
ਨਵੀਂ ਦਿੱਲੀ, 22 ਸਤੰਬਰ
(ਸੁਖਰਾਜ ਸਿੰਘ): ਮਾਰਸ਼ਲ ਆਫ਼ ਇੰਡੀਅਨ ਫ਼ੋਰਸ ਅਰਜਨ ਸਿੰਘ ਦੀ ਯਾਦ 'ਚ ਸਮੂੱਚੀ ਸਿੱਖ ਕੌਮ
ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਸਮਾਗਮ ਕਰਵਾਇਆ। ਗੁਰਦਵਾਰਾ
ਰਕਾਬ ਗੰਜ ਸਾਹਿਬ ਦੇ ਮੁਖ ਦਰਬਾਰ ਹਾਲ ਵਿਖੇ ਹੋਏ ਸਮਾਗਮ ਦੌਰਾਨ ਸਿੱਖ ਪੰਥ ਨਾਲ ਜੁੜੀਆਂ
ਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਦਿੱਲੀ ਕਮੇਟੀ ਵਲੋਂ ਅਰਜਨ ਸਿੰਘ ਦੇ
ਪੁੱਤਰ ਅਰਵਿੰਦ ਸਿੰਘ ਅਤੇ ਪੁੱਤਰੀ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ
ਗਿਆ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਰਜਨ ਸਿੰਘ ਨੇ ਬਹਾਦਰ ਸਿੱਖ ਜਰਨੈਲ
ਵਾਂਗ ਕੰਮ ਕਰ ਕੇ ਸਿੱਖ ਕੌਮ ਦਾ ਨਾਂਅ ਰੌਸ਼ਨ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਅਰਜਨ
ਸਿੰਘ ਨੇ ਅਪਣੀ ਕੁੱਝ ਨਿਜੀ ਜਾਇਦਾਦ ਵੇਚ ਕੇ ਸ਼ਹੀਦ ਫ਼ੌਜੀ ਪਰਵਾਰਾਂ ਦੀ ਮਦਦ 'ਚ ਵੀ ਵੱਡਾ
ਹਿੱਸਾ ਪਾਇਆ ਸੀ। ਅਰਜਨ ਸਿੰਘ ਨੇ ਸਿੱਖ ਕੌਮ ਅਤੇ ਦਸਤਾਰ ਦਾ ਮਾਣ ਵਧਾ ਕੇ ਦੁਨੀਆਂ ਭਰ
'ਚ ਵਸਦੀ ਮਨੁੱਖਤਾ 'ਤੇ ਛਾਪ ਛੱਡੀ ਹੈ। ਉਨ੍ਹਾਂ ਕਿ 52 ਸਾਲ ਪਹਿਲਾਂ ਵੀ ਅਸੀਂ ਕੌਮ
ਵਲੋਂ ਜਰਨੈਲ ਦਾ ਸਨਮਾਨ ਕੀਤਾ ਸੀ ਤੇ ਅੱਜ ਵੀ ਉਨ੍ਹਾਂ ਦੀ ਅੰਤਮ ਯਾਤਰਾ ਦੀ ਸਮਾਪਤੀ
ਮੌਕੇ ਉਨ੍ਹਾਂ ਦੇ ਪਰਵਾਰ ਨੂੰ ਸਨਮਾਨਤ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਰਜਨ ਸਿੰਘ ਨੇ ਸਾਬਤ ਸੂਰਤ ਰਹਿੰਦੇ
ਹੋਏ ਕੌਮ ਦੀ ਸੇਵਾ ਕਰਕੇ ਸਿੱਖੀ ਦਾ ਮਾਣ ਵਧਾਇਆ ਹੈ। ਇਸ ਮੌਕੇ ਪੰਜਾਬੀ ਯੂਨੀਵਰਸਟੀ
ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸਣੇ ਦਿੱਲੀ ਕਮੇਟੀ ਦੇ ਸਮੂਹ
ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।