
ਅੰਮ੍ਰਿਤਸਰ, 22 ਸਤੰਬਰ (ਸੁਖਵਿੰਦਰਜੀਤ ਸਿੰਘ
ਬਹੋੜੂ) : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਸਿੱਖ
ਨੌਜਵਾਨਾਂ 'ਤੇ ਹਮਲਾ ਕਰ ਕੇ ਇਕ ਨੂੰ ਜਾਨ ਤੋਂ ਮਾਰ ਮੁਕਾਉਣਾ ਅਤੇ ਦੂਜੇ ਨੂੰ ਗੰਭੀਰ
ਜ਼ਖ਼ਮੀ ਕਰ ਦੇਣਾ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਲਈ ਬਹੁਤ ਸ਼ਰਮਨਾਕ ਘਟਨਾ ਹੈ।
ਜਥੇਦਾਰ
ਮੁਤਾਬਕ ਸਰਕਾਰ ਵਲੋਂ ਕਾਨੂੰਨ ਪਾਸ ਕੀਤਾ ਹੋਇਆ ਹੈ ਕਿ ਜਨਤਕ ਥਾਵਾਂ ਉਪਰ ਸਿਗਰਟ/ਬੀੜੀ
ਜਾਂ ਤਮਾਕੂ ਪੀਣਾ ਮਨਾਂ ਹੈ ਪਰ ਲੋਕਾਂ ਵਲੋਂ ਕਾਨੂੰਨਾਂ ਨੂੰ ਟਿੱਚ ਜਾਣਦੇ ਹੋਇਆਂ ਇਕ
ਸਿੱਖ ਨੂੰ ਮੌਤ ਦੇ ਘਾਟ ਉਤਾਰਨਾਂ ਸਿੱਖਾਂ ਲਈ ਅਸਹਿ ਹੈ। ਅਜਿਹੇ ਸ਼ਰਮਨਾਕ ਕਾਰਾ ਕਰਨ ਅਤੇ
ਕਾਨੂੰਨ ਦੀ ਉਲੰਘਣਾ ਕਰਨ ਵਾਲੇ ਰੋਹਿਤ ਕ੍ਰਿਸ਼ਨਾ ਮੋਹੰਤਾ ਨਾਂਅ ਦੇ ਵਿਅਕਤੀ ਨੂੰ ਸਖ਼ਤ
ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨਾਲ ਲੋਕਾਂ ਦਾ ਕਾਨੂੰਨ ਵਿਚ ਵਿਸ਼ਵਾਸ ਬਣਿਆ ਰਹੇ। ਉਨ੍ਹਾਂ
ਕਿਹਾ ਕਿ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਸ ਨਾਲ ਸਿੱਖਾਂ ਦੇ ਮਨਾਂ
ਨੂੰ ਠੇਸ ਪਹੁੰਚਦੀ ਹੈ। ਸਿੱਖਾਂ ਨੂੰ ਆਜ਼ਾਦ ਅਤੇ ਧਰਮ ਨਿਰਪੱਖ ਦੇਸ਼ ਵਿਚ ਦੋ ਨੰਬਰ ਦੇ
ਸ਼ਹਿਰੀ ਸਮਝਣਾ ਸਿੱਖਾਂ ਨਾਲ ਵਿਤਕਰੇ ਵਾਲਾ ਸਲੂਕ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ
ਨਹੀਂ ਕਰਨਗੇ। ਇਕ ਪਾਸੇ ਤਾਂ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 87 ਫ਼ੀ ਸਦੀ ਕੁਰਬਾਨੀਆਂ
ਕੀਤੀਆਂ ਪਰ ਇਸ ਆਜ਼ਾਦੀ ਵਿਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।