
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅੱਜ ਲਾਹੌਰ ਵਿਖੇ ਸਥਿਤ ਸਮਾਧ ਮਹਾਰਾਜਾ ਰਣਜੀਤ ਸਿੰਘ ਵਿਖੇ ਮਨਾਈ ਗਈ ਜਿਸ ਵਿਚ ਦੁਨੀਆਂ ਭਰ ਤੋਂ ਲਾਹੌਰ ਪੁੱਜੇ ਸਿੱਖਾਂ....
ਲਾਹੌਰ/ਤਰਨਤਾਰਨ,ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅੱਜ ਲਾਹੌਰ ਵਿਖੇ ਸਥਿਤ ਸਮਾਧ ਮਹਾਰਾਜਾ ਰਣਜੀਤ ਸਿੰਘ ਵਿਖੇ ਮਨਾਈ ਗਈ ਜਿਸ ਵਿਚ ਦੁਨੀਆਂ ਭਰ ਤੋਂ ਲਾਹੌਰ ਪੁੱਜੇ ਸਿੱਖਾਂ ਤੋਂ ਇਲਾਵਾ ਪਾਕਿਸਤਾਨ ਦੇ ਸ਼ਹਿਰੀਆਂ ਨੇ ਹਿੱਸਾ ਲਿਆ। ਇਸ ਮੌਕੇ ਭਾਰਤ ਤੋਂ ਗਏ ਯਾਤਰੀ ਜਥੇ ਦੇ ਆਗੂ ਬਲਵਿੰਦਰ ਸਿੰਘ ਜੋੜਾਸਿੰਗਾ ਨੇ ਜਥੇ ਲਈ ਕੀਤੇ ਵਧੀਆ ਪ੍ਰਬੰਧਾਂ ਲਈ ਪਾਕਿਸਤਾਨ ਸਰਕਾਰ , ਪਾਕਿਸਤਾਨ ਵਕਫ਼ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧਨਵਾਦ ਕੀਤਾ। ਉਹਨਾਂ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਏਸ਼ੀਆ ਵਿਚ ਪਹਿਲਾ ਲੋਕਤੰਤਰੀ ਰਾਜ ਸਥਾਪਤ ਕੀਤਾ
ਜਿਸ ਨੂੰ ਅੱਜ ਵੀ ਮਿਸਾਲੀ ਮੰਨਿਆ ਜਾਂਦਾ ਹੈ। ਜੋੜਾਸਿੰਗਾ ਨੇ ਕਿਹਾ ਕਿ ਇਸ ਰਾਜ ਵਿਚ ਪੰਜਾਬ ਖ਼ੁਸ਼ਹਾਲ ਸੀ ਜਿਥੇ ਪੁਰੀ ਦੁਨੀਆਂ ਤੋਂ ਲੋਕ ਨੌਕਰੀਆਂ ਦੀ ਭਾਲ ਵਿਚ ਆਉਂਦੇ ਸਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਇਕ ਧਰਮ ਦਾ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਦਾ ਰਾਜ ਸੀ ਜਿਸ ਦੀ ਸਿਫ਼ਤ ਸ਼ਾਹ ਮੁਹੰਮਦ ਵਰਗੇ ਕਿੱਸਾਕਾਰ ਵੀ ਕਰਦੇ ਹਨ।
ਇਸ ਮੌਕੇ ਜੋੜਾਸਿੰਗਾ ਨੂੰ ਸਨਮਾਨਤ ਵੀ ਕੀਤਾ ਗਿਆ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਵਸਦੇ ਵਿਦਵਾਨਾਂ ਨੂੰ ਇਕ-ਦੂਜੇ ਦੇ ਦੇਸ਼ ਜਾਂ ਕੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨਾ ਚਾਹੀਦਾ ਹੈ ਤਾਕਿ ਇਤਿਹਾਸ ਦੀ ਸਹੀ ਜਾਣਕਾਰੀ ਅਗਲੀਆਂ ਪੀੜ੍ਹੀਆਂ ਤਕ ਪੁਜਦੀ ਕੀਤੀ ਜਾ ਸਕੇ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਏਸ਼ੀਆ ਦਾ ਮਹਾਂਨਾਇਕ ਕਰਾਰ ਦਿਤਾ।