
ਅੰਮ੍ਰਿਤਸਰ, 21 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਨਮਾਨ ਲਈ ਉਚੇਚੇ ਤੌਰ 'ਤੇ ਅਕਾਲ ਤਖ਼ਤ ਪੁੱਜੇ ਪਰ ਜਸਟਿਨ ਟਰੂਡੋ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਨਹੀਂ ਗਏ, ਸਗੋਂ ਅਕਾਲ ਤਖ਼ਤ ਦੇ ਹੇਠਾਂ ਬਣੇ ਥੜਾ ਸਾਹਿਬ 'ਤੇ ਨਤਸਮਤਕ ਹੋ ਗਏ। ਇਸ ਤਰ੍ਹਾਂ ਜਥੇਦਾਰ ਦੀ ਸਥਿਤੀ ਹਾਸੋ-ਹੀਣੀ ਹੋ ਗਈ। ਮੀਡੀਆ ਦੀਆਂ ਨਜ਼ਰਾਂ ਜਥੇਦਾਰ 'ਤੇ ਟਿਕੀਆਂ ਹੋਈਆਂ ਸਨ ਜੋ ਸਿਰੋਪਾਉ ਲੈ ਕੇ ਖੜੇ ਵਿਖਾਈ ਦੇ ਰਹੇ ਸਨ। ਇਸ ਬਾਰੇ ਜਥੇਦਾਰ ਨੇ ਬਿਆਨ ਵੀ ਦਿਤਾ ਸੀ ਕਿ ਜੇ ਟਰੂਡੋ
ਅਕਾਲ ਤਖ਼ਤ ਆਉਣਗੇ ਤਾਂ ਉਨ੍ਹਾਂ ਦਾ ਪੰਥਕ ਮਰਿਆਦਾ ਅਨੁਸਾਰ ਸਨਮਾਨ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਜਥੇਦਾਰ ਨੂੰ ਕਿਹਾ ਸੀ ਕਿ ਉਹ ਟਰੂਡੋ ਨੂੰ ਅਕਾਲ ਤਖ਼ਤ ਲੈ ਕੇ ਆਉਣਗੇ। ਇਸੇ ਤਰ੍ਹਾਂ ਟਰੂਡੋਂ ਜਲਿਆਂਵਾਲਾ ਬਾਗ਼ ਵਿਖੇ ਵੀ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨ ਵੀ ਨਹੀਂ ਗਏ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਥਾਵਾਂ ਤੇ ਟਰੂਡੋ ਦੇ ਜਾਣ ਦਾ ਕੋਈ ਵੀ ਪ੍ਰੋਗਰਾਮ ਉਲੀਕਿਆ ਹੀ ਨਹੀਂ ਗਿਆ ਸੀ।