
ਕਿਹਾ, ਗੁਰਘਰਾਂ 'ਚੋਂ ਵਿਭਚਾਰੀਆਂ ਦਾ ਡੰਡਾ ਡੇਰਾ ਚੁਕਵਾਇਆ ਜਾਵੇ
ਬਰਨਾਲਾ,
24 ਸਤੰਬਰ (ਜਗਸੀਰ ਸਿੰਘ ਸੰਧੂ) : ਕਾਰਸੇਵਾ ਦੇ ਪਰਦੇ ਹੇਠ ਵਿਚਰਦੇ ਵਿਭਚਾਰੀਆਂ ਨੂੰ
ਦਿਤੀ ਗਈ ਕਾਰ ਸੇਵਾ ਨੂੰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਤੁਰਤ ਬੰਦ ਕਰੇ। ਇਹ
ਵਿਚਾਰ ਪ੍ਰਗਟ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ
ਨੰਦਗੜ੍ਹ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਰ੍ਹਾਂ ਵਿਚੋਂ ਫੜੇ ਗਏ ਭੂਰੀ ਵਾਲਿਆਂ ਦੇ
ਚੇਲਿਆਂ ਦੇ ਵਿਭਚਾਰ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਨੂੰ ਦਿਤੀ ਕਾਰ ਸੇਵਾ
ਤੁਰਤ ਬੰਦ ਕਰਵਾਈ ਜਾਵੇ।
ਗਿਆਨੀ ਨੰਦਗੜ੍ਹ ਨੇ ਕਿਹਾ ਹੈ ਕਿ ਕਾਰਸੇਵਾ ਦੇ ਨਾਮ ਹੇਠ
ਇਹਨਾਂ ਵਿਭਚਾਰੀ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਲੀਆਂ ਕਰਤੂਤਾਂ ਹੁਣ ਜੱਗ ਜ਼ਾਹਰ
ਹੋ ਗਈਆਂ ਹਨ। ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਰ੍ਹਾਂ ਵਿਚੋਂ ਅਯਾਸ਼ੀ ਕਰਦੇ ਫੜੇ
ਗਏ ਭੂਰੀ ਵਾਲਿਆਂ ਦੇ ਕਾਰਸੇਵਕਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਤਾਂ ਅਜੇ ਇਕ ਘਟਨਾ
ਸਾਹਮਣੇ ਆਈ ਹੈ, ਇਹੋ ਜਿਹੀਆਂ ਹੋਰ ਪਤਾ ਨਹੀਂ ਕਿੰਨੀਆਂ ਕਾਲੀਆਂ ਕਰਤੂਤਾਂ ਇਹ ਲੋਕ ਕਾਰ
ਸੇਵਾ ਦੇ ਪਰਦੇ ਹੇਠ ਕਰ ਰਹੇ ਹਨ।
ਜਥੇਦਾਰ ਨੰਦਗੜ੍ਹ ਨੇ ਜਿਥੇ ਸ਼੍ਰੋਮਣੀ ਗੁਰਦੁਵਾਰਾ
ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਜਿਥੇ-ਜਿਥੇ ਵੀ ਇਨ੍ਹਾਂ ਵਿਭਚਾਰੀ ਲੋਕਾਂ ਨੂੰ
ਕਾਰਸੇਵਾ ਦਿਤੀ ਹੋਈ ਹੈ, ਉਹ ਤੁਰਤ ਬੰਦ ਕਰ ਦੇਣੀ ਚਾਹੀਦੀ ਹੈ, ਉਥੇ ਗਿਆਨੀ ਨੰਦਗੜ੍ਹ ਨੇ
ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕਾਰ ਸੇਵਾ ਦੇ ਨਾਮ ਹੇਠ ਅਯਾਸ਼ੀਆਂ ਕਰਨ ਵਾਲਿਆਂ
ਇਨ੍ਹਾਂ ਵਿਭਚਾਰੀਆਂ ਦਾ ਬਾਈਕਾਟ ਕੀਤਾ ਜਾਵੇ ਅਤੇ ਇਨ੍ਹਾਂ ਦਾ ਡੰਡਾ-ਡੇਰਾ ਗੁਰੂਘਰਾਂ
ਵਿਚੋਂ ਚੁਕਵਾ ਦਿਤਾ ਜਾਵੇ।