
ਅੰਮ੍ਰਿਤਸਰ,
1 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਬਾਬਾ ਮੱਖਣ ਸ਼ਾਹ ਲੁਬਾਣਾ ਟਰੱਸਟ ਜਲੰਧਰ ਦੇ
ਵਫ਼ਦ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਤਿਹਾਸਕ
ਗ਼ਲਤ ਤੱਥ ਪੇਸ਼ ਕਰਨ ਬਾਰੇ ਇਕ ਮੰਗ ਪੱਤਰ ਸੌਂਪਿਆ।
ਉਨ੍ਹਾਂ ਦਸਿਆ ਕਿ ਲੁਬਾਣਾ
ਸਿੱਖਾਂ ਦੀਆਂ ਸੰਗਤ ਵਲੋਂ ਬੇਨਤੀ ਹੈ ਕਿ ਪਿਛਲੇ ਸਮੇਂ ਤੋਂ ਕਈ ਬੁਲਾਰਿਆਂ, ਪ੍ਰਚਾਰਕਾਂ,
ਲੇਖਕਾਂ ਅਤੇ ਚਿੰਤਕਾਂ ਵਲੋਂ ਲੁਬਾਣਾ ਸਿੱਖਾਂ ਦੇ ਗੌਰਵਮਈ ਇਤਿਹਾਸਕ ਪਿਛੋਕੜ ਨੂੰ ਗ਼ਲਤ
ਤੱਥਾਂ ਰਾਹੀ ਪੇਸ਼ ਕੀਤਾ ਜਾ ਰਿਹਾ ਹੈ। ਗੁਰੂ ਦੇ ਫ਼ਲਸਫ਼ੇ ਅਨੁਸਾਰ ਉਹ ਕਿਸੇ ਵੀ ਊਚ-ਨੀਚ,
ਸ਼੍ਰੇਣੀ ਵੰਡ ਆਦਿ ਵਿਚ ਯਕੀਨ ਨਹੀਂ ਰਖਦੇ ਪਰ ਇਸ ਦੇ ਨਾਲ ਹੀ ਉਹ ਗੌਰਵਮਈ ਇਤਿਹਾਸ ਨੂੰ
ਅਣਗੌਲਿਆਂ ਵੀ ਨਹੀਂ ਕਰ ਸਕਦੇ।
ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਤੋਂ ਹੀ
ਲੁਬਾਣਾ ਭਾਈਚਾਰੇ ਨੇ ਸਿੱਖੀ ਨੂੰ ਅਪਣਾ ਲਿਆ ਸੀ ਅਤੇ ਸਮੇਂ-ਸਮੇਂ ਸਿਰ ਵਖਰੇ-ਵਖਰੇ
ਗੁਰੂਆਂ ਦੇ ਸ਼ਰਧਾਲੂ ਵੀ ਰਹੇ ਹਨ। ਮਿਸਾਲ ਦੇ ਤੌਰ 'ਤੇ ਗੁਰੂ ਨਾਨਕ ਸਾਹਿਬ ਜੀ ਵੇਲੇ
ਲਾਹੌਰ ਦੇ ਭਾਈ ਮਨਸੁਖ, ਗੁਰੂ ਅੰਗਦ ਦੇਵ ਜੀ ਦੇ ਸਮੇਂ ਭਾਈ ਸੌਧੇ ਸ਼ਾਹ ਜੀ, ਗੁਰੂ ਅਰਜਨ
ਦੇਵ ਜੀ ਦੇ ਸਮੇਂ ਭਾਈ ਹਸਨਾ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹਜ਼ੂਰੀ ਸਿੱਖ ਬਾਬਾ
ਤਖ਼ਤ ਮੱਲ ਜੀ ਪਿੰਡ ਬਜ਼ੁਰਗਵਾਲ, ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਅਤੇ ਗੁਰੂ ਤੇਗ ਬਹਾਦਰ
ਸਾਹਿਬ ਜੀ ਨੂੰ ਪ੍ਰਗਟ ਕਰਨ ਵਾਲੇ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਗੁਰੂ ਸਾਹਿਬ ਜੀ ਦੇ ਧੜ
ਦਾ ਸਸਕਾਰ ਕਰਨ ਵਾਲੇ ਭਾਈ ਲੱਖੀ ਸ਼ਾਹ ਲੁਬਾਣਾ, ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਭਾਈ
ਨਾਢੂ ਸ਼ਾਹ ਲੁਬਾਣਾ (ਪੰਚਕੂਲਾ), ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀ
ਲੜਾਈ ਵਿਚ ਸ਼ਹੀਦ ਹੋਏ ਲੱਖੀ ਸ਼ਾਹ ਦੇ ਬੇਟੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਰ
ਵਿਚ ਕੌਰ ਸਿੰਘ, ਬਾਜ ਸਿੰਘ ਅਤੇ ਭਗਵੰਤ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ।