
ਨਵੀਂ ਦਿੱਲੀ, 1 ਸਤੰਬਰ (ਅਮਨਦੀਪ
ਸਿੰਘ): ਰੰਗਰੇਟਾ ਕਤਲੇਆਮ ਦਿਹਾੜਾ ਨਾਂਅ ਦੇ ਹੋਣ ਵਾਲੇ ਸਮਾਗਮ ਨੂੰ ਸਿੱਖ ਪੰਥ ਵਿਚ
ਦੁਫੇੜ ਪੈਦਾ ਕਰਨ ਦੀ ਕੋਝੀ ਸਿਆਸੀ ਸਾਜ਼ਸ਼ ਕਰਾਰ ਦਿੰਦਿਆਂ ਦਿੱਲੀ ਸਿੱਖ ਗੁਰਦਵਾਰਾ
ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ
ਕਿਹਾ ਹੈ ਕਿ ਸਿੱਖ ਇਤਿਹਾਸਕ ਸਰੋਤਾਂ ਵਿਚ ਰੰਗਰੇਟਿਆਂ ਦਾ ਕੋਈ ਕਤਲੇਆਮ ਨਹੀਂ ਹੋਇਆ, ਇਸ
ਲਈ ਅਜਿਹੇ ਸਮਾਗਮ ਉਲੀਕ ਕੇ, ਰੰਗਰੇਟੇ ਸਿੱਖਾਂ ਨੂੰ ਸਿੱਖ ਪੰਥ ਨਾਲੋਂ ਤੋੜਨ ਦੀ ਕਿਸੇ
ਵੀ ਸਾਜ਼ਸ਼ ਦਾ ਮੁੱਢ ਬੰਨ੍ਹਣ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 2 ਸਤੰਬਰ
ਨੂੰ ਅੰਮ੍ਰਿਤਸਰ ਦੇ ਚਾਟੀਵਿੰਡ ਇਲਾਕੇ ਵਿਚ 'ਰੰਗਰੇਟਾ ਕਤਲੇਆਮ ਦਿਹਾੜਾ' ਯਾਦਗਾਰੀ ਨਾਂਅ
ਦਾ ਸਮਾਗਮ ਉਲੀਕਿਆ ਗਿਆ ਹੈ। ਇਸ ਬਾਰੇ 'ਸੋਸ਼ਲ ਮੀਡੀਆ' ਉਤੇ ਸਿੱਖ ਇਤਿਹਾਸਕ ਤੱਥਾਂ ਤੋਂ
ਉਲਟ ਜਾ ਕੇ, ਇਹ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ 2 ਸਤੰਬਰ 1764 ਵਿਚ
ਮਿਸਲਾਂ ਦੇ ਸਿੱਖ ਸਰਦਾਰਾਂ ਨੇ 13ਵੀਂ ਮਿਸਲ ਦੇ ਮੁਖੀ ਬੀਰ ਸਿੰਘ ਬੰਗਸ਼ੀ ਨੂੰ ਪੰਜ ਸੋ
ਘੋੜ ਸਵਾਰ ਮਜ਼੍ਹਬੀ ਸਿੰਘਾਂ ਨਾਲ ਅੰਮ੍ਰਿਤਸਰ ਸੱਦ ਕੇ ਧੋਖੇ ਨਾਲ ਕਤਲ ਕਰ ਦਿਤਾ ਸੀ ਜੋ
ਇਤਿਹਾਸ ਤੋਂ ਉਲਟ ਕੋਰਾ ਝੂਠ ਹੈ।
ਭਾਈ ਤਰਸੇਮ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ
ਹੈ ਕਿ ਸਿੱਖ ਇਤਿਹਾਸ ਵਿਚ ਇਹ ਤਾਂ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ
'ਰੰਗਰੇਟਾ ਗੁਰੂ ਕਾ ਬੇਟਾ' ਆਖ ਕੇ, ਭਾਈ ਜੈਤਾ ਜੀ ਨੂੰ ਅਪਣੀ ਹਿਕ ਨਾਲ ਲਾਇਆ ਸੀ ਤੇ
ਰੰਗਰੇਟੇ ਸਿੱਖਾਂ ਨੂੰ ਮਾਣ ਬਖ਼ਸ਼ਿਆ ਸੀ। ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ
1978 ਵਿਚ ਨਕਲੀ ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿਚ ਸਿੱਖ ਪੰਥ ਵਿਰੁਧ ਸਾਜ਼ਸ਼ ਵਿੱਢ ਕੇ,
ਖ਼ਰੂਦ ਮਚਾਇਆ ਸੀ, ਉਸੇ ਤਰ੍ਹਾਂ ਹੁਣ ਅਖੌਤੀ ਦਲਿਤਾਂ ਨੂੰ ਅੱਗੇ ਲਾ ਕੇ, ਮਾਹੌਲ ਖ਼ਰਾਬ
ਕਰਨ ਦੀ ਸਾਜ਼ਸ਼ ਉਲੀਕੀ ਗਈ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ
ਸਾਜ਼ਸ਼ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਏ।