
ਨਵੀਂ ਦਿੱਲੀ, 24 ਫ਼ਰਵਰੀ : 19ਵੀਂ ਸਦੀ ਦੇ ਸਿੱਖ ਯੋਧਾ ਹਰੀ ਸਿੰਘ ਨਲੂਆ ਨੂੰ ਅਪਣਾ ਉਪਨਾਮ ਉਸ ਸਮੇਂ ਮਿਲਿਆ ਸੀ ਜਦ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਬਹਾਦਰੀ ਦੀ ਤੁਲਨਾ ਮਹਾਭਾਰਤ ਦੇ ਰਾਜਾ ਨਾਲ ਦੇ ਬਚਪਨ ਨਾਲ ਕਰਦਿਆਂ ਕਿਹਾ ਸੀ, 'ਵਾਹ, ਮੇਰੇ ਰਾਜਾ ਨਲ, ਵਾਹ।' ਇਹ ਜਾਣਕਾਰੀ ਹਰੀ ਸਿੰਘ ਨਲੂਆ ਦੀ ਸੱਤਵੀਂ ਪੀੜ੍ਹੀ ਦੀ ਵੰਸ਼ਜ਼ ਡਾ. ਵਨੀਤ ਨਲੂਆ ਨੇ ਇਥੇ ਅਪਣੀ ਕਿਤਾਬ 'ਹਰੀ ਸਿੰਘ ਨਲੂਆ-ਚੈਂਪੀਅਨ ਆਫ਼ ਖ਼ਾਲਸਾਜੀ (1791-1837)' ਪੇਸ਼ ਕਰਨ ਦੌਰਾਨ ਸਾਂਝੀ ਕੀਤੀ। ਵਨੀਤ ਨਲੂਆ ਨੇ ਕਿਹਾ ਕਿ ਕਾਫ਼ੀ ਲੋਕ ਮੰਨਦੇ ਹਨ ਕਿ ਨਲੂਆ ਦਾ ਮਤਲਬ 'ਬਾਘ ਨੂੰ ਮਾਰਨ ਵਾਲਾ' ਹੁੰਦਾ ਹੈ ਪਰ ਕੁੱਝ ਇਤਿਹਾਸਕਾਰਾਂ ਅਨੁਸਾਰ ਅਜਿਹਾ ਨਹੀਂ ਹੈ, ਬਲਕਿ ਇਹ ਉਪਨਾਮ ਮਹਾਰਾਜਾ ਰਣਜੀਤ ਸਿੰਘ ਵਲੋਂ ਕੀਤੀ ਗਈ ਸ਼ਲਾਘਾ ਤੋਂ ਆਇਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਜਦ ਪਤਾ ਲੱਗਾ ਕਿ ਬੱਚੇ ਹਰੀ ਸਿੰਘ ਨੇ ਇਕੱਲੇ ਹੀ ਬਾਘ ਨੂੰ ਮਾਰ ਦਿਤਾ ਹੈ ਤਾਂ ਉਨ੍ਹਾਂ ਹਰੀ ਸਿੰਘ ਦੀ ਸ਼ਲਾਘਾ ਕੀਤੀ ਸੀ।
ਵਨੀਤ ਨੇ ਕਿਹਾ ਕਿ ਅਪਣੀ ਪਤਨੀ ਦਮਯੰਤੀ ਪ੍ਰਤੀ ਪਿਆਰ ਨੂੰ ਲੈ ਕੇ ਚਰਚਿਤ ਰਾਜਾ ਨਲ ਨੇ ਵੀ ਬਚਪਨ ਵਿਚ ਇਕ ਬਾਘ ਨੂੰ ਮਾਰ ਕੇ ਅਪਣੇ ਪਿਤਾ ਦੀ ਜਾਨ ਬਚਾਈ ਸੀ। ਰਾਜਾ ਨਲ ਅਤੇ ਬਾਘ ਨਾਲ ਜੁੜੀ ਇਸ ਕਹਾਣੀ ਦਾ ਜ਼ਿਕਰ ਢੋਲਾ ਵਿਚ ਆਉਂਦਾ ਹੈ ਜਿਹੜਾ ਪਛਮੀ ਉਤਰ ਪ੍ਰਦੇਸ਼ ਦੇ ਬ੍ਰਜ ਖੇਤਰ ਅਤੇ ਪੂਰਬੀ ਰਾਜਸਥਾਨ ਵਿਚ ਜਾਟ ਪਿੰਡਾਂ ਵਿਚ 19ਵੀਂ ਸਦੀ ਦੀ ਅੱਧ ਤਕ ਵੱਡੇ ਪੱਧਰ 'ਤੇ ਗਾਇਆ ਅਤੇ ਖੇਡਿਆ ਜਾਣ ਵਾਲਾ ਕਾਵ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਈ ਵਾਰ ਸੁਣੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਇਕ ਵਿਗਿਆਨੀ ਤੋਂ ਇਹ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਿਨ੍ਹਾਂ ਨੂੰ ਰਾਜਾ ਨਲ ਦੀਆਂ ਕਹਾਣੀਆਂ ਬਾਰੇ ਕਾਫ਼ੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਸਾਲ 1791 ਵਿਚ ਪੈਦਾ ਹੋਏ ਹਰੀ ਸਿੰਘ 13 ਸਾਲ ਦੀ ਉਮਰ ਵਿਚ ਨੇਤਾ ਬਣ ਗਏ ਅਤੇ ਉਨ੍ਹਾਂ 800 ਲੋਕਾਂ ਦੀ ਫ਼ੌਜ ਦੀ ਅਗਵਾਈ ਕੀਤੀ। 1804 ਵਿਚ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਹਰੀ ਸਿੰਘ ਨੇ ਸ਼ਿਕਾਰ ਦੌਰਾਨ ਬਾਘ ਨੂੰ ਮਾਰ ਦਿਤਾ ਤਾਂ ਉਨ੍ਹਾਂ ਕਿਹਾ ਕਿ ਵਾਹ ਮੇਰੇ ਰਾਜਾ ਨਲ, ਵਾਹ। (ਪੀ.ਟੀ.ਆਈ.)