
ਜਦ 'ਰੋਜਾਨਾ ਸਪੋਕਸਮੈਨ' ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਪੰਥ ਦੀ ਨਿਘਰਦੀ ਜਾ ਰਹੀ ਹਾਲਤ ਬਾਰੇ ਸੁਚੇਤ ਕਰਨ ਲਈ ਲਿਖਿਆ...
ਕੋਟਕਪੂਰਾ, 1 ਅਗੱਸਤ (ਗੁਰਿੰਦਰ ਸਿੰਘ): ਜਦ 'ਰੋਜਾਨਾ ਸਪੋਕਸਮੈਨ' ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਪੰਥ ਦੀ ਨਿਘਰਦੀ ਜਾ ਰਹੀ ਹਾਲਤ ਬਾਰੇ ਸੁਚੇਤ ਕਰਨ ਲਈ ਲਿਖਿਆ ਜਾਂਦਾ ਹੈ ਤਾਂ ਅਕਾਲੀ ਦਲ ਬਾਦਲ ਨਾਲ ਸਬੰਧਤ ਆਗੂਆਂ ਕੋਲ ਸਪੋਕਸਮੈਨ ਨੂੰ ਪੰਥ ਵਿਰੋਧੀ ਕਹਿਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਦਾ ਪਰ ਬੀਤੇ ਕਲ ਸ਼੍ਰੋਮਣੀ ਕਮੇਟੀ ਦੇ ਤਨਖ਼ਾਹਦਾਰ ਮੁਲਾਜ਼ਮਾਂ ਅਰਥਾਤ ਪਾਠੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਸ਼੍ਰੋਮਣੀ ਕਮੇਟੀ ਵਿਰੁਧ ਨਾਅਰੇਬਾਜ਼ੀ ਕਰ ਕੇ ਸੱਚਾਈ ਜੱਗ ਜ਼ਾਹਰ ਕਰ ਦਿਤੀ ਹੈ।
ਉਘੇ ਪ੍ਰਚਾਰਕ ਪ੍ਰੋ. ਇੰਦਰ ਸਿੰਘ ਘੱਗਾ ਨੇ ਇਸ ਘਟਨਾ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸਮੇਤ ਸਮੂਹ ਅਹੁਦੇਦਾਰਾਂ ਨੂੰ ਸਵਾਲ ਕੀਤਾ ਹੈ ਕਿ ਉਹ ਗ਼ਰੀਬ ਪਾਠੀਆਂ ਦਾ ਲੰਮੇ ਸਮੇਂ ਤੋਂ ਹੱਕ ਮਾਰਨ ਵਾਲਾ ਇਹ ਸਿਲਸਿਲਾ ਆਖ਼ਰ ਕਦੋਂ ਤਕ ਜਾਰੀ ਰਖਣਗੇ? ਉਨ੍ਹਾਂ ਕਿਹਾ ਕਿ ਲਗਭਗ 12 ਹਜ਼ਾਰ ਕਰੋੜ ਰੁਪਏ ਸਾਲਾਨਾ ਆਮਦਨ ਵਾਲੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਨਾਜਾਇਜ਼ ਖ਼ਰਚੇ ਅਕਸਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਹਨ ਪਰ ਗ਼ਰੀਬ ਪਾਠੀਆਂ ਨੂੰ ਉਨ੍ਹਾਂ ਦਾ ਹੱਕ ਕਿਉਂ ਨਹੀਂ ਦਿਤਾ ਜਾ ਰਿਹਾ? ਪ੍ਰੋ. ਘੱਗਾ ਨੇ ਦਾਅਵਾ ਕੀਤਾ ਕਿ ਗ਼ਰੀਬ ਪਾਠੀ ਪਿਛਲੇ ਲੰਮੇ ਸਮੇਂ ਅਪਣਾ ਗੁੱਸਾ ਦਬਾਈ ਬੈਠੇ ਸਨ ਤੇ ਮਨ ਦਾ ਗੁਬਾਰ ਕੱਢਣ ਲਈ ਹੀ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਨ ਦੀ ਨੌਬਤ ਆਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਕਾਲੀਆਂ ਦੀਆਂ ਰੈਲੀਆਂ 'ਚ ਲੰਗਰ ਅਤੇ ਹੋਰ ਵਸਤਾਂ ਭੇਜ ਕੇ ਕਰੋੜਾਂ ਰੁਪਿਆ ਅਜਾਂਈ ਫੂਕਿਆ ਜਾਂਦਾ ਹੈ ਪਰ ਗ਼ਰੀਬ ਪਾਠੀ ਨੂੰ ਬਣਦਾ ਮਿਹਨਤਾਨਾ ਦੇਣ ਲਈ ਵਿਤਕਰੇਬਾਜ਼ੀ ਕਿਉਂ?