਿਚ ਵਾਧਾ ...
ਤਰਨਤਾਰਨ: ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸਚਖੰਡ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਬੋਰਡ ਦੇ ਐਕਟ ਵਿਚ ਸੋਧ ਕਰ ਕੇ ਬੋਰਡ ਦੇ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਕਰਦਿਆਂ 6 ਹੋਰ ਮੈਂਬਰ ਨਾਮਜ਼ਦ ਕਰਨ ਦਾ ਫ਼ੈਸਲਾ ਕੀਤਾ ਹੈ। ਮਹਾਰਾਸ਼ਟਰ ਵਿਧਾਨ ਸਭਾ ਵਿਚ ਇਸ ਸੋਧ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਸਰਕਾਰ ਦੇ ਇਸ ਫ਼ੈਸਲੇ ਤੇ ਬੋਰਡ ਦੇ ਮੌਜੂਦਾ ਚੇਅਰਮੈਨ ਤੇ ਮੁਲੰਡ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਵਿਧਾਇਕ ਤਾਰਾ ਸਿੰਘ ਨੇ ਕੋਈ ਵੀ ਟਿਪਣੀ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਸਰਕਾਰ ਜੋ ਵੀ ਕਰ ਰਹੀ ਹੈ ਜਾਂ ਕਰਨ ਜਾ ਰਹੀ ਹੈ, ਉਹ ਐਕਟ ਅਨੁਸਾਰ ਠੀਕ ਹੈ।
ਸਰਕਾਰ ਦੇ ਇਸ ਫ਼ੈਸਲੇ ਤੇ ਸਥਾਨਕ ਸੰਗਤ ਵਿਚ ਰੋਸ ਹੈ ਤੇ ਬੋਰਡ ਦੇ ਸਾਬਕਾ ਮੈਂਬਰ ਸ਼ੇਰ ਸਿੰਘ ਫ਼ੌਜੀ ਦੀ ਅਗਵਾਈ ਵਿਚ ਸਰਕਾਰ ਦੇ ਇਸ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਗਈ ਹੈ।ਜਾਣਕਾਰੀ ਅਨੁਸਾਰ ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਦੇ ਕੁਲੈਕਟਰ ਨੂੰ ਕਿਹਾ ਹੈ ਕਿ 1 ਜੁਲਾਈ ਤਕ ਵਿਧਾਨ ਸਭਾ ਵੋਟਰ ਸੂਚੀ ਮੁਤਾਬਕ ਵੋਟਰ ਸੂਚੀ ਸੋਧ ਲਈ ਜਾਵੇ ਤੇ ਅਗਲੇ 2 ਮਹੀਨੇ ਤਕ ਚੋਣ ਲਈ ਤਿਆਰੀ ਕਰ ਲਈ ਜਾਵੇ ਤਾਕਿ ਨਵੇਂ ਬੋਰਡ ਦਾ ਗਠਨ ਹੋ ਸਕੇ।
ਤਖ਼ਤ ਸਾਹਿਬ ਬੋਰਡ ਵਿਚ 3 ਮੈਂਬਰ ਚੁਣ ਕੇ ਆਉਂਦੇ ਹਨ। ਜੋ ਨਾਂਦੇੜ ਦੇ ਪਰਬਣੀ, ਹੀਗੋਲੀ, ਰਾਜੋਹਾ, ਕੋਰਪਨਾ ਅਤੇ ਚੰਦਰਪੁਰ ਤੋਂ ਹੁੰਦੇ ਹਨ। ਇਸ ਤੋਂ ਇਲਾਵਾ ਸਚਖੰਡ ਹਜ਼ੂਰੀ ਖ਼ਾਲਸਾ ਦੀਵਾਨ ਦੇ ਚਾਰ ਮੈਂਬਰ, ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰ, ਇਕ ਮੈਂਬਰ ਚੀਫ਼ ਖ਼ਾਲਸਾ ਦੀਵਾਨ, ਸਿੱਖ ਮੈਂਬਰ ਪਾਰਲੀਮੈਂਟ ਵਿਚੋਂ ਚੁਣ ਕੇ ਦੋ ਮੈਂਬਰ, ਮੱਧ ਪ੍ਰਦੇਸ਼ ਤੋਂ ਇਕ ਮੈਂਬਰ, ਆਂਧਰਾ ਪ੍ਰਦੇਸ਼ ਤੋਂ ਇਕ ਮੈਂਬਰ ਦੇ ਨਾਲ ਪਹਿਲਾਂ ਮਹਾਰਾਸ਼ਟਰ ਸਰਕਾਰ ਦੇ 2 ਦੋ ਮੈਂਬਰ ਹੁੰਦੇ ਸਨ ਜਿਨਾਂ ਦੀ ਗਿਣਤੀ ਹੁਣ ਅੱਠ ਕਰ ਦਿਤੀ ਗਈ ਹੈ।
ਇਸ ਦਾ ਵਿਰੋਧ ਕਰ ਰਹੀ ਧਿਰ ਦੇ ਆਗੂ ਸ਼ੇਰ ਸਿੰਘ ਫ਼ੌਜੀ ਨੇ ਕਿਹਾ ਕਿ ਸੋਧ ਦੇ ਬਹਾਨੇ ਭਾਜਪਾ ਤਖ਼ਤ ਸਾਹਿਬ ਬੋਰਡ ਤੇ ਆਰਐਸਐਸ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਪਹਿਲੇ ਹੀ ਬੋਰਡ ਵਿਚ 2 ਮੈਂਬਰ ਸੰਘ ਦੇ ਹਨ, ਨਵੀਂ ਸੋਧ ਤੋਂ ਬਾਅਦ ਇਹ ਗਿਣਤੀ 8 ਹੋ ਜਾਵੇਗੀ ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।