
ਬਹਾਦਰਗੜ੍ਹ,
27 ਸਤੰਬਰ (ਜਸਬੀਰ ਮੁਲਤਾਨੀ) : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ
ਆਫ਼ ਅਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵਿਖੇ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਧਰਮ
ਪ੍ਰਚਾਰ ਕਮੇਟੀ ਦੀ ਅਹਿਮ ਬੈਠਕ ਹੋਈ। ਬੈਠਕ 'ਚ ਹੋਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ
ਪ੍ਰੋ. ਬਡੂੰਗਰ ਨੇ ਦਸਿਆ ਕਿ ਛੱਤੀਸਗੜ੍ਹ ਰਾਏਪੁਰ ਵਿਖੇ ਸਿਕਲੀਗਰ 80 ਬੱਚਿਆਂ ਦੀਆਂ
ਫ਼ੀਸਾਂ ਲਈ 2 ਲੱਖ 34 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਧਰਮ
ਪ੍ਰਚਾਰ ਕਮੇਟੀ ਵਲੋਂ ਕੀਤੇ ਜਾ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ
ਜਿਸ ਤਹਿਤ ਧਰਮ ਪ੍ਰਚਾਰ ਕਮੇਟੀ ਅਧੀਨ ਚੱਲ ਰਹੇ ਧਾਰਮਕ ਅਦਾਰਿਆਂ ਮਿਸ਼ਨਰੀ ਕਾਲਜ,
ਅਕੈਡਮੀਆਂ ਅਤੇ ਇੰਸਟੀਚਿਊਟਾਂ 'ਚ ਕੋਰਸ ਕਰ ਰਹੇ ਸਿਖਿਆਰਥੀਆਂ ਨੂੰ ਨੌਕਰੀ 'ਚ ਪਹਿਲ ਦੇਣ
ਨੂੰ ਪ੍ਰਵਾਨਗੀ ਦਿਤੀ ਗਈ ਹੈ ਤਾਕਿ ਉਹ ਅਪਣੇ ਭਵਿੱਖ ਨੂੰ ਹੋਰ ਸੁਨਹਿਰਾ ਬਣਾ ਸਕਣ।
ਇਸ
ਤੋਂ ਇਲਾਵਾ ਗੁਰਦਵਾਰਾ ਸਾਹਿਬ ਪੰਜ ਪਿਆਰੇ (ਬਿਹਾਰ), ਗੁਰਦਵਾਰਾ ਸਿੰਘ ਸਭਾ ਸ਼ਿੰਗਾਨਾ
(ਮੱਧ ਪ੍ਰਦੇਸ਼), ਗੁਰਦਵਾਰਾ ਸਾਹਿਬ ਭਗਵਾਨਪੁਰਾ (ਮੱਧ ਪ੍ਰਦੇਸ਼), ਗੁਰਦਵਾਰਾ ਸਾਹਿਬ ਭਦਰੀ
(ਮੱਧ ਪ੍ਰਦੇਸ਼) ਚਾਰੋਂ ਗੁਰਦਵਾਰਿਆਂ ਨੂੰ ਇਕ-ਇਕ ਲੱਖ ਰੁਪਏ ਸਹਾਇਤਾ ਦੇਣ ਦਾ ਫ਼ੈਸਲਾ
ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ
ਚਿੰਤਤ ਹੈ ਜਿਸ ਕਾਰਨ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕਾਰਜ ਜਾਰੀ ਰਹਿਣਗੇ। ਪ੍ਰੋ.
ਬਡੂੰਗਰ ਨੇ ਕਿਹਾ ਕਿ ਵੱਖ-ਵੱਖ 45 ਸਿੱਖ ਸਿਕਲੀਗਰ ਜਲੰਧਰ ਦੇ ਪਰਵਾਰਾਂ ਨੂੰ 10-10
ਹਜ਼ਾਰ ਰੁਪਏ ਮਾਲੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸ੍ਰੀ ਗੁਰੂ
ਗੋਬਿੰਦ ਸਿੰਘ ਫ਼ਾਊਂਡੇਸ਼ਨ ਗੁਰੂ ਨਾਨਕ ਨਗਰ ਵਿਜੈਵਾੜਾ ਵਿਖੇ ਸਿਕਲੀਗਰਾਂ ਅਤੇ ਵਣਜਾਰਿਆਂ
ਦੇ ਵਿਦਿਆ ਹਾਸਲ ਕਰ ਰਹੇ ਸਿੱਖਾਂ ਦੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਪੰਜ ਲੱਖ
ਰੁਪਏ ਸਹਾਇਤਾ ਵਜੋਂ ਦਿਤੇ ਜਾਣਗੇ।