
ਭਾਰਤੀ ਪ੍ਰੰਪਰਾ 'ਚ ਬਸੰਤ ਰੁੱਤ ਦੀ ਆਮਦ ਦਾ ਤਿਉਹਾਰ ਚੰਦਰ ਸਾਲ ਅਤੇ ਫ਼ੱਗਣ ਮਹੀਨੇ ਦਾ ਆਖ਼ਰੀ ਦਿਨ 'ਹੋਲੀ' ਹੈ ਅਤੇ ਖ਼ਾਲਸਈ ਪ੍ਰੰਪਰਾ 'ਚ.......
ਕੋਟਕਪੂਰਾ : ਭਾਰਤੀ ਪ੍ਰੰਪਰਾ 'ਚ ਬਸੰਤ ਰੁੱਤ ਦੀ ਆਮਦ ਦਾ ਤਿਉਹਾਰ ਚੰਦਰ ਸਾਲ ਅਤੇ ਫ਼ੱਗਣ ਮਹੀਨੇ ਦਾ ਆਖ਼ਰੀ ਦਿਨ 'ਹੋਲੀ' ਹੈ ਅਤੇ ਖ਼ਾਲਸਈ ਪ੍ਰੰਪਰਾ 'ਚ 'ਹੋਲਾ ਮਹੱਲਾ' ਗੁਰਬਾਣੀ ਕੂਕ ਰਹੀ ਹੈ ਚੇਤੁ 'ਬਸੰਤੁ' ਭਲਾ ਭਵਰ ਸੁਹਾਵੜੇ£”(ਪੰ.1107) ਮਾਘ ਸੁਦੀ ਪੰਚਮੀ ਨੂੰ 'ਬਸੰਤ ਪੰਚਮੀ' ਵਜੋਂ ਸਮਾਜ ਭਾਈਚਾਰੇ 'ਚ ਪ੍ਰਚਲਤ ਕਰਨ ਲਈ ਦੇਵੀ ਉਪਾਸ਼ਕਾਂ ਨੇ ਚਲਾਕੀ ਨਾਲ ਬਸੰਤ ਦੇ ਤਿਉਹਾਰ ਨਾਲ ਜੋੜ ਦਿਤਾ ਹੈ। 'ਮਾਘ ਸੁਦੀ ਪੰਚਮੀ ਦੀ ਥਿੱਤ, ਜਿਸ ਨੂੰ ਬਸੰਤ ਪੰਚਮੀ ਪ੍ਰਚਾਰਿਆ ਜਾਂਦਾ ਹੈ, ਇਹ ਤਾਂ ਸਰਸਵਤੀ ਨਾਂਅ ਦੀ ਕਲਪਤ ਦੇਵੀ ਦਾ ਕਥਿਤ ਪ੍ਰਗਟ ਦਿਵਸ ਹੈ।
ਇਸ ਲਈ 'ਦੇਵੀ ਦੇਵਾ ਪੂਜੀਐ, ਭਾਈ! ਕਿਆ ਮਾਗਉ, ਕਿਆ ਦੇਹਿ£ (ਪੰ. 637) ਗੁਰਵਾਕ ਦਾ ਪਾਠ ਕਰਨ ਵਾਲੇ ਗੁਰਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦਵਾਰਿਆਂ ਵਿਚ 'ਬਸੰਤ ਪੰਚਮੀ' ਦਾ ਉਤਸਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇਕ ਡੂੰਘੀ ਸਾਜ਼ਸ਼ ਹੈ। ਇਹ ਵਿਚਾਰ ਗਿਆਨੀ ਜਗਤਾਰ ਸਿੰਘ ਜਾਚਕ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਭੇਜੇ ਅਪਣੇ ਇਕ ਪ੍ਰੈਸ ਬਿਆਨ 'ਚ ਪ੍ਰਗਟ ਕੀਤੇ ਹਨ। ਉਨ੍ਹਾਂ ਦਸਿਆ ਕਿ ਸਾਡੇ ਕੇਂਦਰੀ ਧਰਮਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਇਤਿਹਾਸਕ ਗੁਰਦਵਾਰਿਆਂ 'ਚ ਮਾਘ ਸੁਦੀ ਪੰਚਮੀ ਦਾ ਸਰਸਵਤੀ ਦਿਵਸ ਬਸੰਤ-ਪੰਚਮੀ ਦੇ ਨਾਂਅ ਹੇਠ ਮਨਾਉਣਾ ਮਹਾਰਾਜਾ ਰਣਜੀਤ ਸਿੰਘ ਦੇ
ਰਾਜ-ਕਾਲ ਵੇਲੇ ਸ਼ੁਰੂ ਹੋਇਆ ਕਿਉਂਕਿ ਉਸ ਵੇਲੇ ਦਰਬਾਰ ਸਾਹਿਬ ਦੇ ਮੁੱਖ ਪੁਜਾਰੀ ਸਨ ਗਿਆਨੀ ਸੰਤ ਸਿੰਘ ਨਿਰਮਲੇ, ਜਿਨ੍ਹਾਂ ਨੇ ਅਪਣੇ ਘਰ ਦੇ ਮੁੱਖ ਦਰਵਾਜ਼ੇ ਉਤੇ ਗਣੇਸ਼ ਦੀ ਮੂਰਤੀ ਜੜੀ ਹੋਈ ਸੀ। ਗਿਆਨੀ ਜਾਚਕ ਨੇ ਦੁੱਖ ਪ੍ਰਗਟਾਇਆ ਕਿ ਹੁਣ ਕਈ ਦਿਨਾਂ ਤੋਂ ਉਥੋਂ ਟੀ.ਵੀ. 'ਤੇ ਪ੍ਰਸਾਰਨ ਹੁੰਦੇ ਕੀਰਤਨ ਦਰਮਿਆਨ ਭਾਈ ਗੁਰਦਾਸ ਜੀ ਦੇ ਕਬਿੱਤ ਵਿਚਲੀ ਇਕ ਉਦਾਰਹਣ ਨੂੰ ਅਸਥਾਈ ਬਣਾ ਕੇ ਸ਼ਬਦ ਰੂਪ 'ਚ ਉਚੀ ਸੁਰ 'ਚ ਗਾਇਆ ਜਾ ਰਿਹਾ ਹੈ 'ਪਵਨ ਰਹਿਤ ਗੁੱਡੀ ਉਡ ਨਾ ਸਕਤ ਹੈ'। ਇਉਂ ਪ੍ਰਤੀਤ ਹੁੰਦਾ ਹੈ ਕਿ ਬਸੰਤ ਪੰਚਮੀ ਦੀ ਆੜ 'ਚ ਸ੍ਰੀ ਦਰਬਾਰ ਸਾਹਿਬ ਤੋਂ ਪਤੰਗਬਾਜ਼ੀ ਦਾ ਸੰਦੇਸ਼ ਦਿਤਾ ਜਾ ਰਿਹਾ ਹੋਵੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ
ਬਿਪਰਵਾਦੀ ਸਾਜ਼ਸ਼ ਦਾ ਸ਼ਿਕਾਰ ਹੋਏ ਕੁੱਝ ਗੁਰਸਿੱਖ ਵੀਰਾਂ ਵਲੋਂ ਹੁਣ ਸੋਸ਼ਲ ਮੀਡੀਏ ਰਾਹੀਂ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਸਮੂਹ ਗੁਰਦਵਾਰਿਆਂ ਵਿਖੇ ਬਸੰਤੀ ਰੰਗ ਦੇ ਨਿਸ਼ਾਨ ਝੂਲਾਏ ਜਾਣ ਤਾਕਿ ਬਸੰਤ ਪੰਚਮੀ ਨੂੰ ਗੁਰਸਿੱਖੀ ਦਾ ਪੁਰਬ ਬਣਾਏ ਜਾਣ ਸਬੰਧੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਹੋ ਜਾਵੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਵਿਖੇ ਗੁਰਪੁਰਬਾਂ ਦੀ ਸੂਚੀ 'ਚ 28 ਮਾਘ 10 ਫ਼ਰਵਰੀ ਨੂੰ ਬਸੰਤ ਪੰਚਮੀ ਦਾ ਦਿਹਾੜਾ ਦਰਸਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਸਮੂਹ ਗੁਰਦਵਾਰਾ ਪ੍ਰਬੰਧਕਾਂ, ਕੀਰਤਨੀਆਂ ਤੇ ਗੁਰਮਿਤ ਪ੍ਰਚਾਰਕਾਂ ਨੂੰ ਇਸ ਪੱਖੋਂ ਅਤਿਅੰਤ ਸੁਚੇਤ ਹੋਣ ਦੀ ਲੋੜ ਹੈ।