
ਵਿਸਾਖੀ ਮੌਕੇ 14 ਅਪ੍ਰੈਲ ਨੂੰ ਹਰ ਵਰ੍ਹੇ ਸਿੱਖਾਂ ਨੂੰ ਸਮਰਪਿਤ ਕਰਨ ਦਾ ਇਹ ਫੈਸਲਾ ਅਮਰੀਕਾ ਸੰਸਦ ਦੇ ਨੁਮਾਇੰਦਿਆਂ ਦੀ 117ਵੀਂ ਕਾਂਗਰਸ ਵੱਲੋਂ ਕੀਤਾ ਗਿਆ ਹੈ।
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਅਮਰੀਕਾ ਦੀ ਸੰਸਦ ਵੱਲੋਂ 14 ਅਪ੍ਰੈਲ ਵਿਸਾਖੀ ਦੇ ਦਿਨ ਨੂੰ ਹਰ ਸਾਲ ਨੈਸ਼ਨਲ ਸਿੱਖ ਡੇਅ ਵਜੋਂ ਮਾਨਤਾ ਦੇਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ ਕੀਤਾ ਹੈ। ਵਿਸਾਖੀ ਮੌਕੇ 14 ਅਪ੍ਰੈਲ ਨੂੰ ਹਰ ਵਰ੍ਹੇ ਸਿੱਖਾਂ ਨੂੰ ਸਮਰਪਿਤ ਕਰਨ ਦਾ ਇਹ ਫੈਸਲਾ ਅਮਰੀਕਾ ਸੰਸਦ ਦੇ ਨੁਮਾਇੰਦਿਆਂ ਦੀ 117ਵੀਂ ਕਾਂਗਰਸ ਵੱਲੋਂ ਕੀਤਾ ਗਿਆ ਹੈ।
ਮਤੇ ਵਿਚ ਕਿਹਾ ਗਿਆ ਹੈ ਕਿ ਕਰੀਬ 100 ਸਾਲ ਪਹਿਲਾਂ ਅਮਰੀਕਾ ਵਿਖੇ ਆਏ ਸਿੱਖਾਂ ਨੇ ਹੁਣ ਤੱਕ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਅਮਰੀਕੀ ਸੰਸਦ ਦੇ ਇਸ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਲਈ ਫਖ਼ਰ ਵਾਲੀ ਗੱਲ ਕਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੇ ਅਮੀਰ ਸੱਭਿਆਚਾਰ ਅਤੇ ਮਿਹਨਤ ਲਿਆਕਤ ਨਾਲ ਆਪਣੀ ਭਾਵਪੂਰਤ ਹੋਂਦ ਦਰਸਾਈ ਹੈ।
ਜੇਕਰ ਅੱਜ ਅਮਰੀਕਾ ਦੀ ਸੰਸਦ ‘ਨੈਸ਼ਨਲ ਸਿੱਖ ਡੇਅ’ ਵਜੋਂ ਵਿਸਾਖੀ ਨੂੰ ਮਾਨਤਾ ਦੇ ਰਹੀ ਹੈ ਤਾਂ ਇਹ ਗੁਰੂ ਸਾਹਿਬਾਨ ਦੀ ਸੋਚ ਅਤੇ ਖਾਲਸਾ ਪੰਥ ਦੀ ਸਥਾਪਨਾ ਦਾ ਸਤਿਕਾਰ ਹੈ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਫੈਸਲੇ ਦਾ ਸਵਾਗਤ ਹੈ ਅਤੇ ਅਸੀਂ ਇਸ ਲਈ ਯਤਨ ਕਰਨ ਵਾਲਿਆਂ ਦੇ ਨਾਲ-ਨਾਲ ਪ੍ਰਵਾਨਗੀ ਦੀ ਮੋਹਰ ਲਗਾਉਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ।