
ਅਟਵਾਲ ਨੇ ਭਾਰਤ ਵਿਚ ਜਸਟਿਨ ਟਰੂਡੋ ਨੂੰ ਹੋਈ ਸ਼ਰਮਿੰਦਗੀ ਲਈ ਮੰਗੀ ਮਾਫ਼ੀ
ਓਟਾਵਾ, 9 ਮਾਰਚ: ਅਤਿਵਾਦ ਦੇ ਦੋਸ਼ ਹੇਠ ਸਜ਼ਾਯਾਫ਼ਤਾ ਜਸਪਾਲ ਅਟਵਾਲ ਨੇ ਮੁੰਬਈ ਦੀ ਅਪਣੀ ਯਾਤਰਾ ਦੌਰਾਨ ਇਕ ਸਮਾਗਮ ਵਿਚ ਹਿੱਸਾ ਲੈਣ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੋਈ ਸ਼ਰਮਿੰਦਗੀ ਲਈ ਮਾਫ਼ੀ ਮੰਗਦਿਆਂ ਇਸ ਗੱਲ 'ਤੇ ਜ਼ੋਰ ਦਿਤਾ ਹੈ ਕਿ ਹੁਣ ਉਹ ਖ਼ਾਲਿਸਤਾਨ ਦਾ ਸਮਰਥਨ ਨਹੀਂ ਕਰਦਾ ਹੈ। ਅਟਵਾਲ ਨੂੰ ਲੈ ਕਿ ਪਿਛਲੇ ਮਹੀਨੇ ਉਸ ਸਮੇਂ ਵਿਵਾਦ ਪੈਦਾ ਹੋਇਆ ਸੀ ਜਦ ਉਹ ਟਰੂਡੋ ਦੀ ਭਾਰਤੀ ਯਾਤਰਾ ਦੌਰਾਨ ਮੁੰਬਈ ਵਿਚ ਇਕ ਸਮਾਗਮ ਵਿਚ ਉਹ ਟਰੂਡੋ ਦੀ ਪਤਨੀ ਸੋਫ਼ੀ ਗ੍ਰੇਗੋਇਰੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇਕ ਤਸਵੀਰ ਵਿਚ ਨਜ਼ਰ ਆਇਆ ਸੀ। ਅਟਵਾਲ ਨੂੰ ਟਰੂਡੋ ਦੀ ਯਾਤਰਾ ਦੌਰਾਨ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਵਿਚ ਰਾਤ ਦੇ ਖਾਣੇ 'ਤੇ ਸੱਦਿਆ ਗਿਆ ਸੀ ਪਰ ਬਾਅਦ ਵਿਚ ਇਹ ਸੱਦਾ ਵਾਪਸ ਲੈ ਲਿਆ ਗਿਆ ਸੀ।
62 ਸਾਲਾ ਅਟਵਾਲ ਇਕ ਸਿੱਖ ਵੱਖਵਾਦੀ ਸੀ ਜੋ ਪਾਬੰਦਤ ਸਿੱਖ ਯੂਥ ਫ਼ੈਰਡਰੇਸ਼ਨ ਵਿਚ ਸਰਗਰਮ ਸੀ। ਉਸ ਨੂੰ 1986 ਵਿਚ ਵੈਨਕੂਵਰ ਵਿਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦੇ ਕਤਲ ਦੀ ਕੋਸ਼ਿਸ਼ ਹੇਠ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 20 ਸਾਲ ਜੇਲ ਦੀ ਸਜ਼ਾ ਹੋਈ ਸੀ। ਉਸ ਨੂੰ 1990 ਦਹਾਕੇ ਦੇ ਸ਼ੁਰੂ ਵਿਚ ਪੈਰੋਲ 'ਤੇ ਰਿਹਾਅ ਕੀਤਾ ਗਿਆ। ਕਈ ਦਿਨਾਂ ਦੀ ਚੁੱਪੀ ਤੋਂ ਬਾਅਦ ਅਟਵਾਲ ਨੇ ਕਲ ਵੈਨਕੂਵਰ ਵਿਚ ਅਪਣੇ ਵਕੀਲ ਦੇ ਦਫ਼ਤਰ ਵਿਚ ਅਪਣੀ ਸਥਿਤੀ ਸਪੱਸ਼ਟ ਕੀਤੀ। ਅਟਵਾਲ ਨੇ ਕਿਹਾ ਕਿ ਉਸ ਦੇ ਇਕ ਸਮਾਗਮ ਵਿਚ ਹਿੱਸਾ ਲੈਣ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਉਸ ਨੂੰ ਹੈਰਾਨੀ ਹੋਈ ਸੀ। ਅਟਵਾਲ ਨੇ ਕਿਹਾ, 'ਮੈਂ ਇਹ ਮੰਨਿਆ ਸੀ ਕਿ ਕੋਈ ਸਮੱਸਿਆ ਨਹੀਂ ਹੋਵੇਗੀ। ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਕੋਈ ਮੁੱਦਾ ਪੈਦਾ ਹੋ ਜਾਵੇਗਾ।' ਸਟਾਰ ਡਾਟ ਕਾਮ ਨੇ ਅਟਵਾਲ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਕੈਨੇਡਾ, ਭਾਰਤ, ਉਨ੍ਹਾਂ ਦੇ ਪਰਵਾਰ ਅਤੇ ਦੋਸਤਾਂ ਨੂੰ ਜਿਹੜੀ ਸ਼ਰਮਿੰਦਗੀ ਹੋਈ ਹੈ, ਉਹ ਲਈ ਉਨ੍ਹਾਂ ਨੂੰ ਅਫ਼ਸੋਸ ਹੈ।
(ਪੀ.ਟੀ.ਆਈ.)