
ਗੁਰੂ ਘਰ ਵਿਚ ਸ਼ੁਰੂ ਤੋਂ ਹੀ ਗੁਰੁ ਅਤੇ ਗੁਰੁ ਕੀ ਸੰਗਤ ਹੀ ਪ੍ਰਵਾਨਤ ਹੈ, ਕੋਈ ਤੀਜੀ ਧਿਰ (ਸੰਤ, ਸਾਧ, ਜਾਂ ਬਾਬੇ) ਨਹੀਂ ।
ਸ੍ਰੀ ਮੁਕਤਸਰ ਸਾਹਿਬ, 2 ਅਗੱਸਤ (ਗੁਰਦੇਵ ਸਿੰਘ/ਰਣਜੀਤ ਸਿੰਘ) - ਗੁਰੂ ਘਰ ਵਿਚ ਸ਼ੁਰੂ ਤੋਂ ਹੀ ਗੁਰੁ ਅਤੇ ਗੁਰੁ ਕੀ ਸੰਗਤ ਹੀ ਪ੍ਰਵਾਨਤ ਹੈ, ਕੋਈ ਤੀਜੀ ਧਿਰ (ਸੰਤ, ਸਾਧ, ਜਾਂ ਬਾਬੇ) ਨਹੀਂ । ਸਿੱਖ ਇਤਿਹਾਸ ਵੱਲ ਧਿਆਨ ਮਾਰੇ ਤੋਂ ਪਤਾ ਚਲਦਾ ਹੈ ਕਿ ਗੁਰੁ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਲਹਿਣਾ ਜੀ (ਦੂਜੇ ਗੁਰੂ) ਹੋਏ, ਇਸੇ ਤਰ੍ਹਾਂ ਭਾਈ ਜੇਠਾ ਜੀ (ਚੌਥੇ ਗੁਰੂ) ਹੋਏ, ਇਸੇ ਲੜੀ ਵਿੱਚ ਅੱਗੇ ਵੀ ਮਹਾਨ ਗੁਰਸਿੱਖ ਭਾਈ ਪਦਵੀ ਨਾਲ ਹੀ ਜਾਣੇ ਜਾਂਦੇ ਰਹੇ ਹਨ।
ਇਨ੍ਹਾਂ ਵਿਚਾਰਾਂ ਦੀ ਸਾਂਝ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਕਸਬਾ ਨੁਮਾ ਪਿੰਡ ਰੁਪਾਣਾ ਵਿਖੇ ਧਾਰਮਕ ਸਮਾਗਮਾਂ ਦੀ ਲੜੀ ਅਧੀਨ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਤਿੰਨ ਰੋਜ਼ਾ ਸਮਾਗਮਾਂ ਦੇ ਪਹਿਲੇ ਦਿਨ ਸੰਗਤ ਨਾਲ ਪਾਈ। ਉਨ੍ਹਾਂ ਕਿਹਾ ਕਿ ਗੁਰਬਾਣੀ ਅਨੁਸਾਰ ਗੁਰੂ ਹੀ ਸਾਧੂ ਸਤਿਗੁਰੂ ਹੈ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗਿਆਨ ਨੂੰ ਸੁਰਤ ਮੰਡਲ ਵਿਚ ਟਿਕਾ ਲਿਆ ਹੈ, ਉਨ੍ਹਾਂ ਨੂੰ ਰੱਬ ਦੀ ਕ੍ਰਿਪਾ ਨਾਲ ਸਾਧੂ ਸੰਤ ਮਿਲ ਗਿਆ। ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਧਾਰਨ ਕਰਨ ਵਾਲੇ ਨੂੰ ਗੁਰਬਾਣੀ ਸਾਧੂ-ਸੰਤ ਵਜੋਂ ਮਾਨਤਾ ਨਹੀਂ ਦਿੰਦੀ। ਅੱਜ ਕਲ ਅਸ਼ੀਰਵਾਦਾਂ ਦਾ ਢੌਂਗ ਰਚਣ ਵਾਲੇ ਬਾਬੇ ਜ਼ਮੀਰ ਦੀ ਮੌਤ ਮਰੇ ਹੁੰਦੇ ਹਨ, ਇਹ ਬੇਸ਼ਰਮਾਂ ਦੀ ਅਵਸਥਾ ਹੂੰਦੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਇੱਕ ਇੱਕ ਸ਼ਬਦ ਗੁਰਸਿੱਖ ਲਈ ਅਸ਼ੀਰਵਾਦ ਹੈ ਜਿਨ੍ਹਾਂ ਨੇ ਗੁਰਬਾਣੀ ਰੂਪੀ ਅਸ਼ੀਰਵਾਦ ਦਾ ਆਸਰਾ ਲਿਆ ਹੈ, ਉਨ੍ਹਾਂ ਨੂੰ ਜਗਤ ਵਿਚ ਦੂਜੇ ਪਾਸੇ ਮੂੰਹ ਕਰ ਕੇ ਚੋਟਾਂ ਨਹੀਂ ਖਾਣੀਆਂ ਪੈਂਦੀਆਂ।
ਗੁਰਦੁਆਰਿਆਂ ਦੇ ਮੂਲ ਸਿਧਾਂਤ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਗੁਰੁ ਗਿਆਨ ਲੈਣ ਦੀ ਪਾਠਸ਼ਾਲਾ ਹੈ ਨਾ ਕਿ ਗੇੜੇ ਮਾਰਨ ਦਾ ਸਥਾਨ। ਜੋ ਗੁਰਸਿੱਖ ਗੁਰੁ ਦਰ ਤੋਂ ਜੀਵਣ ਜਾਂਚ ਦੀ ਸਿੱਖਿਆ ਪ੍ਰਾਪਤ ਕਰਕੇ ਦੁਨੀਆਂ ਵਿੱਚ ਵਿਚਰਦੇ ਹਨ ਉਨ੍ਹਾਂ ਦੇ ਜੀਵਣ ਵਿੱਚ ਹੀ ਤਬਦੀਲੀਆਂ ਆਈਆਂ ਜਿਸ ਉਪਰੰਤ ਉਹ ਮਹਾਨ ਗੁਰਸਿੱਖ ਬਣੇ। ਗੁਰੁ ਸਿੱਖ ਦੇ ਹੱਥਾਂ ਜਾਂ ਜੇਬ ਵੱਲ ਨਹੀਂ ਵੇਖਦਾ ਸਗੋਂ ਭਾਵਣਾ ਕਰਕੇ ਹੀ ਗੁਰੁ ਦਰ ਤੇ ਪ੍ਰਵਾਨਤ ਹੁੰਦਾ ਹੈ। ਉਨ੍ਹਾਂ ਹਾਜਰ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗੁਰਬਾਣੀ ਪੜ੍ਹਣ ਤੇ ਅਮਲ ਕਰਦਿਆਂ, ਗੁਰੁ ਦਰ ਤੋਂ ਸਿੱਖਿਆ ਲੈ ਕੇ ਲੁਕਾਈ ਵਿੱਚ ਜਾ ਕੇ ਸੇਵਾ ਕਰਨ। ਸਿੱਖ ਵਾਸਤੇ ਗੁਰੁ ਦੇ ਦਰਸ਼ਨ ਸ਼ਬਦ ਦੀ ਵਿਚਾਰ ਕਰਨਾ ਹੀ ਹੈ, ਸਿੱਖਾਂ ਦੇ ਘਰੇ ਗੁਰੁ ਸਾਹਿਬਾਨ ਵਲੋਂ ਰੱਦ ਕੀਤੀਆਂ ਮਨਮੱਤਾਂ (ਜੋਤਾਂ, ਧੂਪਾਂ, ਫੇਟੋਆਂ-ਬੁਤਾਂ ਤੇ ਮੜ੍ਹੀਆਂ ਦੀ ਪੂਜਾ ਆਦਿ) ਨਹੀਂ ਹੋਣੀਆਂ ਚਾਹੀਦੀਆਂ। ਅਖੀਰ ਵਿੱਚ ਉਨ੍ਹਾਂ ਹਾਜਰ ਸੰਗਤਾਂ ਨੂੰ ਕਿਹਾ ਕਿ ਆਉ ਆਪਾਂ ਸਾਰੇ ਰੱਬ ਦੇ ਨੇੜੇ ਲੈ ਜਾ ਵਾਲੇ ਨੇਕ ਕੰਮ ਕਰੀਏ, ਗੁਰੂ ਵੱਲੋਂ ਵਰਜਿਤ ਕੰਮ ਸਾਨੂੰ ਗੁਰੁ ਤੋਂ ਦੂਰ ਲੈ ਜਾਂਦੇ ਹਨ।