
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਸੁਖਵਿੰਦਰ ਪਾਲ ਸਿੰਘ, ਦਲਜੀਤ ਸਿੰਘ ਅਰੋੜਾ): ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਵਿਚਾਲੇ ਚਲ ਰਹੀ ਸ਼ਬਦੀ ਜੰਗ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਅਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਤੈਨਾਤ ਕੰਪਿਊਟਰ ਅਧਿਆਪਕ ਵਲੋਂ ਭਾਈ ਚਾਵਲਾ ਦੇ ਹੋਏ ਵਿਵਾਦ 'ਤੇ ਫ਼ੇਸਬੁਕ 'ਤੇ ਇਕ ਕੁਮੈਂਟ ਦੇ ਹਰਜ਼ਾਨੇ ਕਾਰਨ ਕਪੂਰਥਲਾ ਦਾ ਤਬਾਦਲਾ ਕਰਵਾਉਣਾ ਪਿਆ।
ਦਸਣਯੋਗ ਹੈ ਕਿ ਕਿਸੇ ਵਿਅਕਤੀ ਨੇ ਫ਼ੇਸਬੁਕ ਤੇ ਇਸ ਸ਼ਬਜੰਗ ਸਬੰਧੀ ਇਕ ਪੋਸਟ ਪਾਈ ਹੋਈ ਸੀ, ਉਸ 'ਤੇ ਕੰਪਿਊਟਰ ਅਧਿਆਪਕ ਵਲੋਂ ਇਕ ਕੁਮੈਂਟ ਪਾਇਆ ਗਿਆ। ਇਸ ਵਿਚ ਉਸ ਨੇ ਭਾਈ ਚਾਵਲਾ ਵਿਰੁਧ ਤਿੱਖੀ ਟਿਪਣੀ ਕੀਤੀ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਹਰਕਤ ਵਿਚ ਆਈ ਅਤੇ ਸੂਤਰਾਂ ਮੁਤਾਬਕ 3 ਮੈਂਬਰੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਗਈ। ਇਸ ਉਪ੍ਰੰਤ ਉਕਤ ਅਧਿਆਪਕ ਦਾ ਤਬਾਦਲਾ ਸਾਹਿਬਜਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਜ਼ਿਲ੍ਹਾ ਕਪੂਰਥਲਾ ਕਰ ਦਿਤਾ ਗਿਆ। ਸਕੂਲ ਦੇ ਕਾਰਜਕਾਰੀ ਪ੍ਰਿੰ. ਦਵਿੰਦਰ ਕੌਰ ਨੇ ਵੀ ਤਬਾਦਲੇ ਦੀ ਪੁਸ਼ਟੀ ਕੀਤੀ ਹੈ।