
'ਬਾਦਲ ਪ੍ਰਵਾਰ ਗੁਰਬਾਣੀ ਦਾ ਵੀ ਵਪਾਰ ਕਰ ਗਿਆ'
ਮੁਹਾਲੀ : ਸਿੱਖ ਪੰਥ ਦੀ ਵੱਡੀ ਧਾਰਮਿਕ ਸ਼ਖ਼ਸੀਅਤ ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਬਾਬਾ ਠਾਕੁਰ ਸਿੰਘ ਦੇ ਨਜ਼ਦੀਕੀ ਸਾਥੀ ਭਾਈ ਮੋਹਕਮ ਸਿੰਘ ਨੇ ਇਕ ਲਿਖਤੀ ਬਿਆਨ ਵਿਚ ਬਾਦਲਾਂ ਤੇ ਸ਼੍ਰੋਮਣੀ ਕਮੇਟੀ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਗੁਰੂ ਦਾ ਵਪਾਰ ਦਾ ਕੇਂਦਰ ਨਹੀਂ ਹੋ ਸਕਦਾ ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਉਸ ਥਾਂ 'ਤੇ ਸਿੱਖਾਂ ਦੇ ਭੇਸ ਵਿਚ ਸੱਜਣ ਠੱਗ ਆਣ ਬੈਠੇ ਹਨ ਇਹ ਵਪਾਰੀ ਪਰਿਵਾਰ (ਬਾਦਲ) ਪੀਟੀਸੀ ਚੈਨਲ ਰਾਹੀਂ ਚੁੱਪ-ਚੁਪੀਤੇ ਕਿੰਨੇ ਸਾਲ ਗੁਰੂ ਦੀ ਬਾਣੀ, ਕੀਰਤਨ, ਕਥਾ ਦਾ ਵਪਾਰ ਕਰ ਗਿਆ ਹੈ ਤੇ ਕਰ ਰਿਹਾ ਹੈ ।
ਭਾਈ ਪਰਮਜੀਤ ਸਿੰਘ ਜਿੱਜੇਆਣੀ ਵਲੋਂ ਜਾਰੀ ਬਿਆਨ ਵਿਚ ਉਹਨਾਂ ਕਿਹਾ ਉਹਨਾਂ ਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਸੰਤ ਭਿੰਡਰਾਵਾਲਿਆਂ ਦੇ ਨਜ਼ਦੀਕੀ ਸਾਥੀ ਕਹਾਉਣ ਵਾਲੇ ਵੀ ਜ਼ਮੀਰਾਂ ਮਾਰ ਕੇ ਨਿਗੂਣੀਆਂ ਕੁਰਸੀਆਂ ਦੇ ਲਾਲਚ ਵਿਚ ਬਾਦਲ ਦੀ ਅੰਨ੍ਹੇਵਾਹ ਅੱਖਾਂ ਮੀਟ ਕੇ ਹਮਾਇਤ ਕਰ ਰਹੇ ਹਨ।
ਉਹਨਾਂ ਕਿਹਾ ਸੰਤ ਭਿੰਡਰਾਂਵਾਲੇ ਬਾਦਲਾਂ ਨੂੰ ਸਿੱਖ ਪੰਥ ਦਾ ਸਭ ਤੋਂ ਵੱਡਾ ਦੁਸ਼ਮਣ ਸਮਝਦੇ ਸਨ ਤੇ ਉਹਨਾਂ ਨੂੰ ਕਦੇ ਆਪਣੀਆਂ ਸਰਦਲਾਂ ਨਹੀਂ ਟੱਪਣ ਦਿੱਤੀਆਂ ਸਨ। ਇਸੇ ਤਰ੍ਹਾਂ ਬਾਬਾ ਠਾਕੁਰ ਸਿੰਘ ਜੀ ਨੇ ਸੰਤਾਂ ਦੀ ਗੱਲ 'ਤੇ ਪਹਿਰਾ ਦਿੰਦਿਆਂ ਆਪਣੇ ਜਿਊਂਦੇ ਜੀਅ ਬਾਦਲਾਂ ਨੂੰ ਮੂੰਹ ਨਹੀਂ ਲਾਇਆ ਸੀ ਪਰ ਸੰਤ ਭਿੰਡਰਾਂਵਾਲੇ ਦੇ ਸਾਥੀ ਕਿਹੜੇ ਮੂੰਹ ਤੇ ਕਿਹੜੇ ਸਿਧਾਂਤ ਨਾਲ ਬਾਦਲਾਂ ਦੀ ਹਮਾਇਤ ਕਰ ਰਹੇ ਹਨ ?
ਇਸੇ ਤਰ੍ਹਾਂ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਨੂੰ ਛੱਡ ਕੇ ਬਾਕੀ ਸਭ ਦੀ ਜ਼ਮੀਰ ਸੁੱਤੀ ਰਹੀ ਜਾਂ ਮਰ ਚੁੱਕੀ ਹੈ । ਕੋਈ ਵੀ ਸੱਜਣ ਠੱਗ ਅੱਗੇ ਸੱਚ ਬੋਲਣ ਦੀ ਜੁਅਰਤ ਨਾ ਕਰ ਸਕਿਆ। ਗੁਰੂ ਦੇ ਦਰ 'ਤੇ ਵਪਾਰ ਨਹੀਂ ਸਗੋਂ ਸਿਰਾਂ ਦੇ ਸੌਦੇ ਹੁੰਦੇ ਹਨ । ਗੁਰੂ ਦੇ ਦਰ 'ਤੇ ਆਤਮਾ ਨੂੰ ਪਰਮਾਤਮਾ ਦੀ ਬਾਣੀ ਨਾਲ ਜੋੜਨ ਤੇ ਨਿਸ਼ਕਾਮ ਸੇਵਾ ਦੀ ਗੱਲ ਕਹੀ ਜਾਂਦੀ ਹੈ ਪਰ ਇਹਨਾਂ ਥਾਵਾਂ 'ਤੇ ਸਿੱਖ ਧਰਮ ਅਤੇ ਧਰਮ ਅਸਥਾਨਾਂ ਤੇ ਸੱਜਣ ਠੱਗ (ਬਾਦਲ) ਆਣ ਕੇ ਬੈਠ ਗਏ ਹਨ।
ਇਹਨਾਂ ਸੱਜਣ ਠੱਗਾਂ ਨੂੰ ਗੁਰੂ ਘਰਾਂ ਵਿਚੋਂ ਬਾਹਰ ਕੱਢੇ ਤੋਂ ਬਗੈਰ ਸਿੱਖੀ ਨੂੰ ਬੁਲੰਦੀ ਵੱਲ ਲਿਜਾਇਆ ਹੀ ਨਹੀਂ ਸਕਦਾ। ਗੁਰੂ ਦਾ ਦਰ ਆਪਾ ਵਾਰਨ ਵਾਸਤੇ ਹੁੰਦਾ ਹੈ ਪਰ ਇਹਨਾਂ ਨੇ ਚੁੱਪ-ਚੁਪੀਤੇ ਪੀਟੀਸੀ ਚੈਨਲ ਰਾਹੀਂ ਗੁਰੂ ਦਾ ਹੀ ਵਪਾਰ ਸ਼ੁਰੂ ਕਰ ਦਿਤਾ। ਉਹਨਾਂ ਕਿਹਾ ਜੇਕਰ ਅੱਜ ਗੁਰਬਾਣੀ ਦੇ ਫ੍ਰੀ ਪ੍ਰਸਾਰਣ ਦੀ ਗੱਲ ਚੱਲੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਤਕਲੀਫ ਕਿਸ ਗੱਲ ਦੀ ਹੈ ? ਕੀ ਪੀਟੀਸੀ ਚੈਨਲ ਬ੍ਰਹਮਗਿਆਨੀ ਹੈ ? ਤੇ ਬਾਕੀ ਸਭ ਚੈਨਲ ਕਾਮਰੇਡ ਹਨ ? ਜਵਾਬ ਦਿਉ ਪੰਥ ਨੂੰ ? ਸਿਰਸੇ ਵਾਲੇ ਸਾਧ ਨੂੰ ਕਰੋੜਾਂ ਰੁਪਏ ਲੈ ਕੇ ਪੰਜ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਨਿਵਾਸ 'ਤੇ ਸੱਦਕੇ ਬਿਨਾਂ ਮੰਗਿਆਂ ਮੁਆਫ਼ੀ ਦੇਣ ਦੇ ਹੁਕਮ ਚਾੜ੍ਹੇ ਗਏ । ਮੁੱਖ ਮੰਤਰੀ ਵੱਡਾ ਸੀ ਜਾਂ ਪੰਜ ਸਿੰਘ ਸਾਹਿਬਾਨ, ਪੰਥ ਜਵਾਬ ਮੰਗਦਾ ਹੈ ? ਤੇ ਕਦੇ ਪੈਸਿਆਂ ਦੇ ਲਾਲਚ ਵਿਚ ਗੁਰੂ ਸਾਹਿਬ ਦੇ 328 ਸਰੂਪ ਬਿਨ੍ਹਾਂ ਰਿਕਾਰਡ ਦਰਜ ਕੀਤੇ ਕਿਸੇ ਨੂੰ ਵੇਚ ਦਿਤੇ।