ਨਵੀਂ
 ਦਿੱਲੀ, 15 ਸਤੰਬਰ (ਸੁਖਰਾਜ ਸਿੰਘ): ਦਿੱਲੀ ਦੀ ਤਿਹਾੜ ਜੇਲ ਵਿਚ ਸਜ਼ਾ ਯਾਫ਼ਤਾ ਭਾਈ ਦਇਆ
 ਸਿੰਘ ਲਾਹੌਰੀਆ ਅਤੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੇਲ ਪ੍ਰਸ਼ਾਸਨ ਵਲੋਂ ਬਦਸਲੂਕੀਆਂ 
ਲਗਾਤਾਰ ਜਾਰੀ ਹਨ। ਭਾਈ ਹਰਵਿੰਦਰ ਸਿੰਘ ਬਿੰਦੀ ਜੋ ਅੱਜ ਭਾਈ ਲਾਹੌਰੀਆ ਨਾਲ ਮੁਲਾਕਾਤ ਕਰ
 ਕੇ ਆਏ ਹਨ, ਨੇ ਦਸਿਆ ਕਿ ਬੀਤੀ 13 ਸਤੰਬਰ ਨੂੰ ਹਾਈ ਰਿਸਕ ਦੇ ਵਾਰਡ ਅੰਦਰ ਪੁਲਿਸ ਵਲੋਂ
 ਬਿਨਾਂ ਕਿਸੇ ਕਾਰਨ ਤੋਂ ਭਾਰੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦਸਿਆ ਕਿ ਤਿਹਾੜ ਜੇਲ ਨੰ. 3
 ਦੇ ਹਾਈ ਰਿਸਕ ਵਾਰਡ ਵਿਚ ਭਾਈ ਦਇਆ ਸਿੰਘ ਲਾਹੌਰੀਆ ਬੰਦ ਹਨ ਤੇ ਇਨ੍ਹਾਂ ਨਾਲ ਮੁਸਲਮਾਨ 
ਵੀਰ ਕੈਦੀ ਵੀ ਹਨ। 
ਭਾਈ ਲਾਹੌਰੀਆ ਦਾ ਜੇਲ ਅੰਦਰ ਦਾ ਰੀਕਾਰਡ ਬਹੁਤ ਹੀ ਵਧੀਆ ਹੈ 
ਅਤੇ ਜੇਲ 'ਚ ਉਨ੍ਹਾਂ ਦੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੋਈ। ਭਾਈ ਬਿੰਦੀ ਨੇ ਦਸਿਆ
 ਕਿ ਜੇਲ ਦੇ ਸੀ.ਸੀ.ਟੀ.ਵੀ ਦੇ ਕੈਮਰੇ ਵੀ ਜਦੋਂ ਪੁਲਿਸ ਫ਼ੋਰਸ ਜੇਲ ਅੰਦਰ ਜਾ ਰਹੀ ਅਤੇ 
ਵਾਪਸ ਆ ਰਹੀ ਸੀ ਬੰਦ ਕਰ ਦਿਤੇ ਗਏ ਤਾਂ ਕਿ ਇਸ ਮਾਮਲੇ ਦੀ ਕਿਸੇ ਕਿਸਮ ਦੀ ਰੀਕਾਰਡਿੰਗ 
ਨਾ ਹੋ ਸਕੇ। ਭਾਈ ਹਰਵਿੰਦਰ ਸਿੰਘ ਬਿੰਦੀ ਨੇ ਜੇਲ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਤਹਿ ਤਕ 
ਜਾ ਕੇ ਹੋਈ ਕਾਰਵਾਈ ਵਿਚ ਦੋਸ਼ੀਆਂ ਵਿਰੁਧ ਸਖ਼ਤ ਕਦਮ ਚੁਕਣ ਦੀ ਅਪੀਲ ਕੀਤੀ ਹੈ। ਭਾਈ 
ਲਾਹੌਰੀਆ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ
 ਨੂੰ ਇਸ ਮਾਮਲੇ ਨੂੰ ਗੰਭਰੀਤਾ ਨਾਲ ਲੈ ਕੇ ਕਾਰਵਾਈ ਕਰਨ ਲਈ ਅਪੀਲ ਕੀਤੀ ਹੈ। 
                    
                