
ਅੰਮ੍ਰਿਤਸਰ,
8 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ
ਦੇ ਧਰਮ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਅੱਜ ਬਾਅਦ ਦੁਪਿਹਰ ਸ੍ਰੀ ਦਰਬਾਰ ਸਾਹਿਬ ਵਿਖੇ
ਨਤਮਸਤਕ ਹੋਏ। ਇਸ ਮੌਕੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ
ਕੌਰ ਨੇ ਕਿਹਾ ਕਿ ਗੁਰੂ ਘਰ 'ਤੇ ਲਾਏ ਜੀ. ਐਸ. ਟੀ. ਬਾਰੇ ਪੰਜਾਬ ਦੇ ਵਿੱਤ ਮੰਤਰੀ
ਮਨਪ੍ਰੀਤ ਸਿੰਘ ਬਾਦਲ ਨੇ ਇਹ ਮੁੱਦਾ ਕੇਂਦਰ ਸਰਕਾਰ ਕੋਲੋਂ ਉਠਾਇਆ ਹੈ ਅਤੇ ਹੁਣ ਇਸ ਬਾਰੇ
ਫ਼ੈਸਲਾ ਕਰਨਾ ਕੇਂਦਰ ਦੇ ਹੱਥ ਵਿਚ ਹੈ।
ਉਨ੍ਹਾਂ ਕਿਹਾ ਕਿ ਨੋਟਬੰਦੀ ਤੇ ਜੀ ਐਸ ਟੀ
ਨੇ ਦੇਸ਼ ਦੀ ਆਰਥਕਤਾ ਨੂੰ ਮੂਧੇ ਮੂੰਹ ਕਰ ਦਿਤਾ ਹੈ ਅਤੇ ਹਰ ਕਾਰੋਬਾਰੀ ਇਸ ਤੋਂ ਪ੍ਰੇਸ਼ਾਨ
ਹੈ। ਦੇਸ਼ ਦੀ ਵਿਕਾਸ ਦਰ ਘੱਟ ਹੋਣ ਦਾ ਅਸਰ ਹਰ ਇਕ ਖੇਤਰ 'ਤੇ ਵੇਖਣ ਨੂੰ ਮਿਲ ਰਿਹਾ ਹੈ।
ਗੁਰਦਾਸਪੁਰ ਲੋਕ ਸਭਾ ਚੋਣ ਬਾਰੇ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਵੱਡੇ ਫ਼ਰਕ ਨਾਲ ਇਹ
ਸੀਟ ਜਿੱਤੇਗੀ ਅਤੇ ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਦੂਸਰੇ ਸਥਾਨ ਲਈ ਸੰਘਰਸ਼ ਕਰ ਰਹੇ
ਹਨ। 2019 ਦੀਆਂ ਲੋਕ ਸਭਾ ਚੋਣਾਂ ਬਾਰੇ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਅਪਣੇ ਲੋਕ ਸਭਾ
ਹਲਕੇ ਤੋਂ ਹੀ ਚੋਣ ਲੜਨਾ ਚਾਹੁਣਗੇ। ਸੂਬੇ ਵਿਚ ਪਿਛਲੇ 10 ਸਾਲ ਅਕਾਲੀ-ਭਾਜਪਾ ਸਰਕਾਰ ਨੇ
ਰਾਜ ਦੀ ਆਰਥਕਤਾ ਨੂੰ ਨਚੋੜ ਕੇ ਰੱਖ ਦਿਤਾ ਹੈ।
ਲੰਮਾ ਸਮਾਂ ਪੰਜਾਬ ਨੂੰ ਲੁੱਟਣ
ਵਾਲੇ ਇਹ ਲੋਕ ਕਾਂਗਰਸ ਸਰਕਾਰ ਕੋਲੋਂ 6 ਮਹੀਨਿਆਂ ਵਿਚ ਹੀ ਹਿਸਾਬ ਮੰਗਣ ਲੱਗ ਪਏ ਹਨ।
ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਹਰਪ੍ਰੀਤ
ਸਿੰਘ ਤੇ ਹੋਰਨਾਂ ਵਲੋਂ ਪ੍ਰਨੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ
ਦੇ ਓ. ਐਸ. ਡੀ. ਅਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਪੁਲਿਸ ਕਮਿਸ਼ਨਰ ਐਸ.
ਸ੍ਰੀਵਾਸਤਵ ਵੀ ਹਾਜ਼ਰ ਸਨ।