
ਫ਼ੇਸਬੁਕ 'ਤੇ ਬਚਿੱਤਰ ਨਾਟਕ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਫ਼ਰੋਰ ਵਿਖੇ ਰਹਿਣ ਵਾਲੇ ਮਨਵੀਰ ਸਿੰਘ ਨੇ ਅਪਣੇ ਪਰਵਾਰ ਸਮੇਤ ਪੇਸ਼ ਹੋ ਕੇ..
ਅੰਮ੍ਰਿਤਸਰ, 3 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਫ਼ੇਸਬੁਕ 'ਤੇ ਬਚਿੱਤਰ ਨਾਟਕ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਫ਼ਰੋਰ ਵਿਖੇ ਰਹਿਣ ਵਾਲੇ ਮਨਵੀਰ ਸਿੰਘ ਨੇ ਅਪਣੇ ਪਰਵਾਰ ਸਮੇਤ ਪੇਸ਼ ਹੋ ਕੇ ਮੁਆਫ਼ੀਨਾਮਾ ਵਾਲਾ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਪੇਸ਼ ਕੀਤਾ।
ਪੱਤਰ ਪੜ੍ਹਨ ਤੋਂ ਬਾਅਦ ਜਥੇਦਾਰ ਨੇ ਉਸ ਨੂੰ ਕਿਹਾ ਕਿ ਉਹ ਪੰਜ ਪਿਆਰਿਆਂ ਅੱਗੇ ਪੇਸ਼ ਹੋਵੇ। ਪੰਜ ਪਿਆਰਿਆਂ ਨੇ ਉਸ ਨੂੰ ਸੇਵਾ ਲਾਉਂਦਿਆਂ ਕਿਹਾ ਕਿ ਉਹ ਸਹਿਜ ਪਾਠ ਕਰਵਾਉਣ ਅਤੇ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛੁਕਾਉਣ ਤੋਂ ਬਾਅਦ ਖਿਮਾ ਯਾਚਨਾ ਲਈ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਅਰਦਾਸ ਕਰਵਾਉਣ।
ਪੱਤਰਕਾਰਾਂ ਨੂੰ ਮੁਆਫ਼ੀਨਾਮੇ ਦਾ ਪੱਤਰ ਵਿਖਾਉਂਦਿਆਂ ਮਨਵੀਰ ਸਿੰਘ ਤੇ ਉਸ ਦੇ ਪਰਵਾਰ ਨੇ ਦਸਿਆ ਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਬਚਿੱਤਰ ਨਾਟਕ ਦੀ ਫ਼ੇਸਬੁਕ 'ਤੇ ਬੇਅਦਬੀ ਕੀਤੀ ਅਤੇ ਭੱਦੀ ਸ਼ਬਦਾਵਲੀ ਵਰਤੀ ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ। ਇਸ ਸਬੰਧੀ ਉਸ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਅੱਜ ਉਹ ਇਥੇ ਪਰਵਾਰ ਨਾਲ ਇਸ ਮੰਦਭਾਗੀ ਘਟਨਾ ਲਈ ਅਕਾਲ ਤਖ਼ਤ ਸਾਹਿਬ ਅਤੇ ਸਾਰੇ ਸਿੱਖਾਂ ਤੋਂ ਮੁਆਫ਼ੀ ਮੰਗਣ ਆਏ ਹਨ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ 'ਚ ਮੁੜ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗ਼ਲਤੀ ਨਹੀਂ ਕਰਾਂਗਾ।