
ਨਵੀਂ ਦਿੱਲੀ,
21 ਸਤੰਬਰ (ਸੁਖਰਾਜ ਸਿੰਘ): ਜਨਤਕ ਥਾਂ 'ਤੇ ਸਿਗਰਟਨੋਸ਼ੀ ਦਾ ਵਿਰੋਧ ਕਰਨ ਕਰ ਕੇ ਮਾਰੇ
ਗਏ ਸਿੱਖ ਨੌਜਵਾਨ ਗਰਪ੍ਰੀਤ ਸਿੰਘ ਦੇ ਨਾਂਅ 'ਤੇ ਦਿੱਲੀ ਗੁਰਦਵਾਰਾ ਕਮੇਟੀ ਨੇ ਨਸ਼ਾ
ਮੁਕਤੀ ਅਭਿਆਨ ਦਾ ਨਾਂਅ ਰੱਖਣ ਦੀ ਦਿੱਲੀ ਸਰਕਾਰ ਕੋਲੋਂ ਮੰਗ ਕੀਤੀ ਹੈ। ਕਮੇਟੀ ਦੇ
ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਥੇ
ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਕ ਕਰੋੜ ਰੁਪਏ ਦਾ
ਮੁਆਵਜ਼ਾ ਮ੍ਰਿਤਕ ਦੇ ਪਰਵਾਰ ਨੂੰ ਦਿੱਲੀ ਸਰਕਾਰ ਨੂੰ ਦੇਣ ਦੀ ਅਪੀਲ ਕੀਤੀ ਹੈ।
ਦਿੱਲੀ
ਪੁਲਿਸ ਨੇ ਮੁਲਜ਼ਮ ਦੇ ਪ੍ਰਭਾਵ 'ਚ ਆ ਕੇ ਇਸ ਘਟਨਾ ਨੂੰ ਰੋਡਰੇਜ ਦਾ ਨਾਂਅ ਦੇ ਕੇ ਕਾਰ
ਚਲਾਉਣ 'ਚ ਲਾਪਰਵਾਹੀ ਵਰਤਣ ਵਿਚ ਲਗਾਈਆਂ ਜਾਂਦੀਆਂ ਮਾਮੂਲੀ ਧਾਰਾਵਾਂ ਤਹਿਤ ਮੁਲਜ਼ਮ ਨੂੰ
ਨਾਮਜ਼ਦ ਕਰ ਕੇ ਥਾਣੇ ਤੋਂ ਹੀ ਜ਼ਮਾਨਤ ਦੇ ਦਿਤੀ ਸੀ। ਜੀ.ਕੇ. ਨੇ ਕਿਹਾ ਕਿ ਇਹ ਕਤਲ ਦਾ
ਮਾਮਲਾ ਹੈ। ਉਨ੍ਹਾਂ ਦਸਿਆ ਕਿ ਦਿੱਲੀ ਕਮੇਟੀ ਵਲੋ8 ਪਾਏ ਗਏ ਦਬਾਅ ਤੋਂ ਬਾਅਦ ਕਲ ਰਾਤ
ਨੂੰ ਪੁਲਿਸ ਨੇ ਉਨ੍ਹਾਂ ਦੀ ਮੌਜੂਦਗੀ 'ਚ ਥਾਣਾ ਸਫ਼ਦਰਜੰਗ 'ਚ ਮੁਲਜ਼ਮ ਵਿਰੁਧ ਕਤਲ ਦੀ
ਧਾਰਾ 302 ਤੇ ਧਾਰਮਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਧਾਰਾ 295ਏ ਵਿਚ ਨਵਾਂ ਮਾਮਲਾ
ਦਰਜ ਕੀਤਾ ਗਿਆ ਹੈ। ਉਨ੍ਹਾਂ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦਿਤੇ ਜਾਣ ਦੀ ਵਕਾਲਤ
ਕਰਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਬਰਖ਼ਾਸਤਗੀ ਲਈ 23 ਸਤੰਬਰ ਨੂੰ ਦਿੱਲੀ ਪੁਲਿਸ
ਹੈਡਕੁਆਰਟਰ ਦਾ ਘਿਰਾਉ ਕਰਨ ਦਾ ਵੀ ਐਲਾਨ ਕੀਤਾ।
ਸ. ਸਿਰਸਾ ਨੇ ਮੁਲਜ਼ਮ ਵਲੋਂ ਸਾਜਸ਼
ਤਹਿਤ ਜਾਣਬੁੱਝ ਕੇ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਗਾਉਂਦੇ ਹੋਏ ਮੁਲਜ਼ਮ ਦੇ ਵਕੀਲ ਪਿਤਾ
ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ। ਪਿਤਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਮਿਸ਼ਨਰ ਨਾਲ
ਮੁਲਾਕਾਤ ਕਰਨ ਦੀ ਗੱਲ ਕਰਦੇ ਹੋਏ ਸਿਰਸਾ ਨੇ ਗੁਰਪ੍ਰੀਤ ਦੀ ਭੈਣ ਹਰਪ੍ਰੀਤ ਕੌਰ ਅਤੇ
ਜ਼ਖ਼ਮੀ ਸਾਥੀ ਮਨਿੰਦਰ ਸਿੰਘ ਵਲੋਂ ਵਿਖਾਏ ਗਏ ਜਜ਼ਬੇ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ
ਕਮੇਟੀ ਵਲੋਂ ਗੁਰਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਲੋਗੋ
ਵੀ ਜਾਰੀ ਕੀਤਾ ਗਿਆ।