
ਫ਼ਿਰੋਜ਼ਪੁਰ, 10
ਸਤੰਬਰ (ਬਲਬੀਰ ਸਿੰਘ ਜੋਸਨ): ਸੀਬੀਆਈ ਦੀ ਪੰਚਕੂਲਾ ਅਦਾਲਤ ਵਲੋਂ ਡੇਰਾ ਸਿਰਸਾ ਮੁਖੀ
ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਉਪਰੰਤ ਰੋਹਤਕ ਜੇਲ ਭੇਜ ਦਿਤੇ ਜਾਣ ਤੋਂ ਇੰਨੇ
ਸਮੇਂ ਬਾਅਦ ਸਿਰਸਾ ਦਾ ਤਲਾਸ਼ੀ ਅਭਿਆਨ ਕਰਨ ਨੂੰ ਪਿਛਲੇ ਲੰਮੇ ਸਮੇਂ ਤੋਂ ਇਸ ਡੇਰੇ ਵਿਰੁਧ
ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਨੇ ਇਕ ਮਹਿਜ਼ ਡਰਾਮਾ ਕਰਾਰ ਦਿਤਾ ਹੈ।
ਇਸ
ਸਬੰਧੀ ਗੱਲਬਾਤ ਕਰਦਿਆਂ ਸਿੱਖ ਪੰਥ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਜਥੇਬੰਦੀ ਸਿੱਖ
ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਉਡੀਕ
ਸਿੰਘ ਕੁੰਡੇ, ਭਗਵਾਨ ਸਿੰਘ ਦੜਿਆਲਾ ਅਤੇ ਸੁਖਦੇਵ ਸਿੰਘ ਲਾਡਾ ਨੇ ਆਖਿਆ ਕਿ ਪਿਛਲੇ ਕੁੱਝ
ਦਿਨਾਂ ਤੋਂ ਚਲ ਰਹੇ ਇਸ ਘਟਨਾਕ੍ਰਮ ਵਿਚ ਭਾਜਪਾ ਨੇ ਜੋ ਰੋਲ ਨਿਭਾਇਆ ਉਸ ਤੋਂ ਇਹ ਗੱਲ
ਜੱਗ ਜ਼ਾਹਰ ਹੋ ਚੁਕੀ ਹੈ ਕਿ ਉਸ ਦੀ ਇਸ ਡੇਰੇ ਨਾਲ ਪੂਰੀ ਮਿਲੀਭੁਗਤ ਸੀ। ਆਗੂਆਂ ਨੇ ਆਖਿਆ
ਕਿ ਸੌਦਾ ਸਾਧ ਦੀ ਗ੍ਰਿਫ਼ਤਾਰੀ ਤੋਂ ਹੁਣ ਤਕ ਮਿਲੇ ਸਮੇਂ ਵਿਚ ਡੇਰੇ ਵਿਚੋਂ ਵੱਡੀ ਮਾਤਰਾ
ਵਿਚ ਇਤਰਾਜ਼ਯੋਗ ਸਮਾਨ ਗੁਪਤ ਥਾਵਾਂ 'ਤੇ ਭੇਜ ਦਿਤਾ ਗਿਆ ਅਤੇ ਹੁਣ ਤਕ ਵੀ ਸੱਚਾਈ ਨੂੰ
ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੀ ਸਮੁੱਚੇ ਦੇਸ਼ ਵਿਚ ਚਰਚਾ ਹੋ ਰਹੀ ਹੈ।
ਉਨ੍ਹਾਂ
ਆਖਿਆ ਕਿ ਹਨੀਪ੍ਰੀਤ ਜਿਸ ਤੋਂ ਹਜ਼ਾਰਾਂ ਇੰਕਸਾਫ਼ ਹੋ ਸਕਦੇ ਹਨ ਨੂੰ ਵੀ ਜਾਣ ਬੁੱਝ ਕੇ
ਕਿਸੇ ਗੁਪਤ ਥਾਂ 'ਤੇ ਰਖਿਆ ਜਾ ਸਕਦਾ ਹੈ ਤਾਂ ਜੋ ਇਸ ਅਖੌਤੀ ਬਾਬੇ ਤੇ ਹੋਰ ਕੇਸਾਂ ਦਾ
ਭਾਰ ਨਾ ਪੈ ਸਕੇ। ਕੁੱਝ ਥਾਵਾਂ ਤੋਂ ਡੇਰਾ ਪ੍ਰੇਮੀਆਂ ਦੀਆਂ ਹੋ ਰਹੀਆਂ ਗ੍ਰਿਫ਼ਤਾਰੀਆਂ
ਬਾਰੇ ਆਗੂਆਂ ਨੇ ਆਖਿਆ ਕਿ ਇਸ ਬਾਰੇ ਇਕ ਸਪੈਸ਼ਲ ਟੀਮ ਕੰਮ ਕਰ ਰਹੀ ਹੈ, ਪਰ ਉਹ ਇਸ ਨੂੰ
ਵੀ ਇਕ ਡਰਾਮਾ ਹੀ ਕਹਿਣਗੇ ਕਿਉਂਕਿ ਇੰਨੇ ਵੱਡੇ ਪੱਧਰ 'ਤੇ ਹੋਈ ਝਾੜ ਫੂਕ ਨਾਲ ਸਬੰਧਤ ਕਈ
ਵਿਅਕਤੀ ਅਜੇ ਵੀ ਸ਼ਰੇਆਮ ਘੁੰਮ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ
ਜਾ ਰਹੀਆਂ ਹਨ।
ਇਸ ਮੌਕੇ ਭਾਈ ਜਸਪਾਲ ਸਿੰਘ, ਉਡੀਕ ਸਿੰਘ ਕੁੰਡੇ, ਸੁਖਦੇਵ ਸਿੰਘ
ਲਾਡਾ ਤੋਂ ਇਲਾਵਾ ਗਗਨਦੀਪ ਸਿੰਘ ਚਾਵਲਾ, ਮਨਜੀਤ ਸਿੰਘ ਔਲਖ, ਕੁਲਦੀਪ ਸਿੰਘ ਨੰਢਾ,
ਗੁਰਕ੍ਰਿਪਾਲ ਸਿੰਘ ਲਵਲੀ ਅਤੇ ਹਰਜਿੰਦਰ ਸਿੰਘ ਬੱਗਾ ਆਦਿ ਹਾਜ਼ਰ ਸਨ।